India Punjab

ਖੇਤੀ ਕਾਨੂੰਨਾਂ ਦੀ ਫਿਕਰ ਅਤੇ ਕਰਜ਼ੇ ‘ਚ ਡੁੱਬੇ ਦੋ ਕਿਸਾਨ ਪਿਉ-ਪੁੱਤ ਨੇ ਕੀਤੀ ਖੁਦਕੁਸ਼ੀ

‘ਦ ਖ਼ਾਲਸ ਬਿਊਰੋ :- ਦਸੂਹਾ ਦੇ ਪਿੰਡ ਮਹੱਦੀਪੁਰ ਵਿਖੇ ਬੀਤੀ ਰਾਤ ਖੇਤੀ ਕਾਨੂੰਨਾਂ ਅਤੇ ਕਰਜ਼ੇ ਤੋਂ ਪ੍ਰੇਸ਼ਾਨ ਪਿਉ-ਪੁੱਤ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲਈ ਹੈ। ਇਹ ਦੋਵੇਂ ਕਿਸਾਨ ਪਿਉ-ਪੁੱਤਰ ਜਗਤਾਰ ਸਿੰਘ ਅਤੇ ਉਸ ਦਾ ਪੁੱਤਰ ਕਿਰਪਾਲ ਸਿੰਘ ਮੌਜੂਦਾ ਹਾਲਾਤਾਂ ਤੋਂ ਬਹੁਤ ਪਰੇਸ਼ਾਨ ਸਨ। ਕਿਰਪਾਲ ਸਿੰਘ ਦੀ ਉਮਰ 45 ਸਾਲ ਅਤੇ ਉਸ ਦਾ ਪਿਤਾ ਜਗਤਾਰ ਸਿੰਘ ਦੀ ਉਮਰ ਕਰੀਬ 70 ਸਾਲ ਹੈ। 

ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕਾਂ ਦੇ ਕੋਲੋਂ ਖੁਦਕੁਸ਼ੀ ਨੋਟ ਵੀ ਬਰਾਮਦ ਕੀਤਾ, ਜਿਸ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਸੀ। ਇਸ ਵਿੱਚ ਉਨ੍ਹਾਂ ਨੇ ਆਪਣੀ ਮੌਤ ਲਈ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਨਵੇਂ ਖੇਤੀ ਕਾਨੂੰਨਾਂ ਅਤੇ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ ਸਕੀਮ ਤਹਿਤ ਕਰਜ਼ਾ ਮੁਆਫ ਨਾ ਕਰਨ ਨੂੰ ਜ਼ਿੰਮੇਦਾਰ ਠਹਿਰਾਇਆ। ਉਨ੍ਹਾਂ ਨੇ ਪੰਜਾਬ ਐਂਡ ਸਿੰਧ ਬੈਂਕ, ਬੋਦਲ ਤੋਂ 4 ਲੱਖ ਅਤੇ ਕੋਆਪਰੇਟਿਵ ਸੁਸਾਇਟੀ ਉਸਮਾਨ ਸ਼ਹੀਦ ਤੋਂ 3 ਲੱਖ ਰੁਪਏ ਕਰਜ਼ਾ ਲਿਆ ਸੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਸੂਹਾ ਭੇਜਿਆ ਗਿਆ।