India Punjab

ਦੇਸ਼ ਦੇ ਉੱਤਰੀ ਇਲਾਕਿਆਂ ਵਿੱਚ ਮੌਸਮ ਦਾ ਲਗਾਤਾਰ ਬਦਲ ਰਿਹਾ ਮਿਜ਼ਾਜ,ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਠਾਰੇ ਲੋਕ

ਚੰਡੀਗੜ੍ਹ : ਦੇਸ਼ ਦੇ ਉੱਤਰੀ ਇਲਾਕਿਆਂ ਵਿੱਚ ਸਰਦੀਆਂ ਦਾ ਮੌਸਮ ਲਗਭਗ ਖ਼ਤਮ ਹੋਣ ਦੀ ਕਗਾਰ ‘ਤੇ ਹੈ ਤੇ ਘਰਾਂ ਵਿਚ ਗਰਮ ਕੱਪੜਿਆਂ ਨੂੰ ਸਾਂਭ ਕੇ ਰੱਖ ਦਿੱਤੇ ਜਾਣ ਦੀ ਤਿਆਰੀ ਵੀ ਸ਼ੁਰੂ ਹੈ ਪਰ ਮੌਸਮ ਦਾ ਲਗਾਤਾਰ ਬਦਲ ਰਿਹਾ ਮਿਜ਼ਾਜ ਹਾਲੇ ਵੀ ਲੋਕਾਂ ਨੂੰ ਠਾਰ ਰਿਹਾ ਹੈ । ਮੌਸਮ ਨੇ ਇਕ ਵਾਰ ਫਿਰ ਤੋਂ ਕਰਵਟ ਬਦਲੀ ਹੈ।

ਮੌਸਮ ਵਿਭਾਗ ਦੇ ਅਨੁਸਾਰ, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ 18 ਫਰਵਰੀ ਤੱਕ ਹਲਕੀ ਤੋਂ ਛਿਟਪੁਟ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਦਿੱਲੀ ਸਮੇਤ ਕਈ ਮੈਦਾਨੀ ਇਲਾਕਿਆਂ ਵਿੱਚ ਤੇਜ਼ ਹਵਾ 20-30 ਕਿਲੋਮੀਟਰ ਪ੍ਰਤੀ ਘੰਟੇ ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੇ ਅਨੁਸਾਰ, ਦੇਸ਼ ਦੇ ਕਈ ਸਥਾਨਾਂ ‘ਤੇ ਤਾਪਮਾਨ ਆਮ ਤੋਂ ਹੇਠਾਂ ਰਹਿਣ ਦਾ ਅਨੁਮਾਨ ਹੈ।

ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਾਂ ਵਿੱਚ ਮੰਗਲਵਾਰ ਨੂੰ ਠੰਡ ਦਾ ਸਿਤਮ ਜਾਰੀ ਰਿਹਾ। ਧੁੱਪ ਸੋਹਣੀ ਖਿੜੀ ਹੋਈ ਹੋਣ ਦੇ ਬਾਵਜੂਦ ਵੀ ਚੱਲ ਰਹੀਆਂ ਠੰਡੀਆਂ ਤੇ ਤੇਜ਼ ਹਵਾਵਾਂ ਨੇ ਤਾਪਮਾਨ ਵਿੱਚ ਜਿਆਦਾ ਵਾਧਾ ਨਹੀਂ ਹੋਣ ਦਿੱਤਾ। ਮੌਸਮ ਵਿਭਾਗ ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਪੰਜਾਬ ਵਿੱਚ ਬਠਿੰਡਾ ਜ਼ਿਲ੍ਹੇ ਦਾ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ ਰਿਹਾ,ਜਦੋਂ ਕਿ ਅੰਮ੍ਰਿਤਸਰ ਵਿੱਚ 6.6 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 9.6 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 9.2 ਡਿਗਰੀ ਸੈਲਸੀਅਸ, ਪਟਾਨਕੋਟ ਵਿੱਚ 7.1 ਡਿਗਰੀ ਸੈਲਸੀਅਸ, ਫਰੀਦਕੋਟ ਵਿੱਚ ਸੱਤ ਡਿਗਰੀ ਸੈਲਸੀਅਸ ਅਤੇ ਗੁਰਦਾਸਪੁਰ ਵਿੱਚ ਅੱਠ ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।