India Khetibadi Punjab

Monsoon Forecast 2023: ਕਿੰਝ ਰਹੇਗਾ ਇਸ ਸਾਲ ਦਾ ਮੌਸਮ? ਪੇਸ਼ੀਨਗੋਈ ‘ਚ ਜਾਣੋ

Monsoon Forecast 2023, Rainfall Prediction, El Nino, IMD Weather, ਮੌਸਮ ਦੀ ਜਾਣਕਾਰੀ, ਮੌਸਮ ਵਿਭਾਗ, ਮੀਂਹ ਦੀ ਪੇਸ਼ੀਨਗੋਈ, ਮੌਸਮ ਵਿਭਾਗ

ਨਵੀਂ ਦਿੱਲੀ : ਮੌਸਮ ਪੱਖੋਂ ਇਸ ਸਾਲ ਦੇਸ਼ ਲਈ ਰਾਹਤ ਦੀ ਖ਼ਬਰ ਆਈ ਹੈ। ਪੰਜਾਬ, ਹਰਿਆਣਾ ਸਣੇ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਵੀ ਮੌਨਸੂਨ ਸੀਜ਼ਨ ਦੌਰਾਨ ਮੀਂਹ(Rainfall Prediction) ਆਮ ਵਾਂਗ ਪਵੇਗਾ। ਇਹ ਮੀਂਹ ਕਿਸਾਨਾਂ ਦੀਆਂ ਫਸਲਾਂ ਲਈ ਸਹਾਈ ਰਹੇਗਾ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਆਈਐੱਮਡੀ(IMD)ਅਧਿਕਾਰੀਆਂ ਨੇ ਕਿਹਾ ਕਿ ‘ਅਲ ਨੀਨੋ’ ਦੀ ਸਥਿਤੀ ਬਣਨ ਦੇ ਬਾਵਜੂਦ ਭਾਰਤ ਵਿੱਚ ਦੱਖਣ-ਪੱਛਮੀ ਮੌਨਸੂਨ ਦੌਰਾਨ ਆਮ ਵਾਂਗ ਮੀਂਹ ਪੈਣ ਦੀ ਉਮੀਦ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਵਿੱਚ 96 ਫ਼ੀਸਦ ਮੀਂਹ ਪੈਣ ਦੀ ਉਮੀਦ ਹੈ। ਇਹ ਮੀਂਹ ਜੂਨ ਤੋਂ ਸਤੰਬਰ ਮਹੀਨੇ ਤੱਕ ਪਵੇਗਾ, ਜੋ ਕਿ ਖੇਤੀ ਖੇਤਰ ਲਈ ਵੀ ਲਾਹੇਵੰਦ ਸਾਬਤ ਹੋਵੇਗਾ। ਭਰਵੇਂ ਮੀਂਹ ਪੈਣ ਕਰਕੇ ਧਰਤੀ ਹੇਠਲੇ ਪਾਣੀ ਦੀ ਭਰਪਾਈ ਹੋ ਸਕੇਗੀ ਅਤੇ ਬਿਜਲੀ ਉਤਪਾਦਨ ’ਚ ਵੀ ਕਾਫੀ ਲਾਭ ਮਿਲੇਗਾ।

ਜ਼ਿਕਰਯੋਗ ਹੈ ਕਿ ਦੇਸ਼ ’ਚ ਕੁਝ ਸਾਲਾਂ ਤੋਂ ਮੌਸਮ ਵਿੱਚ ਤਬਦੀਲੀਆਂ ਕਰਕੇ ਮੌਨਸੂਨ ਦੌਰਾਨ ਉਮੀਦ ਨਾਲੋਂ ਘੱਟ ਜਾਂ ਵੱਧ ਮੀਂਹ ਪੈ ਰਿਹਾ ਹੈ। ਪੰਜਾਬ ਤੇ ਹਰਿਆਣਾ ’ਚ ਕੁਝ ਸਾਲਾਂ ਤੋਂ ਮੌਨਸੂਨ ਦੌਰਾਨ ਲੋੜੀਂਦਾ ਮੀਂਹ ਨਾ ਪੈਣ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਂਹ ਨਾ ਪੈਣ ਕਰਕੇ ਹੀ ਕਿਸਾਨਾਂ ਨੂੰ ਕੁਦਰਤੀ ਪਾਣੀ ਦੀ ਥਾਂ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਹੋਣਾ ਪੈਂਦਾ ਹੈ।

ਦੇਸ਼ ਵਿੱਚ ਸਾਲ 2019 ਦੌਰਾਨ ਮੌਨਸੂਨ ਸੀਜ਼ਨ ’ਚ 971.8 ਐੱਮਐੱਮ, ਸਾਲ 2020 ’ਚ 961.4 ਐੱਮਐੱਮ, ਸਾਲ 2021 ’ਚ 874.5 ਐੱਮਐੱਮ ਅਤੇ ਸਾਲ 2022 ’ਚ 924.8 ਐੱਮਐੱਮ ਮੀਂਹ ਦਰਜ ਕੀਤਾ ਗਿਆ ਸੀ।

ਜੇਕਰ ਵਰਖਾ ਆਮ ਰਹਿੰਦੀ ਹੈ ਤਾਂ ਦੇਸ਼ ਵਿੱਚ ਅਨਾਜ ਦੀ ਪੈਦਾਵਾਰ ਵੀ ਆਮ ਵਾਂਗ ਰਹਿਣ ਦੀ ਉਮੀਦ ਹੈ। ਯਾਨੀ ਇਸ ਨਾਲ ਮਹਿੰਗਾਈ ਤੋਂ ਰਾਹਤ ਮਿਲ ਸਕਦੀ ਹੈ। ਦੇਸ਼ ਵਿੱਚ ਕਿਸਾਨ ਆਮ ਤੌਰ ‘ਤੇ 1 ਜੂਨ ਤੋਂ ਗਰਮੀਆਂ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਕਰ ਦਿੰਦੇ ਹਨ। ਇਹ ਉਹ ਸਮਾਂ ਹੈ ਜਦੋਂ ਮਾਨਸੂਨ ਦੀ ਬਾਰਸ਼ ਭਾਰਤ ਵਿੱਚ ਪਹੁੰਚਦੀ ਹੈ। ਫਸਲ ਦੀ ਬਿਜਾਈ ਅਗਸਤ ਦੇ ਸ਼ੁਰੂ ਤੱਕ ਜਾਰੀ ਰਹਿੰਦੀ ਹੈ।

ਆਮ ਮੀਂਹ ਕੀ ਹੈ?

ਭਾਰਤੀ ਮੌਸਮ ਵਿਭਾਗ ਯਾਨੀ IMD ਨੇ ਕਿਹਾ ਕਿ ਲੰਬੀ ਮਿਆਦ ਦੀ ਔਸਤ (LPA) ਦਾ 96% ਮੀਂਹ ਪੈ ਸਕਦਾ ਹੈ। ਜੇਕਰ ਬਾਰਸ਼ LPA ਦੇ 90-95% ਦੇ ਵਿਚਕਾਰ ਹੈ ਤਾਂ ਇਸਨੂੰ ਆਮ ਨਾਲੋਂ ਘੱਟ ਕਿਹਾ ਜਾਂਦਾ ਹੈ। ਜੇਕਰ LPA 96%-104% ਹੈ ਤਾਂ ਇਸਨੂੰ ਆਮ ਵਰਖਾ ਕਿਹਾ ਜਾਂਦਾ ਹੈ। ਜੇਕਰ LPA 104% ਅਤੇ 110% ਦੇ ਵਿਚਕਾਰ ਹੈ, ਤਾਂ ਇਸਨੂੰ ਆਮ ਵਰਖਾ ਤੋਂ ਵੱਧ ਕਿਹਾ ਜਾਂਦਾ ਹੈ। 110% ਤੋਂ ਵੱਧ ਨੂੰ ਵਾਧੂ ਵਰਖਾ ਅਤੇ 90% ਤੋਂ ਘੱਟ ਨੂੰ ਸੋਕਾ ਕਿਹਾ ਜਾਂਦਾ ਹੈ।

ਮੌਨਸੂਨ ਦਾ ਅਗਲਾ ਅਪਡੇਟ ਮਈ ਦੇ ਅੰਤ ਵਿੱਚ ਆਵੇਗਾ

ਆਈਐਮਡੀ ਨੇ ਦੱਸਿਆ ਕਿ ਮੌਨਸੂਨ ਦਾ ਅਗਲਾ ਅਪਡੇਟ ਮਈ ਦੇ ਆਖਰੀ ਹਫ਼ਤੇ ਆਵੇਗਾ। ਦੂਜੇ ਪਾਸੇ ਅਲ-ਨੀਨੋ ਦੇ ਪ੍ਰਭਾਵ ‘ਤੇ ਕਿਹਾ ਕਿ ਇਸ ਸਾਲ ਮਾਨਸੂਨ ਸੀਜ਼ਨ ਦੇ ਦੂਜੇ ਅੱਧ ‘ਚ ਅਲ-ਨੀਨੋ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਅਲ-ਨੀਨੋ ਦੀ ਸਥਿਤੀ ਜ਼ਰੂਰ ਬਣੇਗੀ, ਪਰ ਇਹ ਬਹੁਤ ਮਜ਼ਬੂਤ ਨਹੀਂ, ਸਗੋਂ ਦਰਮਿਆਨੀ ਹੋਵੇਗੀ। ਇਸ ਲਈ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਜਿਸ ਸਾਲ ਐਲ ਨੀਨੋ ਹੁੰਦਾ ਹੈ, ਜ਼ਰੂਰੀ ਨਹੀਂ ਕਿ ਉਸ ਸਾਲ ਮਾਨਸੂਨ ਖਰਾਬ ਹੋਵੇ। ਪਿਛਲੇ ਅਲ ਨੀਨੋ ਸਾਲਾਂ ਦੇ 40% ਵਿੱਚ ਸਾਧਾਰਨ ਜਾਂ ਆਮ ਤੋਂ ਵੱਧ ਮੀਂਹ ਪਿਆ ਹੈ।

ਦੇਸ਼ ਵਿੱਚ ਸਾਲਾਨਾ  70% ਵਰਖਾ ਦੱਖਣ-ਪੱਛਮੀ ਮੌਨਸੂਨ ਦੇ ਜ਼ਰੀਏ ਹੁੰਦੀ ਹੈ । ਹੁਣ ਵੀ ਸਾਡੇ ਦੇਸ਼ ਵਿੱਚ 70% ਤੋਂ 80% ਕਿਸਾਨ ਸਿੰਚਾਈ ਲਈ ਬਰਸਾਤੀ ਪਾਣੀ ‘ਤੇ ਨਿਰਭਰ ਹਨ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਦਾ ਉਤਪਾਦਨ ਪੂਰੀ ਤਰ੍ਹਾਂ ਨਾਲ ਚੰਗੇ ਜਾਂ ਮਾੜੇ ਮਾਨਸੂਨ ‘ਤੇ ਨਿਰਭਰ ਕਰਦਾ ਹੈ। ਮੌਨਸੂਨ ਖਰਾਬ ਹੋਣ ‘ਤੇ ਮਹਿੰਗਾਈ ਵੀ ਵਧ ਜਾਂਦੀ ਹੈ।

ਭਾਰਤੀ ਅਰਥਵਿਵਸਥਾ ਵਿੱਚ ਖੇਤੀਬਾੜੀ ਖੇਤਰ ਦਾ ਹਿੱਸਾ 20% ਦੇ ਕਰੀਬ ਹੈ। ਇਸ ਦੇ ਨਾਲ ਹੀ, ਖੇਤੀਬਾੜੀ ਖੇਤਰ ਸਾਡੇ ਦੇਸ਼ ਦੀ ਅੱਧੀ ਆਬਾਦੀ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ। ਚੰਗੀ ਵਰਖਾ ਦਾ ਮਤਲਬ ਹੈ ਕਿ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਅੱਧੀ ਆਬਾਦੀ ਦੀ ਆਮਦਨ ਚੰਗੀ ਹੋ ਸਕਦੀ ਹੈ। ਜਿਸ ਕਾਰਨ ਉਨ੍ਹਾਂ ਦੀ ਖਰਚ ਕਰਨ ਦੀ ਸਮਰੱਥਾ ਵੀ ਵਧੇਗੀ।