Punjab

ਪਹਿਲਾਂ ਪਤੀ ਦਾ ਕੀਤਾ ਕਤਲ! ਫਿਰ ਲਾਸ਼ ਸਣੇ ਪੰਜਾਬ ਪੁਲਿਸ ਨੇ ਫੜਿਆ

ਬਿਉਰੋ ਰਿਪੋਰਟ – ਹੁਸ਼ਿਆਰਪੁਰ ਦੇ ਦਸੂਹਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਕੋਲੀਆਂ ਵਿੱਚ ਇੱਕ ਪਤਨੀ ਨੇ ਹੀ ਆਪਣੇ ਪਤੀ ਬੂਟੀ ਰਾਮ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਫਿਰ ਉਹ ਚੁੱਪ-ਚੁਪੀਤੇ ਉਸ ਦਾ ਸਸਕਾਰ ਕਰਨ ਵਾਲੀ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਸਕਾਰ ਰੁਕਵਾਇਆ ਤੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ।

ਦਰਅਸਲ ਪੁਲਿਸ ਨੂੰ ਇਹ ਇਤਲਾਹ ਦਿੱਤੀ ਗਈ ਸੀ ਕਿ ਪਿੰਡ ਕੋਲੀਆਂ ਵਿੱਚ ਇੱਕ ਵਿਅਕਤੀ ਬੂਟੀ ਰਾਮ ਦਾ ਕਤਲ ਕਰਨ ਤੋਂ ਬਾਅਦ ਉਸ ਦਾ ਸਸਕਾਰ ਕੀਤਾ ਜਾ ਰਿਹਾ ਹੈ। ਜਦ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ DSP ਦਸੂਹਾ ਜਗਦੀਸ਼ ਰਾਜ ਅੱਤਰੀ ਤੇ SHO ਦਸੂਹਾ ਹਰਪ੍ਰੇਮ ਸਿੰਘ, ਚੌਂਕੀ ਇੰਚਾਰਜ ਸੰਸਾਰਪੁਰ ASI ਬਲਵੰਤ ਸਿੰਘ ਸਮੇਤ ਤੁਰੰਤ ਪੁਲਿਸ ਪਾਰਟੀ ਨੂੰ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ।

DSP ਦਸੂਹਾ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਮੌਕੇ ’ਤੇ ਪੁਲਿਸ ਨੇ ਪਹੁੰਚ ਕੇ ਮ੍ਰਿਤਕ ਬੂਟੀ ਰਾਮ ਦੇ ਅੰਤਿਮ ਸਸਕਾਰ ਨੂੰ ਰੁਕਵਾ ਕੇ ਉਸ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਮੌਕੇ ’ਤੇ ਰਿਸ਼ਤੇਦਾਰਾਂ ਤੇ ਹੋਰ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਉਸ ਦਾ ਜ਼ਬਰਦਸਤੀ ਸਸਕਾਰ ਕਰਨਾ ਚਾਹੁੰਦੀ ਸੀ।

DSP ਜਗਦੀਸ਼ ਰਾਜ ਅੱਤਰੀ ਮੁਤਾਬਿਕ ਮ੍ਰਿਤਕ ਦਾ ਕਤਲ ਕਰਨ ਦੇ ਬਾਅਦ ਉਸ ਦੀ ਲਾਸ਼ ਤੇ ਖ਼ੂਨ ਨੂੰ ਬਰਾਂਡੇ ਵਿੱਚ ਸਾਫ਼ ਕੀਤਾ ਗਿਆ ਸੀ ਤਾਂ ਜੋ ਉਸ ਦੇ ਕਤਲ ਸਬੰਧੀ ਕਿਸੇ ਨੂੰ ਸ਼ੱਕ ਨਾ ਹੋਵੇ। DSP ਜਗਦੀਸ਼ ਰਾਜ ਅੱਤਰੀ ਨੇ ਕਿਹਾ ਕਿ ਪੁਲਿਸ ਇਸ ਕਤਲ ਕੇਸ ਦੀ ਬਾਰੀਕੀ ਨਾਲ ਤਫ਼ਤੀਸ਼ ਕਰ ਰਹੀ ਹੈ ਤੇ ਜਲਦੀ ਹੀ ਇਸ ਕੇਸ ਨੂੰ ਹੱਲ ਕਰ ਲਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਬੂਟੀ ਰਾਮ ਦੀ ਲਾਸ਼ ਨੂੰ ਸਿਵਲ ਹਸਪਤਾਲ ਦਸੂਹਾ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਨੇ ਮ੍ਰਿਤਕ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ – ਸੁਖਬੀਰ ਬਾਦਲ ਦੇ ‘ਸੁਖ ਵਿਲਾਸ’ ਦਾ ਬਣਾਇਆ ਜਾਵੇਗਾ ਸਰਕਾਰੀ ਸਕੂਲ! ‘ਦੁਨੀਆ ਦਾ ਪਹਿਲਾ ਸਕੂਲ, ਜਿਦ੍ਹੇ ਹਰ ਕਮਰੇ ਪਿੱਛੇ ਪੂਲ’