India

ਹਰਿਆਣਾ ‘ਚ ਗਾਇਬ ਹੋਏ ਪਾਵਨ ਸਰੂਪ ਦੇ ਮਾਮਲੇ ਨੂੰ ਨਹੀਂ ਬਣਨ ਦਿੱਤਾ ਜਾਵੇਗਾ ਸਿਆਸੀ ਅਖਾੜਾ- ਭਾਈ ਦਾਦੂਵਾਲ

‘ਦ ਖ਼ਾਲਸ ਬਿਊਰੋ (ਹਰਿਆਣਾ) :- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਗੁਰਦੁਆਰਾ ਅਰਦਾਸਪੁਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਨੂੰ ਸਿਆਸੀ ਅਖਾੜਾ ਨਹੀਂ ਬਣਨ ਦਿੱਤਾ ਜਾਵੇਗਾ।  ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਇਸ ਪਾਵਨ ਅਸਥਾਨ ਤੋਂ ਇੱਕ ਛੋਟੇ ਆਕਾਰ ਦੇ ਦੁਰਲੱਭ ਪਾਵਨ ਸਰੂਪ ਦੇ ਲਾਪਤਾ ਹੋਣ ਨਾਲ ਸਿੱਖ ਸੰਗਤ ਦਾ ਹਿਰਦਾ ਵਲੂੰਧਰਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਅਸਲ ਮਸਲਾ ਪਾਵਨ ਸਰੂਪ ਚੋਰੀ ਹੋਣ ਤੇ ਸਰੂਪ ਨੂੰ ਲੱਭਣ ਦਾ ਹੈ। ਇਸ ਸਬੰਧੀ ਪੁਲਿਸ ਪੜਤਾਲ ਕਰ ਰਹੀ ਹੈ। ਪੁਲਿਸ ਨੇ ਗੁਰੂ ਘਰ ਦੇ ਸੇਵਾਦਾਰਾਂ ਅਤੇ ਪ੍ਰਬੰਧਕ ਕਮੇਟੀ ਸਣੇ ਗ੍ਰੰਥੀ ਸਿੰਘਾਂ ਨੂੰ ਵੀ ਸੰਗਤ ਦੀ ਮੰਗ ’ਤੇ ਜਾਂਚ ਦਾ ਹਿੱਸਾ ਬਣਾਇਆ ਹੋਇਆ ਹੈ ਪਰ ਅਜੇ ਤੱਕ ਕਿਸੇ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ।  ਉਨ੍ਹਾਂ ਕਿਹਾ ਕਿ ਕੁੱਝ ਅਨਸਰ ਅਸਲ ਮਸਲੇ ਤੋਂ ਧਿਆਨ ਹਟਾ ਕੇ ਗੁਰਦੁਆਰੇ ਦੇ ਮਾਹੌਲ ਨੂੰ ਸਿਆਸੀ ਅਖਾੜਾ ਬਣਾਉਣ ਦੇ ਯਤਨ ਵਿੱਚ ਹਨ, ਜੋ ਕਿ ਨਿੰਦਣਯੋਗ ਹੈ।  ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਜਥੇਦਾਰ ਦਾਦੂਵਾਲ ਨੇ ਕਿਹਾ ਕਿ ਗੁਰਦੁਆਰੇ ਦੀ ਸੰਭਾਲ ਨਾਲ ਜੁੜਿਆ ਸਾਰਾ ਮਸਲਾ ਧਾਰਮਿਕ ਹੈ, ਕਿਸੇ ਵੀ ਸਿਆਸੀ ਧੜੇ ਨੂੰ ਇਸ ਨੂੰ ਸਿਆਸਤ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ। ਜਥੇਦਾਰ ਦਾਦੂਵਾਲ ਨੇ ਸਭ ਨੂੰ ਅਪੀਲ ਕੀਤੀ ਕਿ ਪਾਵਨ ਸਰੂਪ ਸਬੰਧੀ ਪੜਤਾਲ ਕਰ ਰਹੀ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ।  ਕੋਈ ਵੀ ਅਨਸਰ ਗੁਰੂਘਰ ਦੇ ਧਾਰਮਿਕ ਮਾਹੌਲ ਨੂੰ ਸਿਆਸੀ ਅਖਾੜਾ ਬਣਾਉਣ ਦੀ ਕੋਸ਼ਿਸ਼ ਨਾ ਕਰੇ।