ਚੰਡੀਗੜ੍ਹ :ਡੇਰੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਲਾਏ ਜਾਣ ਦੇ ਸਵਾਲ ‘ਤੇ ਅਕਾਲੀ ਆਗੂ ਬੰਟੀ ਰੋਮਾਨਾ ਨੇ ਸਫਾਈ ਦਿੱਤੀ ਕਿ ਇਹਨਾਂ ਨੇ ਸ਼੍ਰੀ ਅਕਾਲ ਤਖਤ ਅੱਗੇ ਪੇਸ਼ ਹੋ ਕੇ ਭੁੱਲ ਬਖਸ਼ਾਈ ਸੀ ਪਰ ਕਾਂਗਰਸ ਦੇ ਕਈ ਨੇਤਾ ਤਾਂ ਅੱਜ ਵੀ ਨਹੀਂ ਗਏ,ਜਿਹੜੇ ਇਸ ਵੇਲੇ ਭਾਜਪਾ ਦਾ ਹਿੱਸਾ ਹਨ।
ਇਸੇ ਤਰਾਂ ਬਾਦਲ ਪਰਿਵਾਰ ਦੀਆਂ ਡੇਰੇ ਵਿੱਚ ਜਾਣ ਸਮੇਂ ਦੀਆਂ ਫੋਟੋਆਂ ਬਾਰੇ ਸਵਾਲ ਕੀਤੇ ਜਾਣ ‘ਤੇ ਬੰਟੀ ਰੋਮਾਣਾ ਨੇ ਕਿਹਾ ਕਿ ਉਹ 1990 ਦੀਆਂ ਫੋਟੋ ਹਨ,ਜਦੋਂ ਡੇਰੇ ਵਿੱਚ ਇਸ ਤਰਾਂ ਦੇ ਵਿਵਾਦ ਪੈਦਾ ਨਹੀਂ ਸੀ ਹੋਏ।
ਸ਼੍ਰੋਮਣੀ ਅਕਾਲੀ ਦਲ ਨੇ ਡੇਰਾ ਮੁਖੀ ਨੂੰ ਮਿਲੀ ਪੈਰੋਲ ਨੂੰ ਵੀ ਭਾਜਪਾ ਦੀ ਡੂੰਘੀ ਸਿਆਸਤ ਦੱਸਿਆ ਹੈ ਤੇ ਇਹ ਇਲਜ਼ਾਮ ਵੀ ਲਗਾਇਆ ਹੈ ਕਿ ਭਾਜਪਾ ਦਾ ਡੇਰਾ ਮੁਖੀ ਨਾਲ ਵੋਟਾਂ ਵਿੱਚ ਮਦਦ ਲੈਣ ਲਈ ਸੌਦਾ ਹੋਇਆ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਬੰਟੀ ਰੋਮਾਣਾ ਨੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ‘ਤੇ ਵੀ ਸਵਾਲ ਚੁੱਕੇ ਹਨ ਤੇ ਕਿਹਾ ਹੈ ਕਿ ਉਹ ਕਹਿੰਦੇ ਹਨ ਕਿ ਇਹ ਕਾਨੂੰਨ ਦਾ ਮਾਮਲਾ ਹੈ ਤੇ ਪੈਰੋਲ ‘ਤੇ ਹਰ ਇੱਕ ਕੈਦੀ ਦਾ ਹੱਕ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਹੱਕ ਸਿਰਫ ਉਹਨਾਂ ਨੂੰ ਕਿਉਂ ਦਿੱਤੇ ਜਾਂਦੇ ਹਨ ਜਿਹੜੇ ਭਾਜਪਾ ਦੀ ਲਾਈਨ ‘ਤੇ ਚਲਦੇ ਹਨ ?
ਬੰਦੀ ਸਿੰਘਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਭਾਈ ਰਾਜੋਆਣਾ ਨੂੰ ਸਿਰਫ਼ ਇੱਕ ਘੰਟੇ ਦੀ ਪੈਰੋਲ ਮਿਲੀ ਸੀ ਪਰ ਕਿ ਖੱਟਰ ਇਹ ਜਵਾਬ ਦੇਣਗੇ ਕਿ ਪੈਰੋਲ ਦਾ ਅਧਿਕਾਰ ਸਿਰਫ ਰਾਮ ਰਹੀਮ ਲਈ ਰਿਜ਼ਰਵ ਕਿਉਂ ਕਰ ਦਿੱਤਾ ਗਿਆ ਹੈ?
ਅਕਾਲੀ ਆਗੂ ਨੇ ਇਸਨੂੰ ਵੋਟਾਂ ਲੈਣ ਬਦਲੇ ਕੀਤਾ ਜਾਣ ਵਾਲਾ ਸੌਦਾ ਕਰਾਰ ਦਿੱਤਾ ਹੈ । ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਤੇ ਵਰਦਿਆਂ ਉਹਨਾਂ ਕਿਹਾ ਹੈ ਕਿ ਹੁਣ ਉਹ ਵੀ ਉਸ ਸਰਕਾਰ ਦਾ ਹਿੱਸਾ ਹਨ, ਜਿਹੜੀ ਲਗਾਤਾਰ ਰਾਮ ਰਹੀਮ ਨੂੰ ਪੈਰੋਲ ਦੇ ਰਹੀ ਹੈ ਪਰ ਉਹਨਾਂ ਨੇ ਕਦੇ ਵੀ ਗ੍ਰਹਿ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਅੱਗੇ ਵੀ ਇਸ ਮੁੱਦੇ ਨੂੰ ਨਹੀਂ ਚੁੱਕਿਆ ਹੈ ਤੇ ਨਾ ਹੀ ਹਰਿਆਣੇ ਦੇ ਮੁੱਖ ਮੰਤਰੀ ਨਾਲ ਇਸ ਸੰਬੰਧ ਵਿੱਚ ਗੱਲ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ‘ਤੇ ਸੰਨ 2017 ਵਿੱਚ ਡੇਰਾ ਸਾਧ ਦੀ ਮਦਦ ਲੈਣ ਦੇ ਜਾਖੜ ਵੱਲੋਂ ਲਗਾਏ ਇਲਜ਼ਾਮਾਂ ਨੂੰ ਵੀ ਰੋਮਾਣਾ ਨੇ ਸਿਰੇ ਤੋਂ ਖਾਰਿਜ ਕੀਤਾ ਹੈ ਤੇ ਕਿਹਾ ਹੈ ਕਿ ਅਸਲ ਵਿੱਚ ਰਾਮ ਰਹੀਮ ਨੇ ਭਾਜਪਾ ਦੀ ਮਦਦ ਕੀਤੀ ਸੀ ਤੇ ਕਾਂਗਰਸ ਸਰਕਾਰ ਦੇ ਵੀ ਡੇਰੇ ਨਾਲ ਸੌਦੇ ਹੁੰਦੇ ਰਹੇ ਹਨ। ਉਹਨਾਂ ਮਨਪ੍ਰੀਤ ਬਾਦਲ,ਪਰਮਿੰਦਰ ਢੀਂਡਸਾ,ਕੈਪਟਨ ਅਮਰਿੰਦਰ ਸਿੰਘ,ਜਾਖੜ ਦਾ ਸਿੱਧੇ ਹੀ ਨਾਂ ਲੈਂਦੇ ਹੋਏ ਇਲਜ਼ਾਮ ਲਗਾਏ ਹਨ ਕਿ ਇਹ ਸਾਰੇ ਡੇਰੇ ਵਿੱਚ ਹਾਜਰੀਆਂ ਭਰਦੇ ਰਹੇ ਹਨ ਪਰ ਅਕਾਲੀ ਦਲ ਨੇ ਕਦੇ ਵੀ ਉਧਰ ਨੂੰ ਮੂੰਹ ਤੱਕ ਨਹੀਂ ਕੀਤਾ ਹੈ।
ਡੇਰਾ ਸਾਧ ਦੀ ਪੈਰੋਲ ਦੇ ਪੈਟਰਨ ਦਾ ਜ਼ਿਕਰ ਕਰਦਿਆਂ ਉਹਨਾਂ ਸਵਾਲ ਕੀਤਾ ਹੈ ਕਿ 2019-20 ਵਿੱਚ ਡੇਰਾ ਮੁੱਖੀ ਨੇ ਅਰਜ਼ੀਆਂ ਲਾਈਆਂ ਸੀ ਪਰ ਪਰ ਉਹ ਖਾਰਿਜ ਹੋ ਗਈਆਂ ਤੇ 2020-21 ਵਿੱਚ ਇੱਕ ਇੱਕ ਦਿਨ ਦੀ ਪੈਰੇਲ ਮਿਲੀ ਪਰ ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਅਜਿਹਾ ਕੀ ਹੋ ਗਿਆ ਕਿ ਠੀਕ ਵੋਟਾਂ ਤੋਂ ਇੱਕ ਮਹੀਨਾ ਪਹਿਲਾਂ ਡੇਰਾ ਸਾਧ ਨੂੰ 21 ਦਿਨ ਲਈ ਬਾਹਰ ਲੈ ਆਉਂਦਾ ਗਿਆ ਤੇ ਉਸ ਤੋਂ ਬਾਅਦ ਹੋਣ ਵਾਲੀਆਂ ਸੰਗਰੂਰ,ਆਦਮਪੁਰ ਤੇ ਹੁਣ ਜਲੰਧਰ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿੱਚ ਮਦਦ ਲੈਣ ਲਈ ਸਾਧ ਨੂੰ ਬਾਹਰ ਲਿਆਉਣ ਦਾ ਇਹ ਸਿਲਿਸਲਾ ਹੁਣ ਤੱਕ ਲਗਾਤਾਰ ਜਾਰੀ ਹੈ। ਇਹੀ ਭਾਜਪਾ ਦਾ ਪੈਟਰਨ ਹੈ।
ਉਹਨਾਂ ਇਹ ਵੀ ਕਿਹਾ ਹੈ ਕਿ ਉਂਝ ਭਾਜਪਾ ਖੁੱਦ ਨੂੰ ਸਿੱਖਾਂ ਦੀ ਹਿਤੈਸ਼ੀ ਪਾਰਟੀ ਮੰਨਦੀ ਹੈ ਪਰ ਇਸ ਮਾਮਲੇ ਵਿੱਚ ਉਹਨਾਂ ਦੇ ਲੀਡਰਾਂ ਤੋਂ ਇਲਾਵਾ ਕਾਲਕਾ ਤੇ ਸਿਰਸਾ ਦੀ ਚੁੱਪੀ ‘ਤੇ ਵੀ ਸਵਾਲ ਉੱਠਦੇ ਹਨ ।
ਦਾਦੂਵਾਲ ‘ਤੇ ਵਰਦਿਆਂ ਰੋਮਾਣਾ ਨੇ ਅਸਿੱਧੇ ਤੌਰ ‘ਤੇ ਉਸ ਨੂੰ ਭਾਜਪਾ ਦਾ ਅਖੌਤੀ ਪੰਥਕ ਚਿਹਰਾ ਦੱਸਿਆ ਹੈ ਤੇ ਵੱਡਾ ਇਲਜ਼ਾਮ ਲਗਾਇਆ ਹੈ ਕਿ ਬਰਗਾੜੀ ਮੋਰਚੇ ਵਿਚੋਂ ਕਰੋੜਾਂ ਰੁਪਏ ਇਕੱਠੇ ਕਰ ਕੇ ਹੁਣ ਇਹ ਖੱਟਰ ਦੀ ਝੋਲੀ ਪੈ ਗਏ ਹਨ। ਇਸ ਸੰਬੰਧ ਵਿੱਚ ਈਡੀ ਦੀ ਕਾਰਵਾਈ ਕਿਉਂ ਨਹੀਂ ਹੋਈ ਹੈ?
ਬੰਟੀ ਰੋਮਾਣਾ ਨੇ ਸਿੱਧਾ ਦਾਅਵਾ ਕੀਤਾ ਹੈ ਕਿ ਅਸਲ ਵਿੱਚ ਭਾਜਪਾ ਤੋਂ ਡਰ ਕੇ ਹੀ ਇਹਨਾਂ ਸਾਰਿਆਂ ਦੀ ਜੁਬਾਨ ਤੇ ਚੁੱਪੀ ਛਾਈ ਹੋਈ ਹੈ।
ਬੇਅਦਬੀ,ਬਲਾਤਕਾਰ ਤੇ ਕਤਲ ਵਰਗੇ ਸੰਗੀਨ ਮਾਮਲਿਆਂ ਵਿੱਚ ਸਜ਼ਾ ਭੁਗਤ ਰਹੇ ਇੱਕ ਦੋਸ਼ੀ ਨੂੰ ਬਾਰ ਬਾਰ ਪੈਰੋਲ ਦਿੱਤੀ ਜਾ ਰਹੀ ਹੈ। ਇਸ ਸਭ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਦੀ ਜੁਆਬਦੇਹੀ ਬਣਦੀ ਹੈ।