Punjab

G20 ਸੰਮੇਲਨ ਤੋਂ ਪਹਿਲਾਂ ਸੁਰੱਖਿਆ ਨੂੰ ਲੈ ਕੇ ਮੁਸਤੈਦ ਪੰਜਾਬ ਪੁਲਿਸ,ਸ਼ੁਰੂ ਕੀਤਾ ਆਹ ਆਪਰੇਸ਼ਨ

ਮੁਹਾਲੀ : ਪੰਜਾਬ ਵਿੱਚ ਜੀ20 ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ਦੀ ਪੁਲਿਸ ਨੇ ਸੁਰੱਖਿਆ ਨੂੰ ਲੈ ਕੇ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਅੱਜ ਪੰਜਾਬ ਪੁਲਿਸ ਵੱਲੋਂ ਸੂਬੇ ਦੇ ਕਈ ਇਲਾਕਿਆਂ ਵਿੱਚ ‘ਆਪਰੇਸ਼ਨ SEAL-2 ਨਾਂ ਦਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ 131 ਥਾਵਾਂ ‘ਤੇ ਨਾਕੇ ਲਗਾਏ ਜਾ ਰਹੇ ਹਨ। ਇਸ ਦੌਰਾਨ ਪੰਜਾਬ ਚੋਂ ਬਾਹਰ ਜਾਣ ਵਾਲੇ ਤੇ ਬਾਹਰੋਂ ਆਉਣ ਵਾਲੇ ਵਾਹਨਾਂ ਦੀ ਚੰਗੀ ਤਰਾਂ ਚੈਕਿੰਗ ਕੀਤੀ ਜਾ ਰਹੀ ਹੈ । ਨਸ਼ੇ ਤੇ ਗੈਂਗਸਟਰਾਂ ਖਿਲਾਫ਼ ਛੇੜੀ ਇਸ ਮੁਹਿੰਮ ਦੀ ਅਗਵਾਈ ਸੰਬੰਧਿਤ ਇਲਾਕੇ ਦੇ ਡੀਐਸਪੀ ਕਰ ਰਹੇ ਹਨ।

ਪੰਜਾਬ ਪੁਲਿਸ ਨੇ ਪੰਜਾਬ ਦੇ 10 ਜ਼ਿਲ੍ਹਿਆਂ ‘ਚ 131 ਨਾਕੇ ਲਗਾਏ ਗਏ ਹਨ। ਇਹ ਆਪਰੇਸ਼ਨ ਨਸ਼ੇ ਤੇ ਗੈਂਗਸਟਰਾਂ ਖਿਲਾਫ਼ ਪੰਜਾਬ ਪੁਲਿਸ ਵਲੋਂ ਚਲਾਇਆ ਜਾ ਰਿਹਾ ਹੈ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ । ਜੇਕਰ ਕਿਸੇ ਵਾਹਨ ਦੇ ਕਾਗਜ਼ਾਂ ਜਾਂ ਕੋਈ ਹੋਰ ਘਾਟ ਪਾਈ ਜਾਂਦੀ ਹੈ ਤਾਂ ਉਸ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਪੁਲਿਸ ਨੇ ਇਸ ਦੌਰਾਨ ਕਈ ਥਾਵਾਂ ਉੱਤੇ ਛਾਪੇਮਾਰੀ ਵੀ ਕੀਤੀ ਹੈ।

ਦੱਸ ਦੇਈਏ ਕਿ ਸਭ ਤੋਂ ਵੱਧ ਨਾਕੇ ਮੁਹਾਲੀ ਜ਼ਿਲ੍ਹੇ ‘ਚ ਲਗਾਏ ਗਏ ਹਨ ਜਿਨ੍ਹਾਂ ਦੀ ਗਿਣਤੀ 46 ਹੈ। ਪਟਿਆਲਾ ‘ਚ 14, ਹੁਸ਼ਿਆਰਪੁਰ ‘ਚ 11, ਮੁਕਤਸਰ ‘ਚ 19, ਬਠਿੰਡਾ ‘ਚ 16, ਮਾਨਸਾ ‘ਚ 8, ਪਠਾਨਕੋਟ ਤੇ ਰੂਪਨਗਰ ‘ਚ 6 ਥਾਵਾਂ ‘ਤੇ ਨਾਕੇ ਲਗਾਏ ਗਏ ਹਨ।

ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਇਲਾਕੇ ਵਿੱਚ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਜਾਂ ਕਿਸੇ ਤਰ੍ਹਾਂ ਦੀ ਸਮਾਜ ਵਿਰੋਧੀ ਹਰਕਤ ਕਰਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਤੁਰੰਤ ਦਿੱਤੀ ਜਾਵੇ। ਪੰਜਾਬ  ਵਿੱਚ ਇਸੇ ਮਹੀਨੇ ਜੀ20  ਸੰਮੇਲਨ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਦੋ ਹਫ਼ਤੇ ਪਹਿਲਾਂ ਵੀ ਇਸੇ ਤਰ੍ਹਾਂ ਦੀ ਨਾਕਾਬੰਦੀ ਕੀਤੀ ਗਈ ਸੀ। ਜਿਸ ਨੂੰ ‘ਆਪਰੇਸ਼ਨ SEAL-1’ ਦਾ ਨਾਂ ਦਿੱਤਾ ਗਿਆ ਸੀ।