‘ਦ ਖ਼ਾਲਸ ਬਿਊਰੋ:- ਕੈਨੇਡਾ ‘ਚ ਸੜਕ ਹਾਸਦੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੇ ਮਾਰੇ ਜਾਣ ਦੀ ਦੁੱਖਦਾਈ ਖ਼ਬਰ ਆ ਰਹੀ ਹੈ। ਇਹਨਾਂ ਨੌਜਵਾਨਾਂ ਵਿੱਚੋਂ ਇੱਕ ਪੰਜਾਬ ਦੇ ਮਾਛੀਵਾੜਾ ਅਤੇ ਦੂਸਰਾ ਮੋਹਾਲੀ ਦਾ ਰਹਿਣ ਵਾਲਾ ਸੀ। ਇਹ ਨੌਜਵਾਨ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿੱਚ ਰਹਿੰਦੇ ਸਨ। ਮ੍ਰਿਤਕ ਨੌਜਵਾਨ ਗਿਆਨ ਸਿੰਘ ਦੀ ਉਮਰ ਸਿਰਫ 21 ਸਾਲ ਸੀ। ਗਿਆਨ ਸਿੰਘ ਨਾਲ ਉਸਦਾ ਇੱਕ ਦੋਸਤ ਵੀ ਸੀ, ਜੋ ਕਿ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਸੀ।

ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਟਰੱਸਟੀ ਗੁਰਭਗਤ ਸਿੰਘ ਨਾਮਧਾਰੀ ਦਾ ਲੜਕਾ ਗਿਆਨ ਸਿੰਘ ਕੈਨੇਡਾ ਵਿਖੇ ਮਕੈਨੀਕਲ ਇੰਜਨੀਅਰ ਦੀ ਪੜ੍ਹਾਈ ਕਰਦਾ ਸੀ ਅਤੇ ਵੈਨਕੂਵਰ ਵਿਖੇ ਰਹਿੰਦਾ ਸੀ। ਉਹ ਬੀਤੇ ਦਿਨੀਂ ਆਪਣੇ ਦੋਸਤ ਨਾਲ ਕਾਰ ’ਤੇ ਸਵਾਰ ਹੋ ਕੇ ਘੁੰਮਣ ਲਈ ਗਿਆ ਅਤੇ ਜਦੋਂ ਉਹ ਵਾਪਸ ਪਰਤ ਰਹੇ ਸਨ ਤਾਂ ਉਨ੍ਹਾਂ ਦੀ ਕਾਰ ਟਰੱਕ ਨਾਲ ਟਕਰਾ ਗਈ, ਜਿਸ ਵਿੱਚ ਗਿਆਨ ਸਿੰਘ ਅਤੇ ਉਸ ਦੇ ਦੋਸਤ ਦੀ ਮੌਤ ਹੋ ਗਈ। ਕੈਨੇਡਾ ਪੁਲੀਸ ਵਲੋਂ ਹਾਦਸੇ ਤੋਂ ਬਾਅਦ ਲਾਸ਼ਾਂ ਤੋਂ ਮਿਲੇ ਪਹਿਚਾਣ ਪੱਤਰ ਦੇ ਅਧਾਰ ’ਤੇ ਉਥੇ ਰਹਿੰਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ ਜਾਣਕਾਰੀ ਦਿੱਤੀ ਗਈ।