ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ’84 ਸਿੱਖ ਕਤਲੇਆਮ ਦੋਸ਼ੀ ਬਲਵਾਨ ਖੋਖਰ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਕਰਨ ਤੋਂ ਮਨਾ ਕਰ ਦਿੱਤਾ ਹੈ। ਖੋਖਰ ਉੱਤੇ ਅਦਾਲਤ ਵਿੱਚ ਦੋਸ਼ ਤੈਅ ਹੋਏ ਸੀ ਤੇ ਉਹ ਇਸ ਦੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।ਅਦਾਲਤ ਨੇ ਇਸ ਸਬੰਧ ਵਿੱਚ ਸਖ਼ਤ ਟਿੱਪਣੀ ਵੀ ਕੀਤੀ ਹੈ ਕਿ ਇਹ ਅਜਿਹਾ ਮਾਮਲਾ ਨਹੀਂ ਹੈ ਕਿ ਤੁਸੀਂ 9 ਸਾਲ ਦੇ ਅੰਦਰ ਜ਼ਮਾਨਤ ਅਰਜ਼ੀ ਲਗਾ ਦਿਉ।ਜ਼ਿਕਰਯੋਗ ਹੈ ਕਿ ਸੰਨ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦੌਰਾਨ 5 ਸਿੱਖ ਵਿਅਕਤੀਆਂ ਦੇ ਕਤਲ ਦਾ ਦੌਸ਼ੀ ਠਹਿਰਾਇਆ ਗਿਆ ਸੀ ਤੇ ਇਸ ਮਾਮਲੇ ‘ਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਜਿਸ ਦੇ 9 ਸਾਲ ਪੂਰੇ ਹੋ ਗਏ ਹਨ ਤੇ ਹੁਣ ਉਸ ਨੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਜ਼ਮਾਨਤ ਲਈ ਅਰਜ਼ੀ ਲਗਾਈ ਸੀ,ਜਿਸ ਨੂੰ ਅਦਾਲਤ ਨੇ ਸੁਣਨ ਤੋਂ ਹੀ ਇਨਕਾਰ ਕਰ ਦਿੱਤਾ ਹੈ।
ਅਦਾਲਤ ਦੇ ਇਸ ਫੈਸਲੇ ਤੇ ਕਤਲੇਆਮ ਪੀੜਤਾਂ ਦਾ ਕੇਸ ਲੜਨ ਵਾਲੇ ਸੀਨੀਅਰ ਵਕੀਲ ਐਚਐਸ ਫੁਲਕਾ ਦਾ ਵੀ ਬਿਆਨ ਸਾਹਮਣੇ ਆਇਆ ਹੈ।ਉਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅੱਜ ਅਦਾਲਤ ਵਿੱਚ ਸੱਜਣ ਕੁਮਾਰ ਤੇ ਉਸ ਦੇ ਸਹਿਯੋਗੀਆਂ ਦਾ ਕੇਸ ਨੂੰ ਪੇਸ਼ ਕੀਤਾ ਗਿਆ ਸੀ ਤੇ ਇਸ ਦੌਰਾਨ ਇਕ ਸਾਬਕਾ ਕੌਂਸਲਰ ਬਲਰਾਮ ਖੋਖਰ ਨੇ ਆਪਣੀ ਜ਼ਮਾਨਤ ਅਰਜ਼ੀ ਲਗਾਈ ਸੀ ਤੇ ਕਿਹਾ ਕਿ ਉਹ 9 ਸਾਲ ਤੋਂ ਜੇਲ ਵਿੱਚ ਬੰਦ ਹੈ ਤੇ ਉਹ 80 ਫੀਸਦੀ ਅਪਾਹਿਜ ਹੈ ਤੇ ਇਸ ਆਧਾਰ ਤੇ ਉਸ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ ਤੇ ਉਸ ਦੀ ਸਜ਼ਾ ਨੂੰ ਵੀ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਪਰ ਅਦਾਲਤ ਨੇ ਉਸ ਦਾ ਕੇਸ ਸੁਣਨ ਤੋਂ ਹੀ ਨਾਂਹ ਕਰ ਦਿੱਤੀ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਖੋਖਰ ਵੱਲੋਂ ਜ਼ਮਾਨਤ ਲਈ 2 ਵਾਰ ਅਰਜ਼ੀ ਲਗਾਈ ਗਈ ਸੀ ਤੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਜ਼ਮਾਨਤ ਦੀ ਪਰ ਉਸ ਨੂਮ ਕੋਈ ਵੀ ਸਫਲਤਾ ਨਹੀਂ ਮਿਲੀ ਸੀ। ਜ਼ਿਕਰਯੋਗ ਹੈ ਕਿ ਬਲਵਾਨ ਖੋਖਰ 1 ਨਵੰਬਰ 1984 ਨੂੰ ਦਿੱਲੀ ਛਾਉਣੀ ਦੇ ਰਾਜ ਨਗਰ ਇਲਾਕੇ ਵਿੱਚ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੇ ਕਤਲ ਦੇ ਮਾਮਲੇ ਵਿੱਚ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਦੋ ਹੋਰਾਂ ਦੇ ਨਾਲ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।