India Technology

ISRO ਨੇ ਲਾਂਚ ਕੀਤਾ ਹੁਣ ਤੱਕ ਦਾ ਸਭ ਤੋਂ ਭਾਰੀ ਰਾਕੇਟ, ਰਚਿਆ ਇਤਿਹਾਸ,ਜਾਣੋ ਕੀ ਹੈ ਖਾਸ?

ISRO launched the heaviest rocket ever

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਭ ਤੋਂ ਭਾਰੇ ਰਾਕੇਟ ਐੱਲਵੀਐੈੱਮ3-ਐੱਮ2 ਨੂੰ ਅੱਜ ਇੱਥੇ ਪੁਲਾੜ ਸਟੇਸ਼ਨ ਤੋਂ ਲਾਂਚ ਕੀਤਾ ਗਿਆ ਅਤੇ ਯੂਕੇ-ਅਧਾਰਤ ਗਾਹਕ ਲਈ 36 ਬਰਾਡਬੈਂਡ ਸੰਚਾਰ ਉਪਗ੍ਰਹਿਆਂ ਨੂੰ ਹੇਠਲੇ ਔਰਬਿਟ (ਐੈੱਲਈਓ) ਵਿੱਚ ਸਥਾਪਿਤ ਕੀਤਾ ਗਿਆ। ਇਸਰੋ ਨੇ ਇਸ ਨੂੰ ਇਤਿਹਾਸਕ ਮਿਸ਼ਨ ਕਰਾਰ ਦਿੱਤਾ ਹੈ।

ਐਤਵਾਰ ਤੜਕੇ ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਐਲਾਨ ਕੀਤਾ ਕਿ ਪੁਲਾੜ ਏਜੰਸੀ ਵਿੱਚ ਕੰਮ ਕਰ ਰਹੇ ਵਿਗਿਆਨੀਆਂ ਲਈ ਦੀਵਾਲੀ ਦਾ ਤਿਉਹਾਰ ਜਲਦੀ ਸ਼ੁਰੂ ਹੋ ਗਿਆ ਹੈ। ਇਸਰੋ ਨੇ ਟਵੀਟ ਕੀਤਾ, ‘‘ਐੱਲਵੀਐੈੱਮ3 ਐੱਮ2/ਵਨਵੈੱਬ ਇੰਡੀਆ-1 ਮਿਸ਼ਨ ਸਫਲਤਾ ਨਾਲ ਪੂਰਾ ਹੋਇਆ। ਸਾਰੇ 36 ਸੈਟੇਲਾਈਟਾਂ ਨੂੰ ਨਿਰਧਾਰਤ ਔਰਬਿਟ ਵਿੱਚ ਸਥਾਪਿਤ ਕੀਤਾ ਗਿਆ ਹੈ।

ਅੱਜ 43.5 ਮੀਟਰ ਉੱਚਾ ਰਾਕੇਟ 24 ਘੰਟੇ ਦੀ ਉਲਟੀ ਗਿਣਤੀ ਪੂਰੀ ਹੋਣ ਮਗਰੋਂ ਸਤੀਸ਼ ਧਵਨ ਸਪੇਸ ਸੈਂਟਰ ਦੇ ਦੂਜੇ ਲਾਂਚ ਪੈਡ ਤੋਂ ਰਾਤ 12.07 ਵਜੇ ਲਾਂਚ ਕੀਤਾ ਗਿਆ। ਰਾਕੇਟ ਵਿੱਚ 8,000 ਕਿਲੋਗ੍ਰਾਮ ਤੱਕ ਦੇ ਉਪਗ੍ਰਹਿਆਂ ਨੂੰ ਪੁਲਾੜ ਵਿੱਚ ਲਿਜਾਣ ਦੀ ਸਮਰੱਥਾ ਹੈ। ਦੱਸਣਯੋਗ ਹੈ ਕਿ ਨਿਊਸਪੇਸ ਇੰਡੀਆ ਲਿਮਟਿਡ (ਐੱਨਐੱਸਆਈਐੱਲ), ਪੁਲਾੜ ਵਿਭਾਗ ਦੇ ਅਧੀਨ ਇੱਕ ਜਨਤਕ ਖੇਤਰ ਦੀ ਕੰਪਨੀ ਨੇ ਲੰਡਨ-ਹੈੱਡਕੁਆਰਟਰਡ ਨੈੱਟਵਰਕ ਐਕਸੈਸ ਐਸੋਸੀਏਟਿਡ ਲਿਮਿਟੇਡ (ਵਨਵੈੱਬ) ਨਾਲ ਇਸਰੋ ਦੇ ਐੱਲਵੀਐੈੱਮ3 ਅਤੇ ਵਨਵੈੱਬ ਐੱਲਈਓ ਸੈਟੇਲਾਈਟ ਲਾਂਚ ਕਰਨ ਲਈ ਦੋ ਲਾਂਚ ਸੇਵਾ ਸਮਝੌਤਿਆਂ ’ਤੇ ਦਸਤਖਤ ਕੀਤੇ ਹਨ।

ਇਹ ਮਿਸ਼ਨ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਐੱਲਵੀਐੈੱਮ3 ਦਾ ਪਹਿਲਾ ਵਪਾਰਕ ਮਿਸ਼ਨ ਹੈ ਅਤੇ ਲਾਂਚ ਵਾਹਨ ਦੇ ਨਾਲ ਐੱਨਐੱਸਆਈਐੱਲ ਦਾ ਵੀ ਪਹਿਲਾ ਮਿਸ਼ਨ ਹੈ। ਇਸਰੋ ਮੁਤਾਬਕ ਮਿਸ਼ਨ ਵਿੱਚ ਵਨਵੈੱਬ ਦੇ 5,796 ਕਿਲੋਗ੍ਰਾਮ ਵਜ਼ਨ ਵਾਲੇ 36 ਸੈਟੇਲਾਈਟਾਂ ਨਾਲ ਪੁਲਾੜ ’ਚ ਜਾਣ ਵਾਲਾ ਇਹ ਪਹਿਲਾ ਭਾਰਤੀ ਰਾਕੇਟ ਬਣ ਗਿਆ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 36 ਸੈਟੇਲਾਈਟ ਪੁਲਾੜ ’ਚ ਸਥਾਪਤ ਕਰਨ ’ਚ ਕਾਮਯਾਬੀ ਲਈ ਪੁਲਾੜ ਸੰਸਥਾ ‘ਇਸਰੋ’ ਨੂੰ ਵਧਾਈ ਦਿੱਤੀ ਹੈ।

ਨਿਊ ਸਪੇਸ ਇੰਡੀਆ ਲਿਮਟਿਡ (NSIL) ਨੇ ਪਹਿਲਾਂ ਇਸਰੋ ਦੇ LVM3 ‘ਤੇ OneWeb LEO ਸੈਟੇਲਾਈਟ ਲਾਂਚ ਕਰਨ ਲਈ ਲੰਡਨ ਸਥਿਤ ਨੈੱਟਵਰਕ ਐਕਸੈਸ ਐਸੋਸੀਏਟਿਡ ਲਿਮਟਿਡ (OneWeb) ਨਾਲ ਦੋ ਲਾਂਚ ਸੇਵਾਵਾਂ ਲਈ ਸਮਝੌਤਾ ਕੀਤਾ ਸੀ। ਇਹ ਮਿਸ਼ਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ LVM3 ਦਾ ਪਹਿਲਾ ਵਪਾਰਕ ਮਿਸ਼ਨ ਹੈ ਅਤੇ ਇਸ ਰਾਕੇਟ ਵਿੱਚ NSIL ਦਾ ਪਹਿਲਾ ਲਾਂਚ ਹੈ।