Punjab

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਦੀ ਹੋਈ ਸ਼ੁਰੂਆਤ,ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਕੀਤਾ ਗਿਆ ਦਾਅਵਾ

The Punjab School Education Board has started the annual examinations, it has been claimed that all the arrangements have been completed

ਮੁਹਾਲੀ : ਅੱਜ ਬਾਹਰਵੀਂ ਜਮਾਤ ਦੇ ਇਮਤਿਹਾਨਾਂ ਦੀ ਸ਼ੁਰੂਆਤ ਦੇ ਨਾਲ ਹੀ ਸਕੂਲ ਸਿੱਖਿਆ ਵਿਭਾਗ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ( Punjab School Education Board  ) ਨੇ ਪੰਜਵੀਂ, ਅੱਠਵੀਂ, ਦਸਵੀਂ ਦੀਆਂ ਬੋਰਡ ਪ੍ਰੀਖਿਆਵਾਂ ਸਬੰਧੀ ਵੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਜਾਣਕਾਰੀ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਦਿੱਤੀ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਦੀ ਸ਼ੁਰੂਆਤ 12 ਵੀ ਸ਼੍ਰੇਣੀ ਦੀ ਪ੍ਰੀਖਿਆ ਨਾਲ ਹੋ ਰਹੀ ਹੈ।

ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ 12ਵੀ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਦੀ ਗਿਣਤੀ 299744 ਹੈ। ਇਸੇ ਤਰ੍ਹਾਂ ਓਪਨ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੀ ਗਿਣਤੀ 14501 ,ਵਾਧੂ ਵਿਸ਼ਾ ਕੈਟਾਗਰੀ ਅਧੀਨ ਪ੍ਰੀਖਿਆ ਦੇਣ ਵਾਲੇ 713 ਪ੍ਰੀਖਿਆਰਥੀ, ਕਾਰਗੁਜਾਰੀ ਵਧਾਉਣ ਲਈ ਕੁੱਲ 30 ਪ੍ਰੀਖਿਆਰਥੀ ਪਰੀਖਿਆ ਦੇ ਰਹੇ ਹਨ। ਇਸੇ ਤਰ੍ਹਾਂ ਰੀ – ਅਪੀਅਰ ਪ੍ਰੀਖਿਆ ਅਧੀਨ ਕੁੱਲ 1095 ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ ਹਨ। ਅੱਜ ਸ਼ੁਰੂ ਹੋਈਆਂ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਲਈ 3914 ਸਕੂਲਾਂ ਵਿੱਚ ਕੁੱਲ 2255 ਪਰੀਖਿਆ ਕੇਂਦਰ ਬਣਾਏ ਗਏ ਹਨ।

ਸਾਲ 2022-23 ਲਈ 25 ਫ਼ਰਵਰੀ 2023 ਤੋਂ ਸ਼ੁਰੂ ਹੋਣ ਵਾਲੀ ਪੰਜਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ 4 ਮਾਰਚ 2023 ਤੱਕ ਜਾਰੀ ਰਹੇਗੀ।ਜਿਸ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਦੀ ਗਿਣਤੀ 298296 ਹੈ ਤੇ ਇਹਨਾਂ ਲਈ 17307 ਸੈਲਫ ਪ੍ਰੀਖਿਆ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ। ਅੱਠਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਵਿੱਚ ਬੈਠਣ ਵਾਲੇ ਕੁੱਲ 310311 ਵਿਦਿਆਰਥੀਆਂ ਲਈ 10694 ਸਕੂਲਾਂ ਵਿੱਚ ਕੁੱਲ 2482 ਪਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ।

ਸਿੱਖਿਆ ਮੰਤਰੀ ਨੇ ਅੱਗੇ ਦੱਸਿਆ ਹੈ ਕਿ ਦਸਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਵਿੱਚ ਬੈਠਣ ਵਾਲੇ ਰੈਗੂਲਰ 285068, ਓਪਨ ਸਕੂਲ ਪ੍ਰਣਾਲੀ ਅਧੀਨ ਪਰੀਖਿਆ ਦੇਣ ਵਾਲੇ ਕੁੱਲ 10361 , ਵਾਧੂ ਵਿਸ਼ਾ ਕੈਟਾਗਰੀ ਅਧੀਨ ਕੁੱਲ 2366 , ਕਾਰਗੁਜਾਰੀ ਵਧਾਉਣ ਲਈ ਪਰੀਖਿਆ ਦੇਣ ਵਾਲੇ ਕੁੱਲ 20 ਤੇ ਰੀ- ਅਪੀਅਰ ਵਿਸ਼ਿਆਂ ਦੀ ਪਰੀਖਿਆ ਦੇਣ ਵਾਲੇ ਕੁੱਲ 1090 ਪ੍ਰੀਖਿਆਰਥੀਆਂ ਲਈ 7178 ਸਕੂਲਾਂ ਵਿੱਚ 2576 ਪਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਹਨਾਂ ਸਾਰੀਆਂ ਪ੍ਰੀਖਿਆਵਾਂ ਨੂੰ ਸ਼ਾਂਤੀਪੂਰਨ ਅਤੇ ਸੁਵਿਧਾਜਨਕ ਤਰੀਕੇ ਨਾਲ ਮੁਕੰਮਲ ਕਰਵਾਉਣ ਲਈ ਪ੍ਰਬੰਧ ਪੂਰੇ ਕਰ ਲਏ ਗਏ ਹਨ। ਬਾਰਵੀਂ ਸ਼੍ਰੇਣੀ ਦੀ ਪ੍ਰੀਖਿਆ ਲਈ ਪ੍ਰਸ਼ਨ ਪੱਤਰ ਸਮੂਹ ਜਿਲ੍ਹਿਆਂ ਦੇ ਬੈਂਕਾਂ ਨੂੰ ਸੌਂਪ ਦਿੱਤੇ ਗਏ ਹਨ। ਇਸੇ ਤਰ੍ਹਾਂ ਪੰਜਵੀਂ ਅੱਠਵੀਂ ਸ਼੍ਰੇਣੀਆਂ ਦੇ ਪ੍ਰਸ਼ਨ ਪੱਤਰ 21 ਫਰਵਰੀ ਨੂੰ ਅਤੇ 10ਵੀਂ ਸ਼੍ਰੇਣੀ ਦੇ ਪ੍ਰਸ਼ਨ ਪੱਤਰ 17 ਮਾਰਚ ਨੂੰ ਬੈਂਕਾਂ ਵਿਚ ਪਹੁੰਚਾ ਦਿੱਤੇ ਜਾਣਗੇ। ਜਿੱਥੋਂ ਪ੍ਰੀਖਿਆਵਾਂ ਵਿੱਚ ਤਾਇਨਾਤ ਅਮਲਾ ਪ੍ਰਸ਼ਨ ਪੱਤਰ ਪ੍ਰਾਪਤ ਕਰੇਗਾ। ਪ੍ਰੀਖਿਆਵਾਂ ਵਿੱਚ ਤਾਇਨਾਤ ਅਮਲੇ ਨੂੰ ਪ੍ਰੀਖਿਆਵਾਂ ਦੇ ਸੰਚਾਲਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ । ਪਾਰਦਰਸ਼ਿਤਾ ਲਈ ਕੈਮਰਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ।

ਸਿੱਖਿਆ ਮੰਤਰੀ ਨੇ ਇਹ ਵੀ ਦੱਸਿਆ ਕਿ ਸੂਬੇ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਵੀ ਪ੍ਰੀਖਿਆਵਾਂ ਦੀ ਨਿਗਰਾਨੀ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸੁਚਾਰੂ ਢੰਗ ਨਾਲ ਪ੍ਰੀਖਿਆਵਾਂ ਦੇ ਸੰਚਾਲਨ ਅਤੇ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਾਅ ਲਈ ਵੱਖ – ਵੱਖ ਜ਼ਿਲਿਆਂ ਦੇ ਪੁਲਿਸ ਅਧਿਕਾਰੀਆਂ ਦੀ ਮਦਦ ਵੀ ਲਈ ਜਾ ਰਹੀ ਹੈ ਤਾਂ ਜੋ ਅੱਜ ਸ਼ੁਰੂ ਹੋਈਆਂ ਤੇ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ।