ਅੰਮ੍ਰਿਤਸਰ : ਪੰਜਾਬ ਪੁਲਿਸ ਨੂੰ ਅੱਜ ਸਵੇਰੇ ਦੋ ਵੱਡੀਆਂ ਕਾਮਯਾਬੀਆਂ ਮਿਲੀਆਂ ਹਨ। ਅੱਜ ਤੜਕੇ ਹੋਈ ਕਾਰਵਾਈ ਵਿੱਚ ਪੁਲਿਸ ਨੂੰ ਲੋੜੀਂਦੇ ਦੋ ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਹੋਈ ਹੈ। ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿੱਚ ਨਾਮਜ਼ਦ ਕੀਤੇ ਗਏ ਗੈਂਗਸਟਰ ਮਨੀ ਰਈਆ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਕਾਰਵਾਈ ਦੇ ਦੋਰਾਨ ਇਹ ਗ੍ਰਿਫ਼ਤਾਰੀ ਹੋਈ ਹੈ। ਮਨੀ ਰਈਆ ਦੇ ਨਾਲ ਨਾਲ ਇੱਕ ਹੋਰ ਨਾਮੀ ਗੈਂਗਸਟਰ ਮਨਦੀਪ ਤੂਫਾਨ ਵੀ ਪੁਲਿਸ ਦੇ ਅੜਿਕੇ ਆਇਆ ਹੈ,ਤੂਫਾਨ ਪਹਿਲਾਂ ਹੀ ਮੋਸਟ ਵਾਂਟੇਡ ਸੀ ਤੇ ਕਤਲ ਦੇ ਕਈ ਮਾਮਲਿਆਂ ‘ਚ ਨਾਮਜ਼ਦ ਸੀ । ਇਸ ਨੂੰ ਤਰਨਤਾਰਨ ਪੁਲਿਸ ਨੇ ਤਰਨਤਾਰਨ ਦੇ ਪਿੰਡ ਕੱਥ ਜੰਡਿਆਲਾ ਗੁਰੂ ਤੋਂ ਕਾਬੂ ਕੀਤਾ ਹੈ। ਜਦੋਂ ਕਿ ਗੈਂਗਸਟਰ ਮਨਪ੍ਰੀਤ ਉਰਫ਼ ਮਨੀ ਰਈਆ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅਜਨਾਲਾ ਰੋਡ ਤੋਂ ਗ੍ਰਿਫਤਾਰ ਕੀਤਾ ਹੈ। ਮਨੀ ਰਈਆ ਰਾਣਾ ਕੰਦੋਵਾਲੀਆ ਕਤਲਕਾਂਡ ‘ਚ ਨਾਮਜ਼ਦ ਸੀ ਤੇ ਇਸ ਦੇ ਮੂਸੇਵਾਲਾ ਕਤਲਕਾਂਡ ਨਾਲ ਵੀ ਤਾਰ ਜੁੜੇ ਨੇ। ਰਈਆ ‘ਤੇ ਦਰਜ ਕਈ ਮਾਮਲਿਆਂ ਵਿੱਚ ਪੁਲਿਸ ਨੂੰ ਕਾਫੀ ਸਮੇਂ ਤੋਂ ਇਸ ਦੀ ਤਲਾਸ਼ ਸੀ।

ਮਨੀ ਰਈਆ

ਗੈਂਗਸਟਰ ਮਨਦੀਪ ਸਿੰਘ ਉਰਫ ਤੂਫ਼ਾਨ ਉਰਫ਼ ਲੰਡਾ ਦੀ ਗੱਲ ਕਰੀਏ ਤਾਂ ਇਹ ਬਟਾਲਾ ਸ਼ਹਿਰ ਦੇ ਸੁੰਦਰ ਨਗਰ ਦਾ ਰਹਿਣ ਵਾਲਾ ਹੈ । ਗੈਂਗਸਟਰ ਮਨਦੀਪ ਤੂਫਾਨ ‘ਤੇ ਸਭ ਤੋਂ ਪਹਿਲਾ ਮਾਮਲਾ ਸੰਨ 2018 ਚ ਨਾਜਾਇਜ਼ ਪਿਸਤੌਲ ਦਾ ਦਰਜ ਹੋਇਆ ਸੀ। ਉਸ ਤੋਂ ਬਾਅਦ ਮਨਦੀਪ ਗੈਂਗਸਟਰਾਂ ਦੀ ਦੁਨੀਆਂ ਚ ਸ਼ਾਮਲ ਹੋ ਗਿਆ। ਤੂਫ਼ਾਨ ਤੇ ਕਤਲ ਅਤੇ ਨਾਜਾਇਜ਼ ਅਸਲੇ ਦੇ ਕਈ ਮਾਮਲੇ ਵੱਖ ਵੱਖ ਥਾਣਿਆਂ ਚ ਦਰਜ ਹਨ। ਜਿਨ੍ਹਾਂ ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ,ਡੇਰਾ ਬਾਬਾ ਨਾਨਕ ਦੇ ਇਕ ਸਾਬਕਾ ਫੌਜੀ ਦਾ ਮਾਮਲਾ ਵੀ ਸ਼ਾਮਲ ਹੈ।

ਗੈਂਗਸਟਰ ਮਨਦੀਪ ਤੂਫਾਨ
ਗੈਂਗਸਟਰ ਮਨਦੀਪ ਤੂਫਾਨ

ਇਸ ਤੋਂ ਇਲਾਵਾ ਪੁਲਿਸ ਵਲੋਂ ਪਿਛਲੇ ਦਿਨੀਂ ਗ੍ਰਿਫਤਾਰ ਕੀਤੇ ਗਏ ਕਪਿਲ ਪੰਡਿਤ ਤੋਂ ਪੁੱਛਗਿੱਛ ਕਰਨ ਲਈ ਮੁੰਬਈ ਪੁਲਿਸ ਪੰਜਾਬ ਪਹੁੰਚ ਚੁੱਕੀ ਹੈ। ਪੰਡਿਤ ਕੋਲੋਂ ਫਿਲਮ ਸਟਾਰ ਸਲਮਾਨ ਖਾਨ ਦੀ ਹੱਤਿਆ ਦੀ ਕੋਸ਼ਿਸ਼ ਨੂੰ ਲੈ ਕੇ ਪੁੱਛਗਿੱਛ ਕੀਤੀ ਜਾਣੀ ਹੈ ਤੇ ਸਿਰਫ਼ ਇਸ ਤੋਂ ਹੀ ਨਹੀਂ, ਜੇਲ੍ਹਾਂ ‘ਚ ਬੰਦ ਕਈ ਹੋਰ ਗੈਂਗਸਟਰਾਂ ਤੋਂ ਵੀ ਮੁੰਬਈ ਪੁਲਿਸ ਦੀ ਟੀਮ ਪੁੱਛਗਿੱਛ ਕਰੇਗੀ।

ਕਪਿਲ ਪੰਡਿਤ

ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕਪਿਲ ਪੰਡਿਤ ਨੇ ਖੁਲਾਸਾ ਕੀਤਾ ਸੀ ਕਿ ਲਾਰੈਂਸ ਗੈਂਗ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ ਵੀ ਬਣਾਈ ਸੀ ਤੇ ਇਸ ਲਈ ਹਥਿਆਰ ਉਪਲਬੱਧ ਕਰਵਾਏ ਗਏ ਸੀ,ਲਾਰੈਂਸ ਦੇ ਸ਼ੂਟਰ ਕਾਫੀ ਸਮਾਂ ਬੰਬੇ ਵੀ ਰਹੇ ਸੀ ਤੇ ਖਾਨ ਦੀ ਰੇਕੀ ਵੀ ਕੀਤੀ ਗਈ ਸੀ।

 

ਇਸ ਸਬੰਧ ਵਿੱਚ ਡੀਜੀਪੀ ਪੰਜਾਬ ਗੋਰਵ ਯਾਦਵ ਨੇ ਟਵੀਟ ਕੀਤਾ ਹੈ ਤੇ ਇਹਨਾਂ ਗ੍ਰਿਫਤਾਰੀਆਂ ਦੀ ਪੁਸ਼ਟੀ ਕੀਤੀ ਹੈ । ਟਵੀਟ ਵਿੱਚ ਲਿਖਿਆ ਗਿਆ ਹੈ ਕਿ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਕਾਰਵਾਈ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਦੋ ਮੁੱਖ ਭਗੌੜੇ ਮੈਂਬਰਾਂ ਮਨਦੀਪ ਤੂਫਾਨ ਅਤੇ ਮਨਪ੍ਰੀਤ ਮਨੀ ਰਈਆ ਨੂੰ ਗ੍ਰਿਫਤਾਰ ਕੀਤਾ ਹੈ । ਇਹਨਾਂ ਦਾ ਸਬੰਧ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਹੈ ਤੇ ਦੋਵੇਂ ਕਤਲ, ਡਕੈਤੀ ਅਤੇ ਸਿੱਧੂ ਮੂਸੇ ਵਾਲਾ ਕਤਲ ਕੇਸ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਲੋੜੀਂਦੇ ਸਨ।