International

ਯੂਕੇ ‘ਚ ਅੰਮ੍ਰਿਤਧਾਰੀ ਔਰਤ ਨੂੰ ਕਿਰਪਾਨ ਲਿਜਾਣ ਤੋਂ ਰੋਕਿਆ, ਮਾਮਲੇ ਨੇ ਫੜਿਆ ਤੂਲ

ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਦੀ ਇੱਕ ਤਾਜ਼ਾ ਮਿਸਾਲ ਸਾਹਮਣੇ ਆਈ ਹੈ। ਯੂਕੇ (UK) ਦੀ ਇੱਕ ਅੰਮ੍ਰਿਤਧਾਰੀ ਔਰਤ ਕੇਰਨ ਕੌਰ ਨੂੰ ਟਰੇਨ ਵਿੱਚ ਸਫਰ ਤੋਂ ਪਹਿਲਾਂ ਕਿਰਪਾਨ ਉਤਾਰਨ ਲਈ ਕਿਹਾ ਗਿਆ। ਉਸ ਨੂੰ ਆਪਣੀ ਕਿਰਪਾਨ ਉਤਾਰ ਕੇ ਟਰੇ ਵਿੱਚ ਰੱਖਣ ਨੂੰ ਕਿਹਾ ਗਿਆ। ਕੇਰਨ ਕੌਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਪੈਰਿਸ ਤੋਂ ਬੈਡਫੋਰਡਸ਼ਾਇਰ ਜਾ ਰਹੀ ਸੀ ਤਾਂ ਯੂਰੋਸਟਾਰ ਰੇਲਵੇ ਕੰਪਨੀ ਦੇ ਸਟਾਫ਼ ਨੇ ਉਸ ਨੂੰ ਆਪਣੀ ਕਿਰਪਾਨ ਉਤਾਰਨ ਲਈ ਕਿਹਾ। ਕੇਰਨ ਨੇ ਕਿਹਾ ਕਿ ਇਹ ਇੱਕ ਤਰ੍ਹਾਂ ਦਾ ਹਮਲਾਵਰ ਸਲੂਕ ਸੀ, ਜਿਸ ਤੋਂ ਬਾਅਦ ਕੰਪਨੀ ਦੇ ਮੈਨੇਜ਼ਰ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਇਸ ਸਾਰੀ ਘਟਨਾ ਤੋਂ ਬਾਅਦ ਆਪਣੀ ਕਿਰਪਾਨ ਉਤਾਰ ਲਈ। ਕੇਰਨ ਨੇ ਕਿਹਾ ਕਿ ਸਾਡੇ ਨਾਲ ਸਹੀ ਸਲੂਕ ਨਹੀਂ ਕੀਤਾ ਗਿਆ, ਜਿਸ ਕਾਰਨ ਮੇਰਾ ਪੁੱਤਰ ਡਰ ਕੇ ਰੋਣ ਲੱਗ ਪਿਆ।

ਕੇਰਨ ਕੌਰ ਨੇ ਕਿਹਾ ਕਿ ਉਸ ਨੇ ਸਫਰ ਤੋਂ ਪਹਿਲਾਂ ਟ੍ਰੇਨ ਆਪਰੇਟਰ ਦੀ ਵੈੱਬਸਾਈਟ ਤੋਂ ਇਸ ਦੀ ਜਾਂਚ ਕੀਤੀ ਸੀ, ਜਿਸ ਉੱਪਰ ਕਿਰਪਾਨ ‘ਤੇ ਕਿਸੇ ਵੀ ਤਰ੍ਹਾਂ ਦੀ ਰੋਕ ਦਾ ਜ਼ਿਕਰ ਨਹੀਂ ਸੀ। ਕੇਰਨ ਵੱਲੋਂ ਪਹਿਲਾਂ ਵੀ ਕਈ ਵਾਰੀ ਰੇਲ੍ਹ ਦੀ ਯਾਤਰਾ ਕੀਤੀ ਜਾ ਚੁੱਕੀ ਹੈ ਪਰ ਪਹਿਲਾਂ ਕਦੀ ਵੀ ਉਸ ਨੂੰ ਰੋਕਿਆ ਨਹੀਂ ਗਿਆ।

ਉਸ ਨੇ ਦੱਸਿਆ ਕਿ ਮੈਨੇਜਰ ਵੱਲੋਂ ਕਿਹਾ ਕਿ ਜੇਕਰ ਡਰਾਈਵਰ ਨੂੰ ਕਿਰਪਾਨ ਨਾਲ ਕੋਈ ਦਿੱਕਤ ਨਹੀਂ ਹੈ ਤਾਂ ਤੁਸੀਂ ਸਫਰ ਕਰ ਸਕਦੇ ਹੋ, ਜਿਸ ਤੋਂ ਬਾਅਦ ਸਾਨੂੰ ਰੇਲ੍ਹ ਵਿੱਚ ਬੈਠਣ ਦੀ ਆਗਿਆ ਦੇ ਦਿੱਤੀ ਗਈ ਪਰ ਸਾਡੀਆਂ ਸੀਟਾਂ ਨੂੰ ਪਹਿਲੀ ਸ਼੍ਰੇਣੀ ਵਿਚ ਬਦਲ ਦਿਤਾ ਗਿਆ।

ਇਸ ਸਾਰੀ ਘਟਨਾ ਤੋਂ ਬਾਅਦ ਮਾਮਲਾ ਤੂਲ ਫੜਦਾ ਦੇਖ ਯੂਰੋਸਟਾਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਮੁਆਫੀ ਮੰਗਦਿਆਂ ਕਿਹਾ ਕਿ ਰੇਲ੍ਹ ਯਾਤਰਾ ਦੌਰਾਨ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਉਹ ਫਿਰ ਵੀ ਮੁਆਫੀ ਮੰਗਦੇ ਹਨ।

ਯੂਰੋਸਟਾਰ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਦੁੱਖ ਹੈ ਕਿ ਸਾਡੇ ਵੱਲੋਂ ਸਹੀ ਤਰੀਕੇ ਨਾਲ ਨਹੀਂ ਸਮਝਾਇਆ ਗਿਆ ਅਤੇ ਆਨਲਾਈਨ ਪੁੱਛਗਿੱਛ ਦੁਆਰਾ ਸਹੀ ਜਾਣਕਾਰੀ ਨਹੀਂ ਦਿਤੀ ਗਈ ਸੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਵਿੱਚ ਸਾਡੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ, ਉੱਥੇ ਸੰਯੁਕਤ ਸੁਰੱਖਿਆ ਕਮੇਟੀ ਵਲੋਂ ਬਣਾਏ ਸੁਰੱਖਿਆ ਨਿਯਮਾਂ ਦੇ ਤਹਿਤ ਲੋਕਾਂ ਨੂੰ ਕਿਰਪਾਨ ਲੈ ਕੇ ਜਾਣ ਦੀ ਮਨਜੂਰੀ ਨਹੀਂ ਹੈ।

ਇਹ ਵੀ ਪੜ੍ਹੋ – ਪ੍ਰਧਾਨ ਮੰਤਰੀ ਨੇ ਚੰਨੀ ‘ਤੇ ਕੀਤਾ ਪਲਟਵਾਰ, ਚੰਨੀ ਨੇ ਪੁੰਛ ਹਮਲੇ ਨੂੰ ਦੱਸਿਆ ਸੀ ਭਾਜਪਾ ਦਾ ਸਟੰਟ