India

ਵੀਜ਼ੇ ‘ਚ ਦੇਰੀ ਤੋਂ ਗੁੱਸੇ ਨੌਜਵਾਨ ਨੇ ਟਰੈਵਲ ਏਜੰਸੀ ਦੀ ਮਹਿਲਾ ਕਰਮਚਾਰੀ ਨਾਲ ਕੀਤਾ ਇਹ ਸਲੂਕ

The young man, angry at the delay in the visa, attacked the female employee of the travel agency

ਕੇਰਲ ਵਿਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਵੀਜ਼ਾ ਨੂੰ ਲੈ ਕੇ ਹੋਈ ਬਹਿਸ ਦੌਰਾਨ ਇੱਕ ਟਰੈਵਲ ਏਜੰਸੀ ਦੀ ਮਹਿਲਾ ਕਰਮਚਾਰੀ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਨੌਜਵਾਨ ਨੇ ਔਰਤ ਦੇ ਗਲੇ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਔਰਤ ਦੀ ਪਛਾਣ ਸੂਰਿਆ ਵਜੋਂ ਹੋਈ ਹੈ, ਜੋ ਕਿ ਥੋਡੁਪੁਝਾ ਦੀ ਰਹਿਣ ਵਾਲੀ ਹੈ ਅਤੇ ਉਸ ਨੂੰ ਮੈਡੀਕਲ ਟਰੱਸਟ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ।

ਮੁਲਜ਼ਮ ਦੀ ਪਛਾਣ ਜੌਲੀ ਵਾਸੀ ਪੱਲੂਰੁਥੀ ਵਜੋਂ ਹੋਈ ਹੈ ਅਤੇ ਘਟਨਾ ਦੇ ਸਬੰਧ ਵਿੱਚ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਟਾਈਮਜ਼ ਨਾਓ ਦੀ ਰਿਪੋਰਟ ਮੁਤਾਬਕ ਇਹ ਘਟਨਾ ਕੋਚੀ ਦੇ ਰਵੀਪੁਰਮ ‘ਚ ਟਰੈਵਲ ਏਜੰਸੀ ਦੇ ਦਫ਼ਤਰ ‘ਚ ਵਾਪਰੀ।

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ ‘ਚ ਔਰਤ ਨੂੰ ਖੂਨ ਨਾਲ ਲੱਥਪੱਥ ਪਿਆ ਦੇਖਿਆ ਜਾ ਸਕਦਾ ਹੈ ਅਤੇ ਹਮਲੇ ਤੋਂ ਬਾਅਦ ਮਦਦ ਲਈ ਦੁਹਾਈ ਦੇ ਰਹੀ ਹੈ। ਜਦੋਂ ਨੌਜਵਾਨ ਔਰਤ ‘ਤੇ ਹਮਲਾ ਕਰਦਾ ਹੈ, ਤਾਂ ਉਹ ਦਫਤਰ ਤੋਂ ਬਾਹਰ ਭੱਜਦੀ ਹੈ ਅਤੇ ਖੂਨ ਨਾਲ ਲੱਥਪੱਥ ਮਦਦ ਲਈ ਚੀਕਦੀ ਹੈ।

ਗੰਭੀਰ ਜ਼ਖਮੀ ਔਰਤ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਹਿਰਾਸਤ ਵਿੱਚ ਲੈ ਲਿਆ। ਘਟਨਾ ਦੀ ਸੀਸੀਟੀਵੀ ਫੁਟੇਜ ਖੌਫਨਾਕ ਹੈ। ਪੁਲਿਸ ਨੇ ਦੱਸਿਆ ਕਿ ਇਹ ਹਮਲਾ ਵੀਜ਼ਾ ਵਿੱਚ ਦੇਰੀ ਨੂੰ ਲੈ ਕੇ ਹੋਏ ਝਗੜੇ ਕਾਰਨ ਹੋਇਆ ਹੈ।

ਮੁਲਜ਼ਮ ਨੇ ਵੀਜ਼ੇ ਦੀ ਪ੍ਰਕਿਰਿਆ ਲਈ ਕੁਝ ਰਕਮ ਅਦਾ ਕੀਤੀ ਸੀ। ਜਦੋਂ ਉਹ ਅੱਪਡੇਟ ਬਾਰੇ ਪੁੱਛਣ ਆਇਆ ਤਾਂ ਉਹ ਆਪਣੇ ਨਾਲ ਚਾਕੂ ਲੈ ਕੇ ਆਇਆ ਸੀ ਅਤੇ ਦਫ਼ਤਰ ਅੰਦਰ ਦਾਖ਼ਲ ਹੋ ਕੇ ਬਹਿਸ ਕਰਨ ਲੱਗ ਪਿਆ ਅਤੇ ਫਿਰ ਮਹਿਲਾ ਮੁਲਾਜ਼ਮ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਸੂਰਿਆ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।