Punjab

ਇੱਕ ਵਾਰ ਫਿਰ ਉੱਠਿਆ ਬੰਦੀ ਸਿੰਘਾਂ ਦਾ ਮਾਮਲਾ,ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਚੁੱਕੇ ਵੱਡੇ ਸਵਾਲ

ਜਲੰਧਰ : ਸ਼੍ਰੋਮਣੀ ਅਕਾਲੀ ਦਲ ਸਾਬਕਾ ਅਕਾਲੀ ਦਲ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਬੰਦੀ ਸਿੰਘਾਂ ਦੀ ਰਿਹਾਈ ਮੁੱਦੇ ‘ਤੇ ਇੱਕ ਵਾਰ ਫਿਰ ਸਵਾਲ ਚੁੱਕੇ ਹਨ। ਜਲੰਧਰ ਵਿੱਚ ਪੱਤਰਕਾਰਾਂ ਨਾਲ ਰੁਬਰੂ ਹੁੰਦੇ ਹੋਏ ਉਹਨਾਂ ਕਿਹਾ ਹੈ ਕਿ ਉਹਨਾਂ ਆਪਣੀ ਬਣਦੀ ਸਜ਼ਾ ਤੋਂ ਇਲਾਵਾ ਵਾਧੂ ਸਜ਼ਾ ਕੱਟ ਲਈ ਹੈ ਤੇ ਹੁਣ ਉਹਨਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। SGPC ਵੱਲੋਂ ਚਲਾਈ ਗਈ ਦਸਤਖਤੀ ਮੁਹਿੰਮ ਵਿੱਚ ਸ਼ਾਮਲ ਹੋਏ 25 ਲੱਖ ਲੋਕਾਂ ਨੇ ਇਹ ਮੰਗ ਕੀਤੀ ਹੈ ਤੇ ਖੁਦ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਵੀ ਇਸ ‘ਤੇ ਸਾਈਨ ਕੀਤੇ ਹਨ।

ਉਹਨਾਂ ਕਿਹਾ ਹੈ ਕਿ ਸਰਕਾਰ ਖੁਦ ਮੰਨਦੀ ਹੈ ਕਿ ਸਿੰਘ ਰਿਹਾਅ ਹੋਣੇ ਚਾਹੀਦੇ ਹਨ ਪਰ ਸਰਕਾਰ ਉਹਨਾਂ ਨੂੰ ਛੱਡ ਨਹੀਂ ਰਹੀ ਹੈ। ਭਾਈ ਦਵਿੰਦਰਪਾਲ ਸਿੰਘ ਜੋ ਕਿ 1993 ਤੋਂ ਜੇਲ੍ਹ ਵਿੱਚ ਹਨ ਤੇ ਸੁਪਰੀਮ ਕੋਰਟ ਨੇ ਉਹਨਾਂ ਦੀ ਮਾਨਸਿਕ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਨੂੰ ਮਿਲੀ ਹੋਈ ਫਾਂਸੀ ਦੀ ਸਜ਼ਾ ਵੀ ਮਾਫ਼ ਕਰ ਦਿੱਤੀ ਪਰ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਕੋਲ ਫਾਈਲ ਲਟਕੀ ਪਈ ਹੈ ਤੇ ਅੱਗੇ ਨਹੀਂ ਵੱਧ ਸਕੀ ਹੈ। ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਸ ਸੰਬੰਧੀ ਸਵਾਲ ਕੀਤਾ ਹੈ ਕਿ ਇਹ ਜੇਕਰ ਬੇਕਸੂਰ ਹਨ ਤਾਂ ਰਿਹਾਈ ਕਿਉਂ ਨਹੀਂ ਹੋ ਰਹੀ ਹੈ।

ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੀ ਆਪ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਤੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾਵੇ। ਪ੍ਰੌਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ਜੋ ਕਿ ਅੱਧ ਵਿਚਾਲੇ ਲਟਕੀ ਹੋਈ ਹੈ,ਨੂੰ ਅੱਗੇ ਤੋਰਿਆ ਜਾਵੇ ਤੇ ਉਹਨਾਂ ਨੂੰ ਰਿਹਾਅ ਕਰਵਾਇਆ ਜਾਵੇ।

ਅਕਾਲੀ ਆਗੂ ਨੇ ਸਿੱਖ ਬੰਦੀ ਭਾਈ ਗੁਰਦੀਪ ਸਿੰਘ ਖੈੜਾ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਪਿਛਲੇ 33 ਸਾਲ ਤੋਂ ਜੇਲ੍ਹ ਵਿੱਚ ਬੰਦ ਹਨ।ਇਹਨਾੰ ਨੂੰ ਦਿੱਲੀ ਤੇ ਕਰਨਾਟਕ ਕੇਸ ਵਿੱਚ ਇੱਕੋ ਕੇਸ ਵਿੱਚ ਸਜ਼ਾ ਹੋਈ । ਜਦੋਂ ਕਿ ਦਿੱਲੀ ਸਰਕਾਰ ਨੇ ਬਾਅਦ ਵਿੱਚ ਇਹਨਾਂ ਦੀ ਸਜ਼ਾ ਮੁਆਫ਼ ਕਰ ਦਿੱਤੀ ਸੀ ਪਰ ਕਰਨਾਟਕ ਸਰਕਾਰ ਨੇ ਕੋਈ ਸਜ਼ਾ ਮਾਫ਼ ਨਹੀਂ ਕੀਤੀ ਹੈ।

ਭਾਈ ਬਲਵੰਤ ਸਿੰਘ ਰਜੋਆਣਾ ਬਾਰੇ ਵੀ ਭਾਰਤ ਸਰਕਾਰ ਵੱਲੋਂ ਜਾਰੀ ਨੋਟਿਫੀਕੇਸ਼ਨ ਵਿੱਚ ਫਾਂਸੀ ਦੀ ਸਜ਼ਾ ਮਾਫ਼ ਕੀਤੇ ਜਾਣ ਦਾ ਜ਼ਿਕਰ ਕੀਤਾ ਸੀ ਪਰ ਅੱਜ ਵੀ ਕੇਸ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ।ਕੇਂਦਰ ਆਪਣੇ ਹੀ ਨੋਟਿਫੀਕੇਸ਼ਨ ਤੋਂ ਭੱਜ ਰਹੀ ਹੈ।

ਇਸ ਤੋਂ ਇਲਾਵਾ ਹੋਰ ਬੰਦੀ ਸਿੰਘ ਵੀ ਸਹੀ ਤਰੀਕੇ ਨਾਲ ਪੈਰੋਲ ਤੇ ਆਉਂਦੇ ਹਨ ਤੇ ਉਹਨਾਂ ਦਾ ਵਿਵਹਾਰ ਵੀ ਬਹੁਤ ਚੰਗਾ ਹੈ। ਇਸ ਲਈ ਉਹ ਵੀ ਰਿਹਾਈ ਦੇ ਹੱਕਦਾਰ ਹਨ।ਉਹਨਾਂ ਕੇਂਦਰ ਸਰਕਾਰ ਤੇ ਆਪ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਨਹੀਂ ਤਾਂ 10 ਮਈ ਨੂੰ ਆਉਣ ਵਾਲੀ ਚੋਣ ਵਿੱਚ ਇਹਨਾਂ ਦਾ ਬਾਈਕਾਟ ਪੰਜਾਬ ਦੇ ਲੋਕ ਕਰਨ।

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਕਿਸੇ ਵੀ ਤਰਾਂ ਦੀ ਸੂਚੀ ਨਾ ਪ੍ਰਾਪਤ ਹੋਣ ਦੇ ਦਾਅਵਿਆਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਇਹ ਸੂਚੀ ਭਾਵੇਂ ਨਹੀਂ ਦਿੱਤੀ ਗਈ ਹੈ ਪਰ ਕੇਂਦਰੀ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਸੂਚੀ ਕਈ ਵਾਰ  ਦਿੱਤੀ ਗਈ ਹੈ ਤੇ ਇਸ ਵਿੱਚੋਂ ਕੁੱਝ ਸਿੰਘ ਤਾਂ ਰਿਹਾਅ ਵੀ ਹੋ ਗਏ ਹਨ।

ਇੱਕ ਹੋਰ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਮੌਤ ਤੱਕ ਉਮਰ ਕੈਦ ਦੀ ਸਜ਼ਾ ਵਾਲਿਆਂ ਨੂੰ ਵੀ ਰਿਹਾਅ ਕਰ ਦਿੱਤਾ ਜਾਂਦਾ ਹੈ ਤਾਂ ਬੰਦੀ ਸਿੰਘਾਂ ਨਾਲ ਕਿਉਂ ਵਿਤਕਰਾ ਕੀਤਾ ਜਾਂਦਾ ਹੈ। ਰਾਜੀਵ ਗਾਂਧੀ ਦਾ ਕਾਤਲਾਂ ਦੀ ਉਦਾਹਰਣ ਵੀ ਉਹਨਾਂ ਇਸ ਦੌਰਾਨ ਦਿੱਤੀ।ਇਹਨਾਂ ਦੇ ਪੈਰੋਲ ਤੇ ਆਉਣ ਵੇਲੇ ਵੀ ਮਾਹੌਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਹੈ। ਇਸ ਦੀਆਂ ਕਈਆਂ ਉਦਾਹਰਣਾਂ ਵੀ ਹਨ।

ਪੈਰੋਲ ਤੋਂ ਆਏ ਬੰਦੀ ਸਿੰਘਾਂ ਵੱਲੋਂ ਉਹਨਾਂ ਦੀ ਪੁੱਛ-ਪ੍ਰਤੀਤ ਨਾ ਕੀਤੇ ਜਾਣ ਸੰਬੰਧੀ ਪ੍ਰਗਟਾਏ ਰੰਜ ਸੰਬੰਧੀ ਪੁੱਛੇ ਗਏ ਸਵਾਲ ਦੇ ਜੁਆਬ ਵਿੱਚ ਵਲਟੋਹਾ ਨੇ ਇਸ ਤੱਥ ਨਾਲ ਸਹਿਮਤੀ ਪ੍ਰਗਟਾਈ ਕਿ ਜਿੰਨੀ ਦੀ ਸਿੰਘਾਂ ਦੀ ਪੈਰਵਾਈ ਹੋਣੀ ਚਾਹੀਦੀ ਸੀ,ਉਨੀ ਨਹੀਂ ਹੋਈ ਹੈ ਪਰ ਸ਼੍ਰੋਮਣੀ ਕਮੇਟੀ ਪਿਛਲੇ 3 ਮਹੀਨਿਆਂ ਤੋਂ ਇਹਨਾਂ ਦੇ ਪਰਿਵਾਰਾਂ ਨੂੰ 20,000 ਸਨਮਾਨ ਰਾਸ਼ੀ ਦੇ ਰਹੀ ਹੈ। ਇਸ ਤੋਂ ਇਲਾਵਾ ਕਈ ਵਾਰ ਇਹਨਾਂ ਨੂੰ ਅਰਥਿਕ ਸਹਾਇਤਾ ਤੇ ਕੇਸ ਦੀ ਪੈਰਵਾਈ ਵੀ ਲਗਾਤਾਰ SGPC ਨੇ ਕੀਤੀ ਹੈ।

ਲਾਪਤਾ  ਸਰੂਪਾਂ ਸੰਬੰਧੀ ਪੁੱਛੇ ਗਏ ਸਵਾਲ ਦੇ ਜੁਆਬ ਵਿੱਚ ਵਲਟੋਹਾ ਨੇ ਕਿਹਾ ਕਿ ਇਸ ਬਾਰੇ ਕੋਈ ਵੀ ਬਿਆਨ ਦੇਣਾ ਮੇਰੇ ਅਧਿਕਾਰੀ ਖੇਤਰ ਵਿੱਚ ਨਹੀਂ ਹੈ ਪਰ ਜਥੇਦਾਰ ਅਕਾਲ ਤਖ਼ਤ ਸਾਹਿਬ ਵਾਲੀ ਕਮੇਟੀ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਤੇ SGPC ਪ੍ਰਧਾਨ ਧਾਮੀ ਨੇ ਇਸ ਬਾਰੇ ਬਹੁਤ ਵਿਸਤਾਰ ਵਿੱਚ ਦੱਸ ਦਿੱਤਾ ਸੀ ਕਿ ਕੋਈ ਬੇਅਦਬੀ ਨਹੀਂ ਹੋਈ ਹੈ ਸਗੋਂ ਇੱਕ ਮੁਲਾਜ਼ਮ ਨੇ ਪੈਸੇ ਜੇਬ ਵਿੱਚ ਪਾਉਣ ਲਈ ਸਹੀ ਰਿਕਾਰਡ ਨਹੀਂ ਰੱਖਿਆ,ਜਿਸ ਕਾਰਨ ਇਹ ਸਭ ਹੋਇਆ। ਸਾਰੇ ਸਰੂਪ ਮਰਿਆਦਾ ਸਹਿਤ ਸੁਸ਼ੋਭਿਤ ਹਨ।ਬੇਅਦਬੀ ਤਾਂ ਕੱਲ ਮੋਰਿੰਡਾ ਵਿਖੇ ਹੋਈ ਹੈ ਤੇ ਉਸ ਸੰਬੰਧੀ ਕੋਈ ਗੱਲ ਨਹੀਂ ਕਰ ਰਿਹਾ।

ਚੰਡੀਗੜ੍ਹ ਕੌਮੀ ਇਨਸਾਫ਼ ਮੋਰਚੇ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਹੈ ਕਿ ਅਕਾਲੀ ਦਲ ਮੋਰਚੇ ਦੀ ਪੂਰੀ ਹਮਾਇਤ ਕਰਦਾ ਹੈ ਤੇ ਬੀਤੇ ਸਾਲ ਇਸ ਸੰਬੰਧ ਵਿੱਚ ਘੱਟ ਤੋਂ ਘੱਟ 12-13 ਪ੍ਰੈਸ ਕਾਨਫਰੰਸਾਂ ਚੰਡੀਗੜ੍ਹ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਹੋਈਆਂ ਹਨ।