ਚੰਡੀਗੜ੍ਹ : ਜੁਲਾਈ ਵਿੱਚ ਮੌਨਸੂਨ ਨਾਲ ਮੀਂਹ ਹੋਣਾ ਆਮ ਗੱਲ ਹੈ ਪਰ ਇਸ ਵਾਰ ਮੀਂਹ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇੰਨਾ ਹੀ ਨਹੀਂ ਭਾਰੀ ਮੀਂਹ ਨਾਲ ਉੱਤਰ ਭਾਰਤ ਵਿੱਚ ਜਾਨੀ-ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਸਵਾਲ ਇਹ ਹੈ ਕਿ ਮੌਨਸੂਨ ਤਾਂ ਹਰ ਸਾਲ ਆਉਂਦਾ ਹੈ ਪਰ ਇਸ ਵਾਰ ਐਨੀ ਭਾਰੀ ਬਾਰਸ਼ ਕਿਉਂ ਹੋ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਇਸ ਸਵਾਲ ਦਾ ਜਵਾਬ ਦਿੱਤਾ ਹੈ।
ਭਾਰਤ ਮੌਸਮ ਵਿਭਾਗ (IMD) ਮੁਤਾਬਕ ਇੱਕ ਪੱਛਮੀ ਗੜਬੜੀ ਅਤੇ ਮਾਨਸੂਨ ਹਵਾਵਾਂ ਕਾਰਨ ਉੱਤਰ ਪੱਛਮੀ ਭਾਰਤ ਵਿੱਚ ਲਗਾਤਾਰ ਬਾਰੀ ਮੀਂਹ ਅਤੇ ਦਿੱਲੀ ਵਿੱਚ ਸੀਜ਼ਨ ਦੀ ਪਹਿਲੀ ਭਾਰੀ ਬਾਰਸ਼ ਹੋਈ। ਵਿਭਾਗ ਮੁਤਾਬਕ ਦੱਖਣੀ-ਪੱਛਮੀ ਮੌਨਸੂਨ ਵੱਲੋਂ ਜੁਲਾਈ ਮਹੀਨੇ ਦੌਰਾਨ ਦੇਸ਼ ਵਿੱਚ ਭਾਰੀ ਬਾਰਸ਼ ਲਿਆਉਣਾ ਆਮ ਗੱਲ ਹੈ, ਪਰ ਇਸ ਵਾਰ ਇੱਕ ਤੀਬਰ ਪੱਛਮੀ ਗੜਬੜੀ ਨੇ ਬਾਰਸ਼ ਦੀ ਗਤੀਵਿਧੀ ਨੂੰ ਹੋਰ ਮਜ਼ਬੂਤ ਅਤੇ ਤੇਜ਼ ਕਰ ਦਿੱਤਾ ਹੈ। ਇਹ ਭੂਮੱਧ ਸਾਗਰ ਖੇਤਰ ਤੋਂ ਪੈਦਾ ਹੋਣ ਵਾਲੀਆਂ ਮੀਂਹ ਪ੍ਰਣਾਲੀਆਂ ਹਨ, ਜੋ ਪੱਛਮੀ ਹਿਮਾਲਿਆ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਮੀਂਹ ਦਾ ਕਾਰਨ ਬਣਦੀਆਂ ਹਨ।
ਮੀਂਹ ਨੇ ਤੋੜੇ ਰਿਕਾਰਡ
ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਕੁਝ ਹਿੱਸਿਆਂ ‘ਚ ਐਤਵਾਰ ਨੂੰ ਭਾਰੀ ਬਾਰਸ਼ ਜਾਰੀ ਰਹਿਣ ਕਾਰਨ ਰੈੱਡ ਅਲਰਟ ‘ਤੇ ਰਿਹਾ। ਚੰਡੀਗੜ੍ਹ ਵਿੱਚ ਸ਼ਨੀਵਾਰ ਨੂੰ 302 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਅੰਬਾਲਾ (ਹਰਿਆਣਾ) ਵਿੱਚ 220 ਮਿਲੀਮੀਟਰ, ਊਨਾ (ਹਿਮਾਚਲ ਪ੍ਰਦੇਸ਼) ਵਿੱਚ 160 ਮਿਲੀਮੀਟਰ ਅਤੇ ਧਰਮਸ਼ਾਲਾ, ਮਨਾਲੀ (ਐਚਪੀ) ਅਤੇ ਭਦਰਵਾਹ (ਜੰਮੂ ਅਤੇ ਕਸ਼ਮੀਰ) ਵਿੱਚ 120 ਮਿਲੀਮੀਟਰ ਤੋਂ ਵੱਧ ਮੀਂਹ ਪਿਆ।
ਦਿੱਲੀ ਦੀ ਸਫਦਰਜੰਗ ਵੇਦਸ਼ਾਲਾ ਨੇ 153 ਮਿਲੀਮੀਟਰ ਮੀਂਹ ਰਿਕਾਰਡ ਕੀਤਾ, ਇਹ 1958 ਤੋਂ ਬਾਅਦ ਤੀਜਾ ਸਭ ਤੋਂ ਵੱਧ ਮੀਂਹ ਹੈ, ਉਸ ਦਿਨ 20 ਜੁਲਾਈ ਨੂੰ ਇੱਕ ਦਿਨ ਵਿੱਚ 266 ਮਿਲੀਮੀਟਰ ਅਤੇ 25 ਜੁਲਾਈ 1982 ਨੂੰ ਸਿਰਫ 24 ਘੰਟਿਆਂ ਵਿੱਚ 169.9 ਮਿਲੀਮੀਟਰ ਰਿਕਾਰਡ ਕੀਤਾ ਗਿਆ ਸੀ।
ਚੰਡੀਗੜ੍ਹ ਨੇ ਐਤਵਾਰ ਨੂੰ 70 ਸਾਲਾਂ ਵਿੱਚ ਸਭ ਤੋਂ ਵੱਧ ਮੀਂਹ ਪੈਣ ਦਾ ਰਿਕਾਰਡ ਬਣਿਆ। ਸ਼ਹਿਰ ਵਿੱਚ ਸ਼ਨੀਵਾਰ ਸਵੇਰੇ 8:30 ਵਜੇ ਤੋਂ ਐਤਵਾਰ ਸਵੇਰੇ 8:30 ਵਜੇ ਤੱਕ ਰਿਕਾਰਡ 325.5 ਮਿਲੀਮੀਟਰ ਮੀਂਹ ਪਿਆ। ਇਸ ਨੇ ਜੁਲਾਈ ਵਿੱਚ 24 ਘੰਟਿਆਂ ਵਿੱਚ ਸਭ ਤੋਂ ਵੱਧ ਬਾਰਸ਼ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ ਮੀਂਹ ਵਾਲਾ ਦਿਨ 1953 ਵਿੱਚ ਰਿਕਾਰਡ ਕੀਤਾ ਗਿਆ ਸੀ।
ਹੁਣ ਇਨ੍ਹਾਂ ਰਾਜਾਂ ਵਿੱਚ ਵੀ ਭਾਰੀ ਬਾਰਸ਼ ਦਾ ਅਲਰਟ
ਭਾਰਤੀ ਮੌਸਮ ਵਿਭਾਗ( ਆਈ ਐੱਮ ਡੀ) ਮੁਤਾਬਕ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਝਾਰਖੰਡ ਦੇ ਕੁਝ ਹਿੱਸਿਆਂ ਵਿੱਚ ਅਗਲੇ ਦਿਨਾਂ ਵਿੱਚ ਘੱਟੋ-ਘੱਟ 13 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਅਗਲੇ ਪੰਜ ਦਿਨਾਂ ਦੌਰਾਨ ਬਾਰਸ਼ ਦੀ ਤੀਬਰਤਾ ਖ਼ਾਸ ਤੌਰ ‘ਤੇ ਸਿੱਕਮ, ਅਸਾਮ ਅਤੇ ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ ਵਿੱਚ ਵਧੇਰੇ ਰਹੇਗੀ। ਆਈ ਐੱਮ ਡੀ ਨੇ ਪਹਿਲਾਂ ਹੀ ਇਨ੍ਹਾਂ ਰਾਜਾਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ।