Punjab

ਮੁੱਖ ਮੰਤਰੀ ਮਾਨ, ਸਿੱਖ ਸੰਗਤ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਤੋਂ ਮਾਫ਼ੀ ਮੰਗਣ : ਡਾ.ਦਲਜੀਤ ਸਿੰਘ ਚੀਮਾ

ਚੰਡੀਗੜ੍ਹ : ਪੰਜਾਬ ਵਿੱਚ ਮੌਜੂਦਾ ਹਾਲਾਤਾਂ ’ਤੇ ਪੁਲਿਸ ਪ੍ਰਸ਼ਾਸਨ ਦੀ ਚੱਲ ਰਹੀ ਕਾਰਵਾਈ ਨੂੰ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ਦਾ ਢੋਂਗ ਕਰਾਰ ਦਿੱਤਾ ਹੈ। ਇੰਨਾ ਹੀ ਨਹੀਂ ਚੀਮਾ ਨੇ ਮੁੱਖ ਮੰਤਰੀ ਮਾਨ ਨੂੰ ਸਿੱਖ ਸੰਗਤ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਤੋਂ ਮਾਫੀ ਮੰਗਣ ਲਈ ਕਿਹਾ ਹੈ।

ਪਾਰਟੀ ਹੈੱਡ ਆਫਿਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡਾ. ਚੀਮਾ ਨੇ ਮੁੱਖ ਮੰਤਰੀ ਮਾਨ ‘ਤੇ ਜਥੇਦਾਰ ਸਾਹਿਬ ਵਿਰੁੱਧ ਖੁੱਲੇ ਤੌਰ ‘ਤੇ ਟਵੀਟ ਵਿੱਚ ਅਪਮਾਨਜਕ ਭਾਸ਼ਾ ਵਰਤਣ ਦਾ ਇਲਜ਼ਾਮ ਵੀ ਲਗਾਇਆ ਹੈ ਤੇ ਇਸ ਸਾਰੇ ਵਰਤਾਰੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਤੌਹੀਨ ਦੱਸਿਆ ਹੈ।ਉਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿੱਖੇ ਹੋਈ ਇਕਰਰਤਾ ਦਾ ਜ਼ਿਕਰ ਕੀਤਾ ਤੇ ਜਥੇਦਾਰ ਸਾਹਿਬ ਦੀ ਖੁੱਲ ਕੇ ਤਾਰੀਫ ਵੀ ਕੀਤੀ ਕਿ ਕਿਵੇਂ ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਨਿਮਰਤਾ ਤੇ ਹਲੀਮੀ ਵਰਤ ਕੇ ਮੁੱਖ ਮੰਤਰੀ ਨੂੰ ਸਹੀ ਜੁਆਬ ਦਿੱਤਾ।

ਮਾਨਵੀ ਹੱਕਾਂ ਦੀ ਰੱਖਿਆ ਲਈ ਢਾਲ ਬਣਦਾ ਅਕਾਲ ਤਖਤ

ਡਾ. ਚੀਮਾ ਮੁਤਾਬਿਕ ਸਿੱਖ ਧਰਮ ਕੋਲ ਸੰਸਾਰਕ ਤੇ ਧਾਰਮਿਕ ਸੇਧ ਦੇਣ ਲਈ ਸ਼੍ਰੀ ਦਰਬਾਰ ਸਾਹਿਬ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਗੁਰੂ ਸਾਹਿਬ ਨੇ ਗੁਲਾਮੀ ਦੀ ਭਾਵਨਾ ਕੱਢਣ ਲਈ ਕੀਤੀ ਸੀ ਤੇ ਉਦੋਂ ਤੋਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਮਾਨਵੀ ਹੱਕਾਂ ਦੀ ਰੱਖਿਆ ਲਈ ਢਾਲ ਬਣ ਕੇ ਖੜਾ ਹੁੰਦਾ ਰਿਹਾ ਹੈ ਤੇ ਕੌਮ ਦੀ ਅਗਵਾਈ ਕਰਦਾ ਆ ਰਿਹਾ ਹੈ। ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਸਮੇਂ ਦੀਆਂ ਹਕੂਮਤਾਂ ਦੀਆਂ ਅੱਖਾਂ ਵਿੱਚ ਰੜਕਦਾ ਰਿਹਾ ਹੈ ਤੇ ਇਸ ਨੂੰ ਢਹਿ ਢੇਰੀ ਕਰਨ ਦੀਆਂ ਚਾਲਾਂ ਵੀ ਚਲੀਆਂ ਗਈਆਂ ਹਨ।

ਇਸ ਦੌਰਾਨ ਡਾ.ਚੀਮਾ ਨੇ ਦਰਬਾਰ ਸਾਹਿਬ 84 ਵੇਲੇ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ। ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਕਈ ਮੰਤਰੀ ਵੀ ਅੱਜ ਤੱਕ ਇਥੇ ਪੇਸ਼ ਹੁੰਦੇ ਰਹੇ ਹਨ ਪਰ ਮੁੱਖ ਮੰਤਰੀ ਪੰਜਾਬ ਨੇ ਜਥੇਦਾਰ ਵੱਲੋਂ ਦਿੱਤੇ ਗਏ ਅਲਟੀਮੇਟਮ ਦੀ ਵੀ ਪਰਵਾਹ ਨਹੀਂ ਕੀਤੀ ਹੈ। ਹਾਲਾਂਕਿ ਗੱਲ ਤਾਂ ਸਿਰਫ ਏਨੀ ਕੁ ਸੀ ਕਿ ਸਾਰੇ ਨਿਰਦੋਸ਼ਾਂ ਨੂੰ ਛੱਡਿਆ ਜਾਵੇ। ਪਰ ਸੱਤਾ ਦੇ ਹੰਕਾਰ ਮਾਨ ਦੇ ਟਵੀਟ ਵਿੱਚ ਝੱਲਕਦਾ ਹੈ। ਇਸ ਵਿੱਚ ਹੁਣ ਤੱਕ ਦੇ ਸਾਰੇ ਜਥੇਦਾਰਾਂ ਤੇ ਸਵਾਲ ਖੜਾ ਕੀਤਾ ਗਿਆ ਹੈ ਤੇ ਭੜਕਾਉਣ ਦੀ ਗੱਲ ਵੀ ਮਾਨ ਨੇ ਕੀਤੀ ਹੈ ਪਰ ਮਨੁੱਖੀ ਅਧਿਕਾਰਾਂ ਦੀ ਗੱਲ ਕਰਨਾ ਤੇ ਅੰਮ੍ਰਿਤਧਾਰੀ ਤੇ ਬੇਕਸੂਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਵਿਰੁਧ ਆਵਾਜ਼ ਚੁੱਕਣਾ ਭੜਕਾਉਣਾ ਕਿਦਾਂ ਹੋ ਗਿਆ ?

ਡਾ.ਚੀਮਾ ਨੇ ਮੁੱਖ ਮੰਤਰੀ ਮਾਨ ‘ਤੇ ਸ਼ਬਦਾਂ ਦੀ ਮਰਿਆਦਾ ਭੁੱਲਣ ਦਾ ਇਲਜ਼ਾਮ ਲਗਾਇਆ ਹੈ ਤੇ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਉਹ ਸੰਬੋਧਨ ਕਿਸ ਨੂੰ ਕਰ ਰਹੇ ਹਨ? ਉਹਨਾਂ ਨੂੰ ਖੁਦ ਜਥੇਦਾਰ ਸਾਹਿਬ ਕੋਲ ਜਾਣਾ ਚਾਹੀਦਾ ਸੀ ਪਰ ਇਸ ਦੀ ਜ਼ਰੂਰਤ ਵੀ ਨਹੀਂ ਸਮਝੀ ਗਈ ਸੀ।

ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ

ਡਾ.ਚੀਮਾ ਨੇ ਪੱਤਰਕਾਰਾਂ ਦੇ ਟਵੀਟਰ ਅਕਾਊਂਟ ਵਾਂਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਟਵੀਟ ਦੀ ਸ਼ਿਕਾਇਤ ਕਰਨ ਤੇ ਉਸ ਟਵੀਟ ਨੂੰ ਬੈਨ ਕਰਾਏ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਨੇ ਜਥੇਦਾਰ ਸਾਹਿਬ ਦੀ ਸ਼ਿਕਾਇਤ ਕੀਤੀ ਹੋਵੇ। ਹਾਲਾਂਕਿ ਜਥੇਦਾਰ ਸਾਹਿਬ ਦੀ ਸ਼ਬਦਾਵਲੀ ਨਿਮਰਤਾ ਭਰੀ ਸੀ।

ਡਾ.ਚੀਮਾ ਨੇ ਮੁੱਖ ਮੰਤਰੀ ਮਾਨ ਨੂੰ ਅਪੀਲ ਕੀਤੀ ਹੈ ਕਿ ਸੰਗਤ ਤੇ ਜਥੇਦਾਰ ਸਾਹਿਬ ਤੋਂ ਮਾਫੀ ਮੰਗਣ ਤੇ ਬੇਕਸੂਰੇ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਸਵੀਕਾਰ ਕਰਨ। ਹੁਣ ਜੇਕਰ ਸੂਬੇ ਵਿੱਚ ਲਾਅ ਐਂਡ ਆਰਡਰ ਦੇ ਤੇ ਹੋਰ ਹਾਲਾਤ ਖਰਾਬ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਦਾ ਧਿਆਨ ਹੋਰ ਪਾਸੇ ਪਾਉਣ ਲਈ ਇਸ ਤਰਾਂ ਦੇ ਹੱਥਕੰਡੇ ਅਪਨਾਏ ਜਾਣ ਤੇ ਸੂਬੇ ਨੂੰ ਬਲਦੀ ਅੱਗ ਵਿੱਚ ਝੋਂਕ ਦਿੱਤਾ ਜਾਵੇ।

ਖਟਕੜ ਕਲਾਂ ਮਾਮਲੇ ‘ਚ ਗ੍ਰਿਫ਼ਤਾਰ ਨੌਜਵਾਨਾਂ ਨੂ ਰਿਹਾਅ ਕੀਤਾ ਜਾਵੇ

ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੇ ਪਿੰਡ ਵਿੱਚ ਨੌਜਵਾਨਾਂ ਵੱਲੋਂ ਹਟਾਈਆਂ ਗਈਆਂ ਸ਼ਹੀਦ ਦੀਆਂ ਤਸਵੀਰਾਂ ਲਗਾਏ ਜਾਣ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੇ ਵੀ ਡਾ.ਚੀਮਾ ਨੇ ਇਤਰਾਜ਼ ਕੀਤਾ ਹੈ ਤੇ ਕਿਹਾ ਹੈ ਕਿ ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਤੇ ਉਹਨਾਂ ਤੇ ਬਣਦਾ ਕੇਸ ਵੀ ਖਤਮ ਕੀਤਾ ਜਾਣਾ ਚਾਹੀਦਾ ਹੈ। ਉਥੋਂ ਤਸਵੀਰਾਂ ਲਾਹੁਣੀਆਂ ਸਰਕਾਰ ਦੀ ਗਲਤੀ ਸੀ ,ਜਿਸ ਨੂੰ ਸਰਕਾਰੀ ਅਫਸਰਾਂ ਨੇ ਖੁੱਦ ਮੰਨਿਆ ਹੈ।

ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ’ਤੇ ਚੱਲੇਗਾ

ਇੱਕ ਸਵਾਲ ਦੇ ਜੁਆਬ ਵਿੱਚ ਡਾ.ਚੀਮਾ ਨੇ ਸਾਫ ਕਿਹਾ ਕਿ ਪੰਜਾਬ ਦੇ ਅਜੋਕੇ ਹਾਲਾਤਾਂ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ। ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਚੱਲੇਗਾ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਰੀਫ ਕਰਦਿਆਂ ਡਾ.ਚੀਮਾ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਹੀਰ ਵੀ ਕੱਢੀ ਜਾਵੇਗੀ ਤੇ ਸ਼ਾਂਤਮਈ ਢੰਗ ਨਾਲ ਲੋਕਾਂ ਨੂੰ ਇਸ ਸਾਰੇ ਮਾਮਲੇ ਬਾਰੇ ਜਾਗਰੂਕ ਕੀਤਾ ਜਾਵੇਗਾ।

ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਲਾਉਂਦੇ ਹੋਏ ਉਹਨਾਂ ਕਿਹਾ ਕਿ ਇਸ ਸਾਰੇ ਹਾਲਾਤਾਂ ਪਿੱਛੇ ਉਹਨਾਂ ਦਾ ਹੀ ਹੱਥ ਹੈ ਤੇ ਇਹ ਉਹਨਾਂ ਦੇ ਜਲੰਧਰ ਵਿੱਚ ਦਿੱਤੇ ਭਾਸ਼ਣ ਤੋਂ ਸਪੱਸ਼ਟ ਹੁੰਦਾ ਹੈ। ਡਾ.ਚੀਮਾ ਨੇ ਕਾਂਗਰਸ ਤੇ ਵੀ ਨਿਸ਼ਾਨੇ ਲਾਏ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਨਾਲ ਸਿੱਖੀ ਸਿਧਾਂਤਾਂ ਤੇ ਵੀ ਹਮਲਾ ਕਰਨ ਦਾ ਇਲਜ਼ਾਮ ਵੀ ਲਾਇਆ।

ਬੇਕਸੂਰਾਂ ਨੂੰ ਜੇਲ੍ਹੀ ਡੱਕਣਾ ਗਲਤ

ਅਜਨਾਲਾ ਘਟਨਾ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਖਾਲਸਾ ਵਹੀਰ ਦੌਰਾਨ ਅੰਮ੍ਰਿਤ ਛਕਾਉਣ ਨਾਲ ਕੋਈ ਹਾਲਾਤ ਖਰਾਬ ਨਹੀਂ ਹੁੰਦੇ। ਹਾਲਾਂਕਿ ਅਜਨਾਲਾ ਵਿੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਾ ਕੇ ਜਾਣਾ ਗਲਤ ਸੀ ਪਰ ਇਸ ਮਾਮਲੇ ਵਿੱਚ 300 ਬੇਕਸੂਰਾਂ ਨੂੰ ਜੇਲ੍ਹ ਵਿੱਚ ਡੱਕ ਦੇਣਾ ਗਲਤ ਹੈ।

ਇਸ ਦੌਰਾਨ ਡਾ.ਚੀਮਾ ਜਲੰਧਰ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਤੇ ਹੋਰ ਵੀ ਕਈ ਮਾਮਲਿਆਂ ਬਾਰੇ ਪੁੱਛੇ ਗਏ ਸਵਾਲ ‘ਤੇ ਕੁੱਝ ਵੀ ਕਹਿਣ ਤੋਂ ਬਚਦੇ ਨਜ਼ਰ ਆਏ।