International Punjab

40 ਪੰਜਾਬੀ ਨੌਜਵਾਨਾਂ ਦਾ ਪੁਲਿਸ ਅਧਿਕਾਰੀ ਨਾਲ ਤਕਰਾਰ ਮਾਮਲਾ : ਸਰੀ ਤੋਂ ਅਸਲ ਸੱਚ ਆਇਆ ਸਾਹਮਣੇ…

Punjabi youth's conflict with the police officer in Surrey

ਕੈਨੇਡਾ ਦੇ ਸਰੀ(Surrey) ਵਿੱਚ ਬੀਤੇ ਦਿਨੀਂ 40 ਦੇ ਕਰੀਬ ਪੰਜਾਬੀ ਨੌਜਵਾਨਾਂ(40 Punjabi youths) ਨੇ ਇੱਕ ਪੁਲੀਸ ਅਫ਼ਸਰ(Canadian police officer) ਦੀ ਡਿਊਟੀ ’ਚ ਵਿਘਨ ਪਾਉਣ ਦਾ ਮਾਮਲਾ ਸੁਰਖ਼ੀਆਂ ਵਿੱਚ ਹੈ। ਖ਼ਾਸ ਗੱਲ ਇਹ ਹੈ ਕਿ ਇਸ ਮਾਮਲੇ ਬਾਰੇ ਕਈ ਮੀਡੀਆ ਅਦਾਰਿਆਂ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਭਾਰਤ ਭੇਜੇ(face deportation) ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਪਿੱਛੇ ਕਾਰਨ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਦੱਸਿਆ ਜਾ ਰਿਹਾ ਹੈ। ਘਟਨਾ ਦੀ ਵਜ੍ਹਾ ਤਿੰਨ ਘੰਟੇ ਤੋਂ ਕਾਰ ਵਿੱਚ ਉੱਚੀ ਆਵਾਜ਼ ’ਚ ਸੰਗੀਤ ਵਜਾ ਕੇ ਘੁੰਮਣਾ ਦੱਸਿਆ ਜਾ ਰਿਹਾ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਸਲ ਕਾਰਨ ਕੁੱਝ ਹੋਰ ਸੀ, ਜੋ ਹੁਣ ਤੱਕ ਸਾਹਮਣੇ ਨਹੀਂ ਆਇਆ। ਸਰੀ ਤੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਵਾਲੇ ਗੁਰਪ੍ਰੀਤ ਸਿੰਘ ਸਹੋਤਾ ਨੇ ਖ਼ਾਲਸ ਟੀਵੀ ਨਾਲ ਇਸ ਸਾਰੇ ਮਾਮਲੇ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ।

40 ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕਰਨ ਵਾਲੀ ਗੱਲ ਝੂਠੀ!

ਸਹੋਤਾ ਨੇ 40 ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕਰਨ ਵਾਲੀ ਗੱਲ ਨੂੰ ਝੂਠ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਕਾਨੂੰਨ ਮੁਤਾਬਿਕ ਕਿਸੇ ਵੀ ਮੁਲਜ਼ਮ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਫੜਿਆ ਜਾਂਦਾ ਹੈ, ਉਸ ਤੋਂ ਬਾਅਦ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਅਦਾਲਤ ਵੱਲੋਂ ਉਸ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਵੀ ਡਿਪੋਰਟ ਕੀਤਾ ਜਾ ਸਕਦਾ ਹੈ। ਇਸ ਸਾਰੀ ਮਹੀਨਿਆਂ ਵਧੀ ਪ੍ਰਕਿਰਿਆ ਹੈ ਅਤੇ 40 ਨੌਜਵਾਨਾਂ ਨੂੰ ਡਿਪੋਰਟ ਕਰਨਾ ਇੰਨਾ ਸੋਖਾ ਕੰਮ ਨਹੀਂ ਹੈ। ਜਦਕਿ ਘਟਨਾ ਦੀ ਵੀਡੀਓ ਵਿੱਚ ਸਪਸ਼ਟ ਦੇਖਿਆ ਜਾ ਸਕਦਾ ਹੈ ਕਿ ਦੋ ਚਾਰ ਨੌਜਵਾਨ ਹੀ ਪੁਲਿਸ ਅਧਿਕਾਰੀ ਦੇ ਨੇੜੇ ਸਨ ਬਾਕੀ ਤਾਂ ਮਾਮਲੇ ਨੂੰ ਦੇਖ ਰਹੇ ਸਨ।

ਇਹ ਸੀ ਸਾਰਾ ਮਾਮਲਾ

ਸਹੋਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੱਕ ਪੁਲਿਸ ਅਧਿਕਾਰੀ ਨਾਲ ਕੁੱਝ ਪੰਜਾਬੀ ਨੌਜਵਾਨਾਂ ਦੀ ਤਕਰਾਰ ਬਾਰੇ ਜੋ ਵੀਡੀਓ ਘੁੰਮ ਰਹੀ ਹੈ, ਉਸ ਬਾਰੇ ਸਰੀ ਆਰਸੀਐਮਪੀ ਨੇ ਸਪਸ਼ਟ ਕਰਦਿਆਂ ਦੱਸਿਆ ਹੈ ਕਿ ਉਸ ਇਲਾਕੇ ‘ਚ ਕੰਮ ਕਰਦੇ ਇੱਕ ਸਕਿਓਰਟੀ ਗਾਰਡ ਦੀ ਪੁਲਿਸ ਨੂੰ ਸ਼ਿਕਾਇਤ ਵਾਸਤੇ ਕਾਲ ਗਈ ਸੀ ਕਿ ਇੱਕ ਗੱਡੀ ਬੀਤੇ ਤਿੰਨ ਘੰਟਿਆਂ ਤੋਂ ਬਹੁਤ ਉੱਚੀ ਆਵਾਜ਼ ਕਰਦੀ ਹੋਈ, ਇੱਥੇ ਗੇੜੀਆਂ ਕੱਢ ਰਹੀ ਹੈ ਅਤੇ ਇਸ ਨਾਲ ਆਲੇ-ਦੁਆਲੇ ਦੇ ਵਪਾਰ ਤੇ ਗਾਹਕ ਪਰੇਸ਼ਾਨ ਹੋ ਰਹੇ ਹਨ।

ਸ਼ਿਕਾਇਤ ਦੇ ਹੱਲ ਲਈ ਜਦੋਂ ਪੁਲਿਸ ਅਧਿਕਾਰੀ ਉੱਥੇ ਪੁੱਜਿਆ ਤਾਂ ਉਸ ਨੇ ਦੇਖਿਆ ਕਿ ਇਹ ਗੱਡੀ ਉੱਥੇ ਮੌਜੂਦ ਸੀ ਅਤੇ ਇਸ ਦਾ ਮਫਲਰ (ਸਾਇਲੰਸਰ) ਬਦਲ ਕੇ ਇਸ ਤਰਾਂ ਕਰਵਾਇਆ ਹੋਇਆ ਸੀ ਕਿ ਇਹ ਵਧੇਰੇ ਆਵਾਜ਼ ਕੱਢੇ। ਇਹ ਟਰੈਫ਼ਿਕ ਨਿਯਮ ਦੀ ਉਲੰਘਣਾ ਹੈ, ਜਿਸ ਬਦਲੇ ਪੁਲਿਸ ਅਧਿਕਾਰੀ ਵੱਲੋਂ ਗੱਡੀ ਦੇ ਚਾਲਕ ਨੂੰ ਟਿਕਟ ਦਿੱਤੀ ਗਈ ਅਤੇ ਨਾਲ ਹੀ ”ਨੋਟਿਸ ਆਫ਼ ਆਰਡਰ” ਦਿੱਤਾ ਗਿਆ ਕਿ ਗੱਡੀ ਦਾ ਮਫਲਰ (ਸਾਇਲੰਸਰ) ਸਹੀ ਕਰਵਾ ਕੇ ਮੁੜ ਜਾਂਚ ਕਰਵਾਈ ਜਾਵੇ।

Punjabi youth's conflict with the police officer in Surrey
ਵਾਇਰਲ ਵੀਡੀਓ ਤੋਂ ਤਸਵੀਰ।

ਉਸ ਤੋਂ ਬਾਅਦ ਉਸ ਪੁਲਿਸ ਅਧਿਕਾਰੀ ਨਾਲ ਜੋ ਵਿਹਾਰ ਕੀਤਾ ਗਿਆ, ਉਹ ਬਹੁਤਿਆਂ ਨੇ ਵੀਡੀਓ ਵਿੱਚ ਦੇਖ ਲਿਆ ਹੈ। ਪੁਲਿਸ ਮੁਤਾਬਿਕ ਪੁਲਿਸ ਅਧਿਕਾਰੀ ਨੇ ਕਾਨੂੰਨ ਮੁਤਾਬਿਕ ਕੰਮ ਕੀਤਾ ਅਤੇ ਇਸ ਵਿੱਚ ਕਿਸੇ ਵੀ ਤਰਾਂ ਦੇ ਨਸਲਵਾਦ ਦਾ ਕੋਈ ਮਸਲਾ ਹੀ ਨਹੀਂ ਹੈ।

ਪੁਲਿਸ ਨੇ ਇਹ ਕਿਹਾ…

ਪੁਲਿਸ ਬੁਲਾਰੇ ਸਰਬਜੀਤ ਕੌਰ ਸੰਘਾ ਨੇ “ਚੜ੍ਹਦੀ ਕਲਾ” ਨਾਲ ਗੱਲ ਕਰਦਿਆਂ ਇਹ ਵੀ ਕਿਹਾ ਕਿ ਅਕਸਰ ਸਾਨੂੰ ਲੋਕ ਸ਼ਿਕਾਇਤਾਂ ਕਰਦੇ ਹਨ ਕਿ ਕੁੱਝ ਹੁੱਲੜਬਾਜ਼ ਸਟਰਾਅਬੇਰੀ ਹਿੱਲ ਇਲਾਕੇ ‘ਚ ਅਜਿਹੀਆਂ ਹਰਕਤਾਂ ਕਰਦੇ ਹਨ, ਜਿਸ ਕਾਰਨ ਆਮ ਲੋਕ ਉੱਥੇ ਜਾਨੋਂ ਵੀ ਡਰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਸ਼ਹਿਰ ਉਨ੍ਹਾਂ ਦਾ ਹੈ, ਜੇ ਕੋਈ ਹੁੱਲੜਬਾਜ਼ੀ ਕਰਦਾ ਹੈ ਤਾਂ ਉਹ ਪੁਲਿਸ ਕਾਲ ਕਰਨ, ਤੁਰੰਤ ਕਾਰਵਾਈ ਕੀਤੀ ਜਾਵੇਗੀ ਪਰ ਉਹ ਡਰ ਦੇ ਮਾਹੌਲ ਵਿੱਚ ਨਾ ਜਿਊਣ ਅਤੇ ਨਾ ਹੀ ਸਟਰਾਅਬੇਰੀ ਹਿੱਲ ਪਲਾਜ਼ੇ ਵਿੱਚ ਜਾਣਾ ਬੰਦ ਕਰਨ। ਉਲਟਾ ਆਮ ਵਾਂਗ ਉੱਥੇ ਜਾਣ, ਬਿਲਕੁਲ ਵੀ ਨਾ ਘਬਰਾਉਣ।