ਜ਼ੀਰਾ : ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਛੇੜੇ ਗਏ ਸੰਘਰਸ਼ ਦੇ ਦੌਰਾਨ ਜ਼ੀਰਾ ਮੋਰਚਾ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਜਿਸ ਦੇ ਦੌਰਾਨ ਪਿੰਡ ਰਟੌਲ ਰੋਹੀ ਦੇ ਲੋਕਾਂ ਵੱਲੋਂ ਵੀ ਪਿੰਡ ਵਿੱਚ ਹੀ ਮੁੱਖ ਮੰਤਰੀ ਖਿਲਾਫ਼ ਅਰਥੀ ਫੂਕ ਮੁਜਾਹਰਾ ਕਰ ਕੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ।
ਇਸ ਮੌਕੇ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਖਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਮੋਰਚਾ ਚੱਲ ਰਿਹਾ ਹੈ ਤੇ 3 ਤੇ 4 ਜਨਵਰੀ ਲਈ ਕਾਲ ਦਿੱਤੀ ਗਈ ਸੀ ਕਿ ਇਹਨਾਂ ਦਿਨਾਂ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਕਾਲੀਆਂ ਝੰਡੀਆਂ ਬੰਨ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸੋ ਉਸੇ ਪ੍ਰੋਗਰਾਮ ਦੇ ਤਹਿਤ ਅੱਜ ਪਿੰਡ ਰਟੌਲ ਰੋਹੀ ਵਿੱਚ ਉਸੇ ਜਗਾ ‘ਤੇ ਮਾਨ ਸਰਕਾਰ ਦਾ ਪੁਤਲਾ ਫੁਕਿਆ ਗਿਆ ਹੈ ,ਜਿਥੋਂ ਕੁੱਝ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਜ਼ਬਰਦਸਤੀ ਲੰਗਰ ਹਟਾਇਆ ਸੀ।


ਉਹਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਸਰਕਾਰ ਬਣਨ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਕਿਸੇ ਨੂੰ ਵੀ ਧਰਨੇ ਲਾਉਣ ਦੀ ਲੋੜ ਨਹੀਂ ਪਵੇਗੀ ਪਰ ਹੁਣ ਹਰ ਵਰਗ ਇਨਾਂ ਜਿਆਦਾ ਦੁਖੀ ਹੋ ਗਿਆ ਹੈ ਕਿ ਉਹ ਧਰਨੇ ਲਾਉਣ ਲਈ ਮਜ਼ਬੂਰ ਹੈ।
ਕੱਲ ਜਾਰੀ ਇੱਕ ਬਿਆਨ ਵਿੱਚ ਇਹ ਐਲਾਨ ਕੀਤਾ ਗਿਆ ਸੀ ਕਿ 3 ਅਤੇ 4 ਜਨਵਰੀ ਨੂੰ ਕਾਲੇ ਝੰਡੇ ਲਾ ਕੇ ਰੋਸ ਪ੍ਰਦਰਸ਼ਨ ਸਾਰੇ ਪੰਜਾਬ ਵਿੱਚ ਕੀਤੇ ਜਾਣਗੇ ਤੇ 6 ਫਰਵਰੀ ਨੂੰ ਮੋਰਚੇ ਵਾਲੀ ਥਾਂ ‘ਤੇ ਇੱਕ ਵੱਡਾ ਇਕੱਠ ਕੀਤਾ ਜਾਵੇਗਾ,ਜਿਸ ਵਿੱਚ ਕੁੱਝ ਦਿਨ ਪਹਿਲਾਂ ਗੁਰਦੇ ਫੇਲ ਹੋਣ ਕਾਰਨ ਮੌਤ ਦਾ ਸ਼ਿਕਾਰ ਹੋਏ ਰਾਜਵੀਰ ਸਿੰਘ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇਗੀ। ਮੋਰਚੇ ਦੀ ਇਸ ਕਾਲ ਦਾ ਕਈ ਕਿਸਾਨ ਜਥੇਬੰਦੀਆਂ ਨੇ ਸਮਰਥਨ ਕੀਤਾ ਹੈ ਤੇ ਪੰਜਾਬ ਵਿੱਚ ਕਈ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕੀਤੇ ਗਏ ਹਨ।
ਇਸ ਕਾਲ ‘ਤੇ ਸ਼ਰਾਬ ਮਾਫੀਆ ਦੇ ਹੱਕ ਵਿੱਚ ਭੁਗਤਣ ਦੇ ਖਿਲਾਫ ਤੇ ਸ਼ਰਾਬ ਫੈਕਟਰੀ ਨੂੰ ਬੰਦ ਨਾ ਕਰਨ ‘ਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਕੋਟ ਕਰੋੜ ਟੋਲ ਪਲਾਜੇ ‘ਤੇ ਅਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ DC ਦਫਤਰ ਮੋਗਾ ਸਾਹਮਣੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਗਏ।


