India International

ਪੁਲਾੜ ਵਿੱਚ ਭਾਰਤ ਦੀ ਨਵੀਂ ਉਡਾਣ, ਪਹਿਲਾ ਨਿੱਜੀ ਰਾਕੇਟ ਵਿਕਰਮ-ਐਸ ਸਫਲਤਾਪੂਰਵਕ ਕੀਤਾ ਗਿਆ ਲਾਂਚ

ਸ਼੍ਰੀਹਰੀਕੋਟਾ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਸਵੇਰੇ ਠੀਕ 11.30 ਵਜੇ ਸ਼੍ਰੀਹਰੀਕੋਟਾ ਸਥਿਤ ਆਪਣੇ ਕੇਂਦਰ ਤੋਂ ਰਾਕੇਟ ‘ਵਿਕਰਮ-ਐੱਸ’ ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ ਹੈ। ਇਸ ਦੀ ਖਾਸੀਏਤ ਇਹ ਹੈ ਕਿ ਇਸ ਨੂੰ ਦੇਸ਼ ਵਿੱਚ ਪਹਿਲੀ ਵਾਰ ਨਿੱਜੀ ਤੌਰ ‘ਤੇ ਵਿਕਸਤ ਕੀਤਾ ਗਿਆ ਹੈ ।

ਵਿਕਰਮ-ਐਸ ਲਾਂਚ ਤੋਂ ਬਾਅਦ 89.5 ਕਿਲੋਮੀਟਰ ਦੀ ਉਚਾਈ ਤੱਕ ਗਿਆ ਹੈ ਤੇ ਸਾਰੇ ਮਾਪਦੰਡਾਂ ਤੇ ਖਰਾ ਉਤਰਿਆ ਹੈ। ਇਸ ਦੇ ਨਾਲ ਭਾਰਤ ਦੇ ਸਪੇਸ ਟੈਕਨੋਲੋਜੀ ਦੇ ਮਾਮਲੇ ਵਿੱਚ ਪ੍ਰਾਈਵੇਟ ਰਾਕੇਟ ਕੰਪਨੀਆਂ ਦੇ ਦਾਖਲੇ ਦੀ ਸ਼ੁਰੂਆਤ ਹੋ ਗਈ ਹੈ। ਭਾਰਤ ਹੁਣ ਉਨ੍ਹਾਂ ਚੰਦ ਦੇਸ਼ਾਂ ਵਿੱਚ ਸ਼ਾਮਲ ਹੈ ਜੋ ਕਿ ਵੱਡੀਆਂ ਨਿੱਜੀ ਕੰਪਨੀਆਂ ਵੀ ਰਾਕੇਟ ਤਿਆਰ ਕਰ ਕੇ ਲਾਂਚ ਕਰ ਰਹੀਆਂ ਹਨ।ਇਸ ਨੂੰ ਇੱਕ ਬਹੁਤ ਹੀ ਵੱਡੀ ਉਪਲਬੱਧੀ ਮੰਨਿਆ ਜਾ ਰਿਹਾ ਹੈ।

ਚਾਰ ਸਾਲ ਪੁਰਾਣੇ ਸਟਾਰਟ-ਅੱਪ ਸਕਾਈਰੂਟ ਏਰੋਸਪੇਸ ਦੁਆਰਾ ਵਿਕਰਮ-ਐਸ ਰਾਕੇਟ ਦੇ ਪਹਿਲੇ ਲਾਂਚ ਲਈ ਪਹਿਲਾਂ ਹੀ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਸਨ। ਇਹ ਦੇਸ਼ ਦੇ ਪੁਲਾੜ ਉਦਯੋਗ ਵਿੱਚ ਨਿੱਜੀ ਖੇਤਰ ਦੀ ਐਂਟਰੀ ਹੈ।
ਇਸਰੋ ਨੇ ਇਸ ਸਬੰਧ ਵਿੱਚ ਟਵਿੱਟਰ ‘ਤੇ ਸਾਰਿਆਂ ਨੂੰ ਮੁਬਾਰਕਾਂ ਦਿਤੀਆਂ ਹਨ ਤੇ ਕਿਹਾ ਹੈ ਕਿ ਮਿਸ਼ਨ ਲਾਂਚ ਸਫਲਤਾਪੂਰਵਕ ਪੂਰਾ ਹੋਇਆ। ਵਧਾਈਆਂ।

ਸਰਕਾਰੀ ਮਾਲਕੀ ਵਾਲੀ ਇਸਰੋ ਦਾ ਦਹਾਕਿਆਂ ਤੋਂ ਇਸ ਖੇਤਰ ‘ਤੇ ਦਬਦਬਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ 2020 ਵਿੱਚ ਪੁਲਾੜ ਉਦਯੋਗ ਨੂੰ ਨਿੱਜੀ ਖੇਤਰ ਲਈ ਖੋਲ੍ਹਣ ਤੋਂ ਬਾਅਦ ਸਕਾਈਰੂਟ ਏਰੋਸਪੇਸ ਭਾਰਤੀ ਪੁਲਾੜ ਪ੍ਰੋਗਰਾਮ ਵਿੱਚ ਕਦਮ ਰੱਖਣ ਵਾਲੀ ਭਾਰਤ ਦੀ ਪਹਿਲੀ ਨਿੱਜੀ ਖੇਤਰ ਦੀ ਕੰਪਨੀ ਬਣ ਗਈ ਹੈ।

ਪਹਿਲਾਂ ਇਸ ਨੂੰ 15 ਨਵੰਬਰ ਨੂੰ ਲਾਂਚ ਕਰਨ ਦੀ ਯੋਜਨਾ ਸੀ। ਵਿਕਰਮ-ਐਸ ਨੂੰ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕਰਨ ਤੋਂ ਬਾਅਦ 81 ਕਿਲੋਮੀਟਰ ਦੀ ਉਚਾਈ ‘ਤੇ ਪਹੁੰਚਣਾ ਸੀ ਪਰ ਉਸ ਵਕਤ ਇਸ ਨੂੰ ਟਾਲ ਦਿੱਤਾ ਗਿਆ । ਰਾਕੇਟ ਦਾ ਨਾਂ ਭਾਰਤੀ ਪੁਲਾੜ ਪ੍ਰੋਗਰਾਮ ਦੇ ਪਿਤਾਮਾ ਅਤੇ ਮਰਹੂਮ ਵਿਗਿਆਨੀ ਵਿਕਰਮ ਸਾਰਾਭਾਈ ਦੇ ਨਾਂ ‘ਤੇ ਰੱਖਿਆ ਗਿਆ ਹੈ।