Punjab

ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਸਰਕਾਰ ਨੂੰ ਚੁਣੌਤੀ,ਕੀਤੇ ਵੱਡੇ ਸਵਾਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਪੰਜਾਬ ਦੀ ਆਪ ਸਰਕਾਰ ਤੇ ਸਿੱਧਾ ਨਿਸ਼ਾਨਾ ਲਾਉਂਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਗੇ ਵੱਡੇ ਸਵਾਲ ਰੱਖੇ ਹਨ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾਂਦੇ ਕਈ ਦਾਅਵਿਆਂ ਨੂੰ ਝੂੱਠ ਦੱਸਿਆ ਹੈ।

ਉਹਨਾਂ ਦਿੱਲੀ ਦੇ ਮੁੱਖ ਮੰਤਰੀ ਜਲੰਧਰ ਵਿੱਚ ਕੀਤੀ ਇੱਕ ਰੈਲੀ ਦੇ ਦੌਰਾਨ ਪੰਜਾਬ ਦੇ ਲੋਕਾਂ ਨੂੰ ਧਮਕਾਉਣ ਵਾਲੀ ਭਾਸ਼ਾ ਵਰਤਣ ਦਾ ਇਲਜ਼ਾਮ ਲਾਇਆ ਹੈ ਤੇ ਕਿਹਾ ਹੈ ਸਰਕਾਰੀ ਤੰਤਰ ਦੀ ਵੀ ਦੁਰਵਰਤੋਂ ਹੋ ਰਹੀ ਹੈ। ਕਲੇਰ ਨੇ ਕਿਹਾ ਹੈ   ਚੋਣ ਜ਼ਾਬਤਾ ਲਾਗੂ ਹੋ ਜਾਣ ਤੋਂ ਬਾਅਦ ਵੀ ਆਪ ਦੇ ਇਸ਼ਤਿਹਾਰ ਲਗਾਤਾਰ ਜਾਰੀ ਹਨ।

ਕਲੇਰ ਨੇ ਕੱਲ ਆਪ ਆਗੂਆਂ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਕਿਤੇ ਵੀ ਖੂਨ ਖਰਾਬਾ ਨਾ ਹੋਣ ਤੇ ਆਪਰੇਸ਼ਨ ਸਹੀ ਤਰੀਕੇ ਨਾਲ ਹੋ ਜਾਣ ਦੇ ਕੀਤੇ ਦਾਵੇ ‘ਤੇ ਵੀ ਮਾਨ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਸਵਾਲ ਕੀਤਾ ਹੈ ਕਿ ਕੀ ਪਿਛਲੇ ਇੱਕ ਸਾਲ ਦੇ ਦੌਰਾਨ ਪੰਜਾਬ ਵਿੱਚ ਕੋਈ ਖੂਨ ਖਰਾਬਾ ਨਹੀਂ ਹੋਇਆ ਹੈ ?

ਅੰਮ੍ਰਿਤਪਾਲ ਦੀ ਗ੍ਰਿਫਤਾਰੀ ਬਾਰੇ ਕੀਤੇ ਜਾ ਰਹੇ ਪੰਜਾਬ ਸਰਕਾਰ ਦੇ ਦਾਅਵਿਆਂ ਨੂੰ ਵੀ ਕਲੇਰ ਨੇ ਨਕਾਰਿਆ ਹੈ ਤੇ ਕਿਹਾ ਹੈ ਕਿ ਅਜਨਾਲਾ ਕਾਂਡ ਰੋਕਿਆ ਜਾ ਸਕਦਾ ਸੀ ਪਰ ਅਜਿਹਾ ਨਹੀਂ ਹੋਇਆ।ਅੰਮ੍ਰਿਤਪਾਲ ਦੀ ਗ੍ਰਿਫਤਾਰੀ ਵੇਲੇ ਘੇਰਾਬੰਦੀ ਕੀਤੇ ਜਾਣ ਦੇ ਕੀਤੇ ਜਾ ਰਹੇ ਪੰਜਾਬ ਸਰਕਾਰ ਦੇ ਦਾਅਵਿਆਂ ਨੂੰ ਵੀ ਕਲੇਰ ਨੇ ਰੋਡੇ ਪਿੰਡ ਵਾਲਿਆਂ ਦਾ ਹਵਾਲਾ ਦਿੰਦੇ ਹੋਏ ਝੂਠ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਪਿੰਡ ਵਾਲਿਆਂ ਨੇ ਕਿਸੇ ਵੀ ਤਰਾਂ ਦੀ ਘੇਰਾਬੰਦੀ ਦੀ ਗੱਲ ਨੂੰ ਨਕਾਰਿਆ ਹੈ ਤੇ ਕਿਹਾ ਹੈ ਕਿ ਪੁਲਿਸ ਮਹਿਜ਼ 5 ਮਿੰਟ ਪਹਿਲਾਂ ਆਈ ਤੇ ਅੰਮ੍ਰਿਤਪਾਲ ਨੂੰ ਲੈ ਕੇ ਚੱਲ ਗਈ।

ਕਲੇਰ ਨੇ ਆਪ ਲੀਡਰਾਂ ਨੂੰ ਸਵਾਲ ਕੀਤਾ ਹੈ ਕਿ ਹੁਣ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਸਰਕਾਰ ਜਵਾਬ ਦੇਵੇ ਕਿ ਕਿਉਂ ਪੰਜਾਬ ਦੇ ਨੌਜਵਾਨਾਂ ਨੂੰ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਤੇ ਅੱਤਵਾਦੀ ਕਹਿ ਕੇ ਪ੍ਰਚਾਰਿਆ ਗਿਆ ਤੇ ਖਾਲਸਾ ਰਾਜ ਵੇਲੇ ਦੇ ਝੰਡੇ ਤੇ ਇਲਾਕਿਆਂ ਨੂੰ ਖਾਲਿਸਤਾਨ ਦਾ ਨਾਂ ਦਿੱਤਾ ਗਿਆ ਤੇ ਪੰਜਾਬ ਦੇ ਨੌਜਵਾਨਾਂ ਨੂੰ NSA ਲਗਾ ਕੇ ਅਸਾਮ ਦੀ ਜੇਲ੍ਹ ਵਿੱਚ ਭੇਜਿਆ ਗਿਆ।

ਡਾ.ਸੁਖਵਿੰਦਰ ਸੁੱਖੀ ਨੂੰ ਸਭ ਤੋਂ ਜਿਆਦਾ ਪੜਿਆ ਲਿੱਖਿਆ ਉਮੀਦਵਾਰ ਦੱਸਦੇ ਹੋਏ ਉਹਨਾਂ ਕੰਮ ਦੇ ਆਧਾਰ ਤੇ ਵੋਟਾਂ ਮੰਗਣ ਦੀ ਗੱਲ ਵੀ ਕਲੇਰ ਨੇ ਕੀਤੀ ਹੈ।