Punjab

ਖਰੜ ’ਚ ਪੁਲਿਸ ਤੇ ਲੁਟੇਰਿਆਂ ਦਰਮਿਆਨ ਮੁਕਾਬਲਾ, 2 ਕਾਬੂ

ਮੁਹਾਲੀ : ਐਂਟੀ ਗੈਂਗਸਟਰ ਟਾਸਕ ਫੋਰਸ (AGTF) ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੀ ਦੇਰ ਰਾਤ ਖਰੜ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ 40 ਲੱਖ ਰੁਪਏ ਦੀ ਲੁੱਟ ਕਰ ਕੇ ਭੱਜੇ ਲੁਟੇਰਿਆਂ ਦਰਮਿਆਨ ਗਹਿਗੱਚ ਮੁਕਾਬਲਾ ਹੋਇਆ, ਜਿਸ ਵਿਚ ਦੋ ਲੁਟੇਰੇ ਕਾਬੂ ਕੀਤੇ ਗਏ। ਟਾਸਕ ਫੋਰਸ ਦੀ ਅਗਵਾਈ ਐਸ ਪੀ ਵਰਿੰਦਰ ਸਿੰਘ ਬਰਾੜ ਨੇ ਕੀਤੀ।

ਨਾਕੇਬੰਦੀ ਦੌਰਾਨ ਪੁਲਿਸ ਵੱਲੋਂ ਇਕ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਗੱਡੀ ‘ਚ ਬੈਠੇ ਲੋਕਾਂ ਨੇ ਗੱਡੀ ਨਹੀਂ ਰੋਕੀ। ਗੈਂਗਸਟਰ ਆਈ-20 ਕਾਰ ਵਿਚ ਸਵਾਰ ਹੋ ਕੇ ਭੱਜ ਰਹੇ ਸਨ, ਜਿਹਨਾਂ ਦਾ ਪੁਲਿਸ ਨੇ ਪਿੱਛਾ ਕਰਨਾ ਸ਼ੁਰੂ ਦਿੱਤਾ। ਪੁਲਿਸ ਨੂੰ ਵੇਖ ਕੇ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਗੋਲੀਬਾਰੀ ਵਿਚ ਦੋਵੇਂ ਲੁਟੇਰੇ ਫੱਟੜ ਹੋ ਗਏ। ਹੁਣ ਉਹਨਾਂ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਕਰਵਾਇਆ ਜਾ ਰਿਹਾ ਹੈ।

ਦਰਅਸਲ 29 ਮਈ ਨੂੰ ਫਤਿਹਗੜ੍ਹ ਸਾਹਿਬ ਤੋਂ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ 40 ਲੱਖ ਰੁਪਏ ਲੁੱਟੇ ਗਏ ਸਨ, ਜਿਸ ਤੋਂ ਬਾਅਦ ਅੱਜ ਇਸ ਮਾਮਲੇ ‘ਚ ਪੁਲਸ ਨੇ ਕਾਰਵਾਈ ਕਰਦੇ ਹੋਏ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਥੇ ਹੀ ਮੁਕਾਬਲੇ ‘ਚ ਜ਼ਖਮੀ ਹੋਏ ਮੁਲਜ਼ਮਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ‘ਚ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।