India Punjab

ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਰਾਮ ਰਹੀਮ ਦੀ ਪੈਰੋਲ ਤੋਂ ਨਰਾਜ਼

Jathedar Shri Akal Takht Sahib Giani Harpreet Singh

ਚੰਡੀਗੜ੍ਹ :  ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਸੰਚਾਲਕ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ ਅਤੇ ਇਸ ਦੌਰਾਨ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਡੇਰੇ ‘ਚ ਰਹੇਗਾ। ਰਾਮ ਰਹੀਮ ਨੂੰ ਪੈਰੋਲ ਮਿਲਣ ਉਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ( Jathedar Shri Akal Takht Sahib Giani Harpreet Singh ) ਨੇ ਸਖਤ ਇਤਰਾਜ਼ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇੱਕ ਬਲਾਤਕਾਰੀ ਲਈ ਦੇਸ਼ ਦਾ ਕਾਨੂੰਨ ਵੱਖਰਾ  ਦਿੱਸ ਰਿਹਾ ਹੈ ਅਤੇ ਬੰਦੀ ਸਿੰਘ ਜਿੰਨਾਂ ਨੇ ਆਪਣੀ ਸਜਾਵਾਂ ਪੂਰੀਆਂ ਕਰ ਲਈਆਂ ਹਨ, ਉਹਨਾਂ ਲਈ ਕਾਨੂੰਨ ਕਿਉਂ ਵਖਰਾ ਨਜ਼ਰ ਆਉਂਦਾ ਹੈ।

ਜਥੇਦਾਰ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਾਥੀ ਦੇ ਦਿਖਾਉਣ ਵਾਲੇ ਦੰਦ ਹੋਰ ਹਨ ਅਤੇ ਕਾਣ ਵਾਲੇ ਹੋਰ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲ ਚ ਪੜਾਇਆ ਜਾਂਦਾ ਸੀ ਕਿ ਕਨੂੰਨ ਦੀ ਨਜ਼ਰ ਵਿਚ ਸਭ ਬਰਾਬਰ ਹਨ। ਪਰ ਨਹੀ, ਦੂਜਿਆਂ ਪ੍ਰਤੀ ਚਾਹੇ ਉਹ ਬਲਾਤਕਾਰੀ ਹੀ ਕਿਉਂ ਨਾ ਹੋਣ ਭਾਰਤੀ ਕਨੂੰਨ ਨਰਮ ਹੈ ਤੇ ਅਪਣੇ ਹੱਕਾਂ ਲਈ ਲੜਨ ਵਾਲੇ ਸਿੱਖ, ਜਿਹੜੇ ਅਪਣੀ ਕੈਦ ਦੀ ਮਿਆਦ ਵੀ ਪੂਰੀ ਕਰ ਚੁੱਕੇ ਹਨ ਉਨ੍ਹਾਂ ਲਈ ਬੇਹੱਦ ਸਖਤ।

ਦੱਸ ਦਈਏ ਕਿ ਅੱਜ ਡੇਰਾ ਮੁਖੀ ਪੈਰੋਲ ’ਤੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚੋਂ ਬਾਹਰ ਆ ਗਿਆ ਹੈ। ਉਸਨੁੰ ਭਾਰੀ ਸੁਰੱਖਿਆ ਹੇਠ ਉੱਤਰ ਪ੍ਰਦੇਸ਼ ਵਿਚ ਬਾਗਪਤ ਆਸ਼ਰਮ ਲਿਜਾਇਆ ਜਾ ਰਿਹਾ ਹੈ। ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਗੁਰਮੀਤ ਰਾਮ ਰਹੀਮ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 20 ਸਾਲ ਅਤੇ ਕ ਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਇਆ ਡੇਰਾ ਮੁਖੀ , ਇੱਕ ਸਾਲ ‘ਚ ਤੀਜੀ ਵਾਰ ਮਿਲੀ ਪੈਰੋਲ

ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਫਰਵਰੀ 2022 ਅਤੇ ਜੂਨ 2022 ਵਿੱਚ ਪੈਰੋਲ ਮਿਲੀ ਸੀ। ਹੁਣ ਤੱਕ ਰਾਮ ਰਹੀਮ ਨੂੰ 51 ਦਿਨਾਂ ਦੀ ਪੈਰੋਲ ਮਿਲ ਚੁੱਕੀ ਹੈ। ਪਹਿਲਾਂ ਉਹ ਗੁਰੂਗ੍ਰਾਮ ਦੇ ਡੇਰੇ ਵਿੱਚ ਰਹੇ ਸਨ। ਇਸ ਤੋਂ ਬਾਅਦ ਯੂਪੀ ਦੇ ਬਾਗਪਤ ਵਿੱਚ 30 ਦਿਨ ਰਹੇ। ਇਸ ਦੌਰਾਨ ਉਸ ਨੇ ਆਪਣੇ ਸਤਸੰਗਿ ਦੇ ਵੀਡੀਓ ਵੀ ਜਾਰੀ ਕੀਤੇ ਸੀ।

ਡੇਰਾ ਮੁਖੀ ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਸਮੇਂ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ। ਇਹ ਫਰਲੋ ਇਸ ਲਈ ਵੀ ਮਹੱਤਵਪੂਰਨ ਸੀ ਕਿਉਂਕਿ ਮਾਲਵੇ ਦੀਆਂ 35 ਤੋਂ ਵੱਧ ਸੀਟਾਂ ‘ਤੇ ਡੇਰਾ ਸੱਚਾ ਸੌਦਾ ਦਾ ਸਿੱਧਾ ਪ੍ਰਭਾਵ ਹੈ। ਵਿਰੋਧੀ ਪਾਰਟੀਆਂ ਨੇ ਵੀ ਇਸ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਸੀ।

ਜ਼ਿਕਰਯੋਗ ਹੈ ਕਿ ਰਾਮ ਰਹੀਮ ਨੂੰ 25 ਅਗਸਤ 2017 ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਸੀ। ਪੰਚਕੂਲਾ ‘ਚ ਹਿੰਸਾ ਤੋਂ ਬਾਅਦ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਵੀ ਸਜ਼ਾ ਸੁਣਾਈ ਗਈ ਸੀ।