Punjab Religion

ਅਕਾਲ ਤਖ਼ਤ ਦਾ ਫ਼ੈਸਲਾ ਸਿੱਖ ਕੌਮ ਲਈ ਸਰਵਉੱਚ : ਹਰਜਿੰਦਰ ਸਿੰਘ ਧਾਮੀ

The decision of Akal Takht is the highest for the Sikh community: Harjinder Singh Dhami

ਮਾਛੀਵਾੜਾ : ਗੁਰੂ ਗੋਬਿੰਦ ਸਿੰਘ ਦੀ ਆਮਦ ਦੀ ਯਾਦ ਵਿੱਚ ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਚ ਲੱਗਦੇ ਜੋੜ ਮੇਲ ਦੇ ਦੂਜੇ ਦਿਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ।

ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਧਾਮੀ ਨੇ ਕਿਹਾ ਕਿ ਦਾਨ ਤਾਂ ਹਰੇਕ ਵਿਅਕਤੀ ਕਰ ਸਕਦਾ ਹੈ, ਪਰ ਦਸਮ ਪਿਤਾ ਨੇ ਸਿੱਖ ਕੌਮ ਲਈ ਆਪਣਾ  ਸਰਬੰਸ ਦਾਨ ਕਰ ਦਿੱਤਾ ਤੇ ਦੁਨੀਆ ਵਿੱਚ ਅਜਿਹੀ ਹੋਰ ਕੋਈ ਦੂਜੀ ਮਿਸਾਲ ਵੇਖਣ ਨੂੰ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਇਸ ਸ਼ਹੀਦੀ ਪੰਦਰਵਾੜੇ ਨੂੰ ਸੰਗਤ ਬਹੁਤ ਸਾਦੇ ਢੰਗ ਨਾਲ ਮਨਾਏ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ਨਿੱਕੇ ਬੱਚਿਆਂ ਤੇ ਨੌਜਵਾਨਾਂ ਨੂੰ ਗੁਰੂ ਘਰਾਂ ਦੇ ਦਰਸ਼ਨਾਂ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਜ਼ਰੂਰ ਲਿਆਂਦਾ ਜਾਵੇ ਤਾਂ ਕਿ ਉਹ ਆਪਣੇ ਵਿਰਸੇ ਨਾਲ ਜੁੜੇ ਰਹਿ ਸਕਣ।

ਧਾਮੀ ਨੇ ਸਿੱਖ ਕੌਮ ਵਿੱਚ ਵਿਰੋਧੀ ਤਾਕਤਾਂ ਦੀ ਵਧ ਰਹੀ ਦਖ਼ਲਅੰਦਾਜ਼ੀ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਸਿੱਖ ਕੌਮ ਲਈ ਸਭ ਤੋਂ ਸੁਪਰੀਮ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਿੱਖ ਕੌਮ ਨੂੰ ਕਮਜ਼ੋਰ ਕਰਨ ਲਈ ਕੁਝ ਤਾਕਤਾਂ ਸਿੱਧੀ ਦਖ਼ਲਅੰਦਾਜ਼ੀ ਕਰ ਰਹੀਆਂ ਹਨ, ਜਿਸ ਦੀ ਮਿਸਾਲ ਸਭ ਤੋਂ ਪਹਿਲਾਂ ਤਖ਼ਤ ਹਜ਼ੂਰ ਸਾਹਿਬ ਵਿੱਚ ਤੇ ਫਿਰ ਪਟਨਾ ਸਾਹਿਬ ਵਿੱਚ ਬੋਰਡ ਬਣਾ ਕੇ ਦਿੱਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਸਿੱਖ ਸੰਗਤ ਨੇ ਇੱਕਜੁੱਟ ਹੋ ਕੇ ਇਸ ਦਾ ਵਿਰੋਧ ਨਾ ਕੀਤਾ ਤਾਂ ਬਾਕੀ ਦੇ ਤਿੰਨ ਤਖ਼ਤਾਂ ’ਤੇ ਵੀ ਬੋਰਡ ਬਣਾ ਕੇ ਸਿੱਖ ਕੌਮ ਦੇ ਹੱਕ ਖੋਹ ਲਏ ਜਾਣਗੇ। ਧਾਮੀ ਨੇ ਇਹ ਵੀ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਵੱਲੋਂ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਫਿਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਵੀ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ ਜਿਸ ਨੂੰ ਰੋਕਣ  ਲਈ ਸਾਰੀ ਕੌਮ ਤੇ ਸਾਰੇ ਆਗੂਆਂ ਨੂੰ ਇੱਕਜੁਟ ਹੋਣ ਦੀ ਲੋੜ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਬਾਹਰਲੇ ਸੂਬਿਆਂ ਵਿੱਚ ਸੰਤ ਭਿੰਡਰਾਂਵਾਲੇ ਦੀ ਤਸਵੀਰ ਲਗਾਉਣ ’ਤੇ ਵੀ ਸਿੱਖ ਨੌਜਵਾਨਾਂ ਖ਼ਿਲਾਫ਼ ਪਰਚੇ ਦਰਜ ਕੀਤੇ ਜਾ ਰਹੇ ਹਨ, ਜੋ ਮੰਦਭਾਗਾ ਹੈ