Punjab

ਇਤਾਹਾਸਕ ਖਾਲਸਾ ਕਾਲਜ ਦੇ ਵਿਹੜੇ ਲਗੀਆਂ G20 ਦੀਆਂ ਰੌਣਕਾਂ,ਪ੍ਰਸ਼ਾਸਨ ਪ੍ਰਬੰਧਾਂ ਨੂੰ ਲੈ ਕੇ ਪੱਬਾਂ ਭਾਰ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਇਤਿਹਾਸਕ ਖਾਲਸਾ ਕਾਲਜ ਦੇ ਵਿਹੜੇ ਅੱਜ ਜੀ20 ਸੰਮੇਲਨ ਸ਼ੁਰੂ ਹੋਣ ਜਾ ਰਿਹਾ ਹੈ। ਸਿੱਖਿਆ ਦੇ ਵਿਸ਼ੇ ਤੇ ਹੋਣ ਵਾਲੇ ਇਸ ਸ਼ਾਨਦਾਰ ਸੰਮੇਲਨ ਵਿੱਚ ਜੀ20 ਨਾਲ ਸਬੰਧਤ 28 ਮੁਲਕਾਂ ਦੇ ਲਗਭਗ 55 ਡੈਲੀਗੇਟ ਸ਼ਾਮਲ ਹੋਣਗੇ। ਇਸ ਸੰਮੇਲਨ ਦਾ ਆਯੋਜਨ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਕੀਤਾ ਜਾ ਰਿਹਾ ਹਾ ਤੇ ਇਸ ਵਿੱਚ ਜਿਥੇ ਸੈਮੀਨਾਰ ਤੇ ਪ੍ਰਦਰਸ਼ਨੀਆਂ ਲਗਣਗੀਆਂ,ਉਥੇ ਵੱਖ ਵੱਖ ਕਾਰਜ ਸਮੂਹਾਂ ਦੀਆਂ ਮੀਟਿੰਗਾਂ ਵੀ ਹੋਣਗੀਆਂ।

ਇਸ ਸੰਮੇਲਨ ਯੂਨੈਸਕੋ, ਯੂਨੀਸੈਫ਼ ਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ।
ਇਹ ਸੈਮੀਨਾਰ ਦੀ ਸ਼ੁਰੂਆਤ ਵਿੱਚ ਆਈ.ਆਈ.ਐਸ.ਸੀ. ਬੰਗਲੂਰੂ ਦੇ ਡਾਇਰੈਕਟਰ ਪ੍ਰੋਫੈਸਰ ਗੋਬਿੰਦ ਰੰਗਰਾਜਨ ਵੱਲੋਂ ਜੀ20 ਮੁਲਕਾਂ ਵਿਚ ਖੋਜ ਪਹਿਲਕਦਮੀਆਂ ਉਤੇ ਇਕ ਪੇਸ਼ਕਾਰੀ ਕੀਤੀ ਜਾਵੇਗੀ।

ਇਸ ਦੌਰਾਨ ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋਫ਼ੈਸਰ ਰਾਜੀਵ ਆਹੂਜਾ ਤੇ ਟੀਆਈਐੱਸਐੱਸ ਮੁੰਬਈ ਦੀ ਡਾਇਰੈਕਟਰ ਡਾ. ਸ਼ਾਲਿਨੀ ਭਾਰਤ ਵੱਲੋਂ ਆਪਸੀ ਵਿਚਾਰ ਵਟਾਂਦਰੇ ਲਈ ਕੀਤੇ ਜਾਣ ਵਾਲੇ ਦੋ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ ਜਾਵੇਗੀ।
ਪੈਨਲ ਚਰਚਾ ਵਿਚ ਭਾਰਤ ਸਮੇਤ ਫਰਾਂਸ, ਇੰਗਲੈਂਡ, ਆਸਟਰੇਲੀਆ, ਓਮਾਨ, ਦੱਖਣੀ ਅਫਰੀਕਾ, ਯੂਨੀਸੈਫ਼ ਚੀਨ ਆਦਿ ਮੁਲਕਾਂ ਦੇ ਪ੍ਰਤੀਨਿਧ ਹਿੱਸਾ ਲੈਣਗੇ। ਸੈਮੀਨਾਰ ਦੇ ਨਾਲ ਹੀ ਇਕ ਮਲਟੀਮੀਡੀਆ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਖੋਜ, ਨਵੀਨਤਾ, ਸਹਿਯੋਗ ਤੇ ਸਾਂਝੇਦਾਰੀ ਸਬੰਧੀ ਯਤਨਾਂ ਦੀ ਪੇਸ਼ਕਾਰੀ ਹੋਵੇਗੀ।

ਜ਼ਿਕਰਯੋਗ ਹੈ ਕਿ ਜੀ-20 ਸੈਮੀਨਾਰ ਦਾ ਪਹਿਲਾ ਪੜਾਅ 17 ਮਾਰਚ ਤੱਕ ਚੱਲੇਗਾ। ਜਦਕਿ ਦੂਜੇ ਪੜਾਅ ਦੀਆਂ ਮੀਟਿੰਗਾਂ 19 ਤੋਂ 20 ਮਾਰਚ ਤੱਕ ਚੱਲਣਗੀਆਂ। ਪ੍ਰਸ਼ਾਸਨ ਵੱਲੋਂ ਜੀ-20 ਸੈਮੀਨਾਰ ਨੂੰ ਲੈ ਕੇ ਸ਼ਹਿਰ ਦੇ ਕੋਨੇ-ਕੋਨੇ ‘ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਜੀ-20 ਸੈਮੀਨਾਰ ਲਈ ਗੁਰੂਨਗਰੀ ਨਵੇਂ ਰੂਪ ਵਿੱਚ ਨਜ਼ਰ ਆ ਰਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਠਹਿਰਨ ਵਾਲੇ ਡੈਲੀਗੇਟ ਬਾਅਦ ਦੁਪਹਿਰ ਸ੍ਰੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ ਅਤੇ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਣ ਜਾਣਗੇ ਤੇ ਸ਼ਾਮ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਰੰਗਾਰੰਗ ਪ੍ਰੋਗਰਾਮਾਂ ਦਾ ਆਨੰਦ ਮਾਣਨਗੇ।

ਪੰਜਾਬ ਸਰਕਾਰ ਦੇ ਵੱਲੋਂ ਜੀ-20 ਸੈਮੀਨਾਰ ਨੂੰ ਲੈ ਕੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ । ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ । ਪੰਜਾਬ ਸਰਕਾਰ ਵੱਲੋਂ ਇਸ ਸੈਮੀਨਾਰ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਵਿਦੇਸ਼ਾਂ ਤੋਂ ਆਉਣ ਵਾਲੇ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀਆਂ ਦਾ ਵੀ ਖਾਸ ਖਿਆਲ ਰੱਖਿਆ ਜਾਵੇਗਾ।