Punjab

ਦਿੱਲੀ ਕੂਚ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜਥਾ ਕੱਲ੍ਹ ਅੰਮ੍ਰਿਤਸਰ ਤੋਂ ਹੋਵੇਗਾ ਰਵਾਨਾ – ਪੰਧੇਰ

‘ਦ ਖ਼ਾਲਸ ਬਿਊਰੋ :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਜਨ: ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਆਈ.ਜੀ. ਬਾਰਡਰ ਰੇਂਜ ਨੇ ਵੱਟਸਐਪ ਕਰਕੇ ਕਿਹਾ ਕਿ ਜੰਡਿਆਲਾ ਗੁਰੂ ਰੇਲਵੇ ਟਰੈਕ ਯਾਤਰੂ ਗੱਡੀਆਂ ਨਹੀਂ ਲੰਘਾਈਆਂ ਜਾਣਗੀਆਂ। ਜਿਸ ਪਿੱਛੋਂ ਜਥੇਬੰਦੀ ਨੇ ਰੇਲ ਟਰੈਕ ਨੂੰ 2 ਘੰਟੇ ਲਈ ਵੀ ਜਾਮ ਨਹੀਂ ਕਰਨ ਜਾ ਫੈਸਲਾ ਲਿਆ ਹੈ ਪਰ ਰੇਲ ਰੋਕੋ ਅੰਦੋਲਨ ਪਾਰਕ ਵਿੱਚ ਜਾਰੀ ਰਹੇਗਾ।

ਹਰਿਆਣੇ ‘ਚ ਖੱਟਰ ਸਰਕਾਰ ਵੱਲੋਂ ਕਿਸਾਨਾਂ ਦੇ ਅੰਦੋਲਨ ‘ਚ ਹਿੰਸਾ ਅਤੇ ਤਸ਼ਦੱਦ ਕੀਤੀ ਜਾ ਰਹੀ ਹੈ। ਜਿਸ ‘ਤੇ ਪੂਰੇ ਪੰਜਾਬ ‘ਚ ਖੱਟਰ ਤੇ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ, ਜੋ ਕਿ ਖੱਟਰ ਸਰਕਾਰ ਤੇ ਕੇਂਦਰ ਸਰਕਾਰ ਦੇ ਪੈਰਾਂ ਥੱਲੇ ਕਿਸਾਨ ਅੰਦੋਲਨ ਦੀ ਅੱਗ ਮਚਾ ਦੇਵੇਗਾ। ਖੱਟਰ ਸਰਕਾਰ ਦੀਆਂ ਦਿੱਲੀ ਜਾਣ ‘ਤੇ ਲਾਈਆਂ ਰੋਕਾਂ ਨਾਲ ਸਰਕਾਰ ਵੱਲੋਂ ਖੁਦ ਆਪ ਟਰੈਫਿਕ ਜਾਮ ਕਰ ਲਿਆ ਹੈ। ਉਸ ਲਈ ਜੋ ਪ੍ਰੇਸ਼ਾਨੀ ਲੋਕਾਂ ਨੂੰ ਖੱਟਰ ਸਰਕਾਰ ਦੇ ਰਹੀ ਹੈ , ਉਸ ਬਾਰੇ ਸਵਾਲ ਬਣਦਾ ਹੈ ਕਿ ਸਰਕਾਰਾਂ ਵੀ ਰਸਤਾ ਜਾਮ ਕਰਦੀਆਂ ਹਨ। ਕਿਸਾਨੀ ਹੱਕਾਂ ਦਾ ਦਾਅਵਾ ਕਰਨ ਵਾਲੀ ਕੈਪਟਨ ਸਰਕਾਰ ਕਿਸਾਨ ਮਜ਼ਦੂਰ ਜਥੇਬੰਦੀ ਖਿਲਾਫ ਹਾਈਕੋਰਟ ਵਿੱਚ ਮੋਦੀ ਸਰਕਾਰ ਨਾਲ ਰਲ ਕੇ ਜੋਰ ਲਗਾ ਰਹੀ ਹੈ।

ਨਿੱਜੀ ਤੌਰ ‘ਤੇ ਜਥੇਬੰਦੀ ਦੇ ਸਹੀ ਫੈਸਲੇ ਵਿਰੁੱਧ ਕਿੜ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਸੂਬਾ ਜਨ : ਸਕੱਤਰ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਵਰਿਆਮ, ਜਰਮਨਜੀਤ ਸਿੰਘ ਬੰਡਾਲਾ, ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਵਿੱਚ 100 ਪਿੰਡਾਂ ਵਿੱਚ, ਤਰਸਿੱਕਾ ਤੇ ਕੱਥੂਨੰਗਲ ਜੋਨ ਦੇ ਪਿੰਡਾਂ ਵਿੱਚ ਤਿਆਰੀਆਂ ਦਾ ਜਾਇਜ਼ਾ ਲਿਆ। ਅੱਜ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕੱਲ੍ਹ 27 ਨਵੰਬਰ ਨੂੰ ਜਥੇਬੰਦੀ ਵੱਲੋਂ ਅੰਮ੍ਰਿਤਸਰ ਤੇ ਤਰਨ ਤਾਰਨ ਤੋਂ ਦਿੱਲੀ ਧਰਨੇ ਲਈ ਜਥਾ ਰਵਾਨਾ ਕੀਤਾ ਜਾਵੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ ਜੰਡਿਆਲਾ ਗੁਰੂ ਰੇਲ ਰੋਕੋ ਅੰਦੋਲਨ ਦੇ ਅੱਜ 64ਵੇਂ ਦਿਨ ਵਿੱਚ ਜਾਰੀ ਹੈ। ਰੇਲ ਰੋਕੋ ਅੰਦੋਲਨ ਨੂੰ ਸੰਬੋਧਨ ਕਰਦਿਆਂ ਗੁਰਲਾਲ ਸਿੰਘ ਪੰਡੋਰੀ, ਸਲਵਿੰਦਰ ਸਿੰਘ ਜਾਣੀਆਂ ਨੇਕਿਹਾ ਕਿ ਰੇਲਵੇ ਸਟੇਸ਼ਨ ਜੰਡਿਆਲਾ ਦੀ ਖੁੱਲੀ ਗਰਾਊਂਡ ਵਿੱਚ ਅੰਦੋਲਨ ਜਾਰੀ ਰੱਖਾਂਗੇ ਤੇ ਪੈਸੰਜਰ ਗੱਡੀ ਨਾਂ ਲੰਘੇ ਇਸ ਲਈ ਸਟੇਸ਼ਨ ‘ਤੇ ਵਲੰਟੀਅਰ ਪਹਿਰੇਦਾਰੀ ਕਰਨਗੇ। ਅੱਜ ਜਥੇਬੰਦੀ ਨੇ ਦੱਸਿਆ ਕਿ ਟਰੇਡ ਯੂਨੀਅਨਾਂ ਦੀ ਖੇਤੀ ਕਾਨੂੰਨਾਂ ਵਿਰੁੱਧ ਹੜਤਾਲ ਪੂਰੀ ਤਰਾਂ ਕਾਮਯਾਬ ਹੈ। ਇਸ ਮੌਕੇ ਗੁਰਮੇਲ ਰੇੜਵਾਂ, ਰਣਜੀਤ ਸਿੰਘ ਬੱਲ, ਜਰਨੈਲ ਸਿੰਘ ਰਾਮੇ, ਮੇਜਰ ਸਿੰਘ , ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਵੱਸਣ ਸਿੰਘ, ਪ੍ਰਮਜੀਤ ਸਿੰਘ ਸਰਦਾਰਵਾਲਾ, ਜਗਤਾਰ ਸਿੰਘ ਕੰਗ , ਕਿਸ਼ਨ ਦੇਵ ਮਿਆਣੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।