Punjab

ਕੇਂਦਰ ਨੇ ਦਿੱਤੀ ਖੁੱਲ੍ਹੇ ਗੁਦਾਮਾਂ ’ਚ ਕਣਕ ਭੰਡਾਰ ਕਰਨ ਲਈ ਹਰੀ ਝੰਡੀ,ਪਹਿਲਾਂ ਸੀ ਸਿੱਧੇ ਹੋਰ ਰਾਜਾਂ ਨੂੰ ਸਿੱਧੇ ਭੇਜਣ ਦੀ ਹਦਾਇਤ

ਚੰਡੀਗੜ੍ਹ : ਪੰਜਾਬ ਵਿੱਚ ਮੌਸਮੀ ਖਰਾਬੀਆਂ ਤੇ ਮੀਂਹ ਨਾਲ ਫਸਲਾਂ ਖਰਾਬ ਹੋਣ ਦੇ ਬਾਵਜੂਦ ਕਣਕ ਦੀ ਪੈਦਾਵਾਰ ਭਰਪੂਰ ਹੋਈ ਹੈ।ਜਿਸ ਦੇ ਚੱਲਦਿਆਂ ਕੇਂਦਰੀ ਖੁਰਾਕ ਮੰਤਰਾਲੇ ਨੇ ਪੰਜਾਬ ਨੂੰ ਖੁੱਲ੍ਹੇ ਗੁਦਾਮਾਂ ਵਿਚ ਕਣਕ ਭੰਡਾਰਨ ਦੀ ਖੁੱਲ੍ਹ ਦੇ ਦਿੱਤੀ ਹੈ। ਭਾਰਤੀ ਖੁਰਾਕ ਨਿਗਮ ਨੇ ਜੂਨ ਤੱਕ ਕਣਕ ਦੀ ਨਵੀਂ ਫ਼ਸਲ ਖੁੱਲ੍ਹੇ ਗੁਦਾਮਾਂ ਵਿਚ ਭੰਡਾਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਤਾਂ ਜੋ ਖ਼ਰੀਦ ਕੇਂਦਰਾਂ ਵਿਚ ਕਣਕ ਦੇ ਅੰਬਾਰ ਨਾ ਲੱਗਣ। ਪੰਜਾਬ ਸਰਕਾਰ ਲਈ ਇੱਕ ਤਰਾਂ ਨਾਲ ਇਹ ਰਾਹਤ ਵਾਲੀ ਖ਼ਬਰ ਹੈ ਕਿਉਂਕਿ ਮੰਡੀਆਂ ਵਿਚ ਫ਼ਸਲ ਦੀ ਆਮਦ ਇਕਦਮ ਤੇਜ਼ ਹੋ ਗਈ ਹੈ ਅਤੇ ਉਪਰੋਂ ਦੂਸਰੇ ਸੂਬਿਆਂ ਵਿਚ ਮੰਡੀਆਂ ’ਚੋਂ ਫ਼ਸਲ ਲਿਜਾਣ ਵਾਸਤੇ ਖਾਸ ਟਰੇਨਾਂ ਦੀ ਕਮੀ ਵੀ ਮਹਿਸੂਸ ਕੀਤੀ ਜਾ ਰਹੀ ਸੀ।

ਇਸ ਤੋਂ ਪਹਿਲਾਂ ਭਾਰਤੀ ਖੁਰਾਕ ਨਿਗਮ ਨੇ ਮੰਡੀਆਂ ’ਚੋਂ ਕਣਕ ਦੀ ਫ਼ਸਲ ਚੁੱਕ ਕੇ ਸਿੱਧੀ ਦੂਸਰੇ ਸੂਬਿਆਂ ਵਿਚ ਭੇਜਣ ਦੀ  ਹਦਾਇਤ ਕੀਤੀ ਸੀ ਅਤੇ ਫ਼ਸਲ ਨੂੰ ਇੱਥੇ ਸਿਰਫ਼ ਕਵਰਡ ਗੁਦਾਮਾਂ ਵਿਚ ਭੰਡਾਰ ਕਰਨ ਵਾਸਤੇ ਕਿਹਾ ਸੀ। ਹੁਣ ਤੇਜ਼ ਰਫ਼ਤਾਰੀ ਨਾਲ ਮੰਡੀਆਂ ਵਿਚ ਫ਼ਸਲ ਪਹੁੰਚਣ ਲੱਗ ਪਈ ਹੈ ਅਤੇ ਕਣਕ ਦਾ ਚੰਗਾ ਝਾੜ ਵੀ ਸਾਹਮਣੇ ਆ ਰਿਹਾ ਹੈ। ਮੰਡੀਆਂ ’ਚੋਂ ਫ਼ੌਰੀ ਸਿੱਧੀ ਫ਼ਸਲ ਦੂਸਰੇ ਸੂਬਿਆਂ ਨੂੰ ਭੇਜਣ ਵਾਸਤੇ ਵੱਡੀ ਗਿਣਤੀ ਵਿਚ ਰੇਲਵੇ ਰੈਕਾਂ ਦੀ ਲੋੜ ਪਵੇਗੀ ਜੋ ਸੰਭਵ ਨਹੀਂ ਜਾਪਦੀ।