India Punjab

ਕੇਂਦਰ ਸਰਕਾਰ ਨੇ ਬੰਦੀ ਸਿੰਘਾਂ ਬਾਰੇ ਜਾਣਕਾਰੀ ਹੋਣ ਤੋਂ ਝਾੜਿਆ ਪੱਲਾ,ਸ਼੍ਰੋਮਣੀ ਕਮੇਟੀ ‘ਤੇ ਲਾਇਆ ਵੱਡਾ ਇਲਜ਼ਾਮ

ਦਿੱਲੀ : ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ਨੇ ਬੰਦੀ ਸਿੰਘਾਂ ਬਾਰੇ ਜਾਣਕਾਰੀ ਹੋਣ ਤੋਂ ਪੱਲਾ ਝਾੜ ਲਿਆ ਹੈ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਵੱਡਾ ਐਲਾਨ ਕਰਦਿਆਂ ਦੱਸਿਆ ਹੈ ਕਿ ਮੋਦੀ ਸਰਕਾਰ ਨੇ ਬੰਦੀ ਸਿੰਘਾਂ ਦੀ ਰਿਹਾਈ ‘ਤੇ ਕਾਰਵਾਈ ਕੀਤੀ ਸੀ,ਜਿਸ ਦੇ ਚੱਲਦਿਆਂ 9 ਬੰਦੀ ਸਿੰਘਾਂ ਦੀ ਸ਼ਨਾਖਤ ਹੋਈ ਸੀ, ਜਿਹਨਾਂ ‘ਚੋਂ ਇੱਕ ਦੀ ਸਜ਼ਾ ਘੱਟ ਕਰਨ ਸਬੰਧੀ ਅਤੇ 8 ਬੰਦੀ ਸਿੰਘਾਂ ਦੀ ਰਿਹਾਈ ਦਾ ਨੋਟਿਫਿਕੇਸ਼ ਵੀ ਜਾਰੀ ਕੀਤਾ ਗਿਆ ਸੀ।

ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਹਨਾਂ ‘ਚੋਂ 6 ਬੰਦੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਬਾਕੀ ਰਹਿੰਦੇ 2 ਬੰਦੀਆਂ ‘ਤੇ ਦਿੱਲੀ ਤੇ ਕਰਨਾਟਕ ਦੀਆਂ ਅਦਾਲਤ ‘ਚ ਕੇਸ ਚੱਲ ਰਿਹਾ ਹੈ ਉਹਨਾਂ ਨੂੰ ਵੀ ਜਲਦ ਰਿਹਾਅ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨੇ ਸਾਰਾ ਮਾਮਲਾ ਸ਼੍ਰੋਮਣੀ ਕਮੇਟੀ ‘ਤੇ ਸੁੱਟਦਿਆਂ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਕੋਲ  ਹੋਰ ਬੰਦੀ ਸਿੰਘਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ,ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਸ਼੍ਰੋਮਣੀ ਕਮੇਟੀ ਨੇ ਵੀ ਕੋਈ ਅਜਿਹੀ ਸੂਚੀ ਉਹਨਾਂ ਨੂੰ ਨਹੀਂ ਦਿੱਤੀ ਹੈ। ਕੇਂਦਰ ਸਰਕਾਰ ਨੇ ਆਪਣੇ ਆਧਾਰ ‘ਤੇ 9 ਬੰਦੀ ਸਿੰਘਾਂ ਦੀ ਸ਼ਨਾਖਤ ਕਰਕੇ ਉਹਨਾਂ ਸਬੰਧੀ ਪਹਿਲਾਂ ਹੀ ਫੈਸਲਾ ਲੈ ਲਿਆ ਸੀ।

ਜ਼ਿਕਰਯੋਗ ਹੈ ਕਿ ਇੱਕ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਹਾਲੀ ਤੇ ਚੰਡੀਗੜ੍ਹ ਦੀ ਸਰਹੱਦ ‘ਤੇ ਪਿਛਲੇ ਡੇਢ ਮਹੀਨੇ  ਤੋਂ ਕੌਮੀ ਇਨਸਾਫ਼ ਮੋਰਚਾ ਲੱਗਿਆ ਹੋਇਆ ਹੈ। ਦੂਸਰੇ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਨੇ ਵੀ ਦਸਤਖਤ ਮੂਹਿਮ ਸ਼ੁਰੂ ਕੀਤੀ ਹੋਈ ਹੈ ਪਰ ਕੇਂਦਰ ਸਰਕਾਰ ਦੇ ਇਸ ਇਲਜ਼ਾਮ ਨੇ ਹੁਣ ਸ਼੍ਰੋਮਣੀ ਕਮੇਟੀ ‘ਤੇ ਸਵਾਲ ਖੜੇ ਕਰ ਦਿੱਤੇ ਹਨ ।