Others

ਟਾਰਗੇਟ ਕਿਲਿੰਗ : ਜੇਲ੍ਹ ‘ਚ ਜੱਗੀ ਜੌਹਲ ਦੇ 5 ਸਾਲ ਪੂਰੇ,ਹੁਣ ਤੱਕ ਟਰਾਇਲ ਸ਼ੁਰੂ ਨਹੀਂ,ਸ਼ੱਕ ਦੇ ਘੇਰੇ ‘ਚ ਬ੍ਰਿਟਿਸ਼ ਖੁਫਿਆ ਏਜੰਸੀ

Target killing jagtar singh jaggi johal trial start

ਬਿਊਰੋ ਰਿਪੋਰਟ : “ਮੈਂ ਪਹਿਲੇ ਦਿਨੋਂ ਹੀ ਕਹਿ ਰਿਹਾ ਹਾਂ ਕਿ ਮੇਰਾ ਭਰਾ ਬੇਕਸੂਰ ਹੈ। ਜਗਤਾਰ ਨੂੰ ਇਹ ਜਾਣਨ ਵਿੱਚ 1,807 ਦਿਨ ਲੱਗ ਗਏ ਹਨ ਕਿ ਉਸ ‘ਤੇ ਕਿਹੜੇ ਦੋਸ਼ ਹਨ। “ਸੰਯੁਕਤ ਰਾਸ਼ਟਰ ਦੇ ਕਾਨੂੰਨੀ ਮਾਹਰਾਂ ਨੇ ਮੰਗ ਕੀਤੀ ਕਿ ਜੱਗੀ ਜੌਹਲ ਦੀ ਨਜ਼ਰਬੰਦੀ ਮਨਮਾਨੀ ਹੈ ਤੇ ਤੁਰੰਤ ਰਿਹਾਅ ਕੀਤਾ ਜਾਵੇ …ਸੰਯੁਕਤ ਰਾਸ਼ਟਰ ਵਰਕਿੰਗ ਗਰੁੱਪ ਆਨ ਆਰਬਿਟਰੇਰੀ ਡਿਟੈਂਸ਼ਨ ਨੇ ਜੱਗੀ ਜੌਹਲ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਕਿਹਾ ਭਾਰਤ ਵਿੱਚ ਜੌਹਲ ਦੀ ਨਜ਼ਰਬੰਦੀ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। … ਪਰਿਵਾਰ ਅਤੇ ਕੌਮਾਂਤਰੀ ਜਥੇਬੰਦੀਆਂ ਦੀਆਂ ਇਹ ਉਹ ਆਵਾਜ਼ਾ ਹਨ ਜੋ 5 ਸਾਲ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ (JAGTAR SINGH JAGGI JOHAL)  ਦੀ ਰਿਹਾਈ ਦੀ ਮੰਗ ਨੂੰ ਲੈਕੇ ਉੱਠ ਰਹੀਆਂ ਹਨ। 4 ਨਵੰਬਰ 2017 ਦਾ ਹੀ ਉਹ ਦਿਨ ਸੀ ਜਦੋਂ ਪੰਜਾਬ ਵਿੱਚ ਜੱਗੀ ਜੌਹਲ ਦੇ ਵਿਆਹ ਨੂੰ 15 ਦਿਨ ਹੀ ਹੋਏ ਸਨ । ਉਹ ਆਪਣੀ ਪਤਨੀ ਨਾਲ ਬਾਜ਼ਾਰ ਖਰੀਦਦਾਰੀ ਕਰਨ ਆਇਆ ਸੀ ਤਾਂ ਉਸ ਨੂੰ ਪੰਜਾਬ ਪੁਲਿਸ ਨੇ ਗਿਰਫ਼ਤਾਰ ਕਰ ਲਿਆ। ਪੰਜਾਬ ਵਿੱਚ ਹੋਇਆ ਟਾਰਗੇਟ ਕਿਲਿੰਗ ਦਾ ਮਾਸਟਰ ਮਾਇੰਡ ਦੱਸ ਦੇ ਹੋਏ ਪੂਰਾ ਮਾਮਲਾ NIA ਨੂੰ ਸੌਂਪ ਦਿੱਤਾ ਗਿਆ । ਅੱਜ 5 ਸਾਲ ਬੀਤ ਚੁੱਕੇ ਹਨ ਹੁਣ ਤੱਕ ਜੱਗੀ ਜੌਹਲ ਦੇ ਖਿਲਾਫ਼ NIA ਟਰਾਇਲ ਤੱਕ ਸ਼ੁਰੂ ਨਹੀਂ ਕਰ ਸਕੀ ਹੈ। ਹਾਲਾਂਕਿ ਉਸ ਦੇ ਨਾਲ ਫੜੇ ਗਏ ਟਾਰਗੇਟ ਕਿਲਿੰਗ ਦੇ ਮਾਮਲੇ ਵਿੱਚ 7 ਮੁਲਜ਼ਮਾਂ ਨੂੰ UAPA ਯਾਨੀ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਤੋਂ ਬਾਹਰ ਕੱਢ ਦਿੱਤਾ ਗਿਆ ਹੈ । ਪਰ ਉਸ ਨੂੰ ਹੁਣ ਵੀ UAPA ਦੇ ਅਧੀਨ ਜੇਲ੍ਹ ਵਿੱਚ ਬੰਦ ਰੱਖਿਆ ਗਿਆ ਹੈ ।

 

ਹੁਣ ਤੱਕ ਏਜੰਸੀਆਂ ਇਹ ਸਾਬਿਤ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ ਹਨ ਕਿ ਆਖਿਰ ਜੱਗੀ ਜੌਹਲ ਕਿਵੇਂ ਸਿੱਧੇ ਅਤੇ ਅਸਿੱਧੇ ਤੌਰ ‘ਤੇ ਪੰਜਾਬ ਵਿੱਚ 2016 ਤੋਂ 2017 ਵਿੱਚ ਹੋਈ ਟਾਰਗੇਟ ਕਿਲਿੰਗ ਵਿੱਚ ਸ਼ਾਮਲ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਮਨੁੱਖੀ ਅਧਿਕਾਰਾਂ ਦੀਆਂ ਕਈ ਉਲੰਘਣਾਵਾਂ ਕਰਦੇ ਹੋਏ ਜੱਗੀ ਨੂੰ ਇੱਕ ਝੂਠੇ “ਇਕਬਾਲੀਆ ਬਿਆਨ” ‘ਤੇ ਦਸਤਾਖਰ ਕਰਨ ਲਈ ਤਸੀਹੇ ਦਿੱਤੇ ਗਏ ਸਨ। ਹਾਲਾਂਕਿ ਭਾਰਤ ਸਰਕਾਰ ਨੇ ਇੰਨਾਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਅਤੇ ਦਾਅਵਾ ਕੀਤਾ ਹੈ ਕਿ ਕਾਨੂੰਨ ਦੇ ਮੁਤਾਬਿਕ ਹੀ ਜੱਗੀ ਜੌਹਲ ਤੇ ਕਾਰਵਾਈ ਕੀਤੀ ਗਈ ਹੈ।

ਜਦੋਂ ਜੱਗੀ ਜੌਹਲ ਨੂੰ ਗਿਰਫ਼ਤਾਰ ਕੀਤਾ ਸੀ ਤਾਂ ਬ੍ਰਿਟਿਸ਼ ਸਰਕਾਰ ਵੱਲੋਂ ਉਸ ਦੀ ਕਾਨੂੰਨੀ ਮਦਦ ਕੀਤੀ ਗਈ ਸੀ । ਕੁਝ ਮਹੀਨੇ ਪਹਿਲਾਂ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਪ੍ਰਧਾਨ ਨਰੇਂਦਰ ਮੋਦੀ ਨਾਲ ਮੁਲਾਕਾਤ ਦੌਰਾਨ ਜੱਗੀ ਜੌਹਲ ਦਾ ਮੁੱਦਾ ਚੁੱਕਿਆ ਸੀ । ਪਰ ਨਤੀਜਾ ਕੁਝ ਨਹੀਂ ਨਿਕਲਿਆ। ਰੀਪ੍ਰੀਵ ਸੰਸਥਾ ਨਾਲ ਸਬੰਧਤ ਮਾਇਆ ਫੋਆ ਨੇ ਜੱਗੀ ਜੌਹਲ ਦੀ ਰਿਹਾਈ ਵਿੱਚ ਅਸਫਲਤਾਂ ਦੇ ਲਈ ਬੋਰਿਸ ਜਾਨਸਨ ਸਰਕਾਰ ਵਿੱਚ ਵਿਦੇਸ਼ ਮੰਤਰੀ ਰਹੀ ਲਿਜ਼ ਟਰਸ ਨੂੰ ਇਸ ਦੇ ਲਈ ਜ਼ਿੰਮਵਾਰ ਦੱਸਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਵਿਦੇਸ਼ ਮੰਤਰੀ ਦੇ ਤੌਰ ‘ਤੇ ਉਹ ਅਸਫਲ ਰਹੀ ਹੈ। ਕੀ ਵਾਕਿਆ ਹੀ ਬ੍ਰਿਟਸ਼ ਸਰਕਾਰ ਨੇ ਜੱਗੀ ਜੌਹਲ ਦਾ ਕੇਸ ਮਜਬੂਤੀ ਨਾਲ ਰੱਖਿਆ ਕਿਉਂਕਿ ਜਿਹੜੀ ਖ਼ਬਰਾ ਆ ਰਹੀਆਂ ਹਨ ਉਸ ਮੁਤਾਬਿਕ ਬ੍ਰਿਟੇਨ ਦੀ ਖੁਫਿਆ ਏਜੰਸੀ ਨੇ ਹੀ ਜੱਗੀ ਜੌਹਲ ਦੀ ਜਾਣਕਾਰੀ ਭਾਰਤ ਸਰਕਾਰ ਨੂੰ ਦਿੱਤੀ ਸੀ ।

ਬ੍ਰਿਟੇਨ ਦੀ ਖੁਫਿਆ ਏਜੰਸੀਆਂ ਸ਼ੱਕ ਦੇ ਘੇਰੇ ਵਿੱਚ ਹਨ

ਜੱਗੀ ਜੌਹਲ ਦੀ ਗਿਰਫ਼ਤਾਰੀ ਦੇ ਮਾਮਲੇ ਵਿੱਚ ਬ੍ਰਿਟਿਨ ਖੁਫਿਆ ਏਜੰਸੀਆਂ ਵੀ ਸ਼ੱਕ ਦੇ ਘੇਰੇ ਵਿੱਚ ਹਨ। ਇਲਜ਼ਾਮ ਲੱਗ ਰਹੇ ਹਨ ਕਿ MI5 ਅਤੇ MI6 ਵਰਗੀ ਬ੍ਰਿਟਿਸ਼ ਖੁਫਿਆ ਏਜੰਸੀਆਂ ਨੇ ਹੀ ਭਾਰਤੀ ਅਧਿਕਾਰੀਆਂ ਨੂੰ ਜੱਗੀ ਜੌਹਲ ਬਾਰੇ ਸੂਹ ਦਿੱਤੀ ਸੀ । ਇਹ ਇਲਜ਼ਾਮ ਜੌਹਲ ਦੀ ਗਿਰਫ਼ਤਾਰੀ ਤੋਂ 2 ਮਹੀਨੇ ਬਾਅਦ ਲੱਗੇ ਸਨ। ਜੌਹਲ ਦੇ ਵਕੀਲਾਂ ਨੇ ਯੂਕੇ ਸਰਕਾਰ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ । ਕਿਹਾ ਜਾਂਦਾ ਹੈ ਕਿ MI5 ਅਤੇ MI6 ਦੇ ਮੰਨਿਆ ਸੀ ਕਿ ਉਸ ਨੇ ਬ੍ਰਿਟਿਸ਼ ਨਾਗਰਿਕ ਬਾਰੇ ਜਾਣਕਾਰੀ ਵਿਦੇਸ਼ੀ ਅਧਿਕਾਰੀਆਂ ਨੂੰ ਦਿੱਤੀ ਸੀ। ਅਜਿਹੇ ਵਿੱਚ ਬ੍ਰਿਟਿਸ਼ ਸਰਕਾਰ ਵੀ ਕਿਧਰੇ ਨਾ ਕਿਧਰੇ ਸ਼ੱਕ ਦੇ ਘੇਰੇ ਵਿੱਚ ਸੀ । ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ 1984 ਵਿੱਚ ਓਪਰੇਸ਼ਨ ਬਲੂ ਸਟਾਰ ਵੇਲੇ ਵੀ ਤਤਕਾਲੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦਾ ਰੋਲ ਸ਼ੱਕ ਦੇ ਘੇਰੇ ਵਿੱਚ ਆਇਆ ਸੀ। ਉਨ੍ਹਾਂ ਵੱਲੋਂ ਇਸ ਓਪਰੇਸ਼ਨ ਵਿੱਚ ਭਾਰਤੀ ਫੌਜ ਦੀ ਮਦਦ ਕਰਨ ਦਾ ਖੁਲਾਸਾ ਹੋਇਆ ਸੀ । ਇਸ ਲਈ ਕਿਧਰੇ ਨਾ ਕਿਧਰੇ ਜੱਗੀ ਜੌਹਲ ‘ਤੇ ਬ੍ਰਿਟਿਸ਼ ਸਰਕਾਰ ਦਾ ਰੋਲ ਵੀ ਕਿਧਰੇ ਨਾ ਕਿਧਰੇ ਸ਼ੱਕ ਦੇ ਘੇਰੇ ਵਿੱਚ ਹੈ ।

ਜੱਗੀ ਦੇ ਕੇਸ ਵਿੱਚ 28 ਨਵੰਬਰ ਨੂੰ ਟਰਾਇਲ ਸ਼ੁਰੂ ਹੋਵੇਗਾ

5 ਸਾਲ ਬਾਅਦ 28 ਨਵੰਬਰ ਨੂੰ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ‘ਤੇ ਹੁਣ NAI ਅਦਾਲਤ ਵਿੱਚ ਟਰਾਇਲ ਸ਼ੁਰੂ ਹੋਣ ਜਾ ਰਿਹਾ ਹੈ। 5 ਸਾਲ ਤੱਕ ਏਜੰਸੀਆਂ ਨੇ ਬਿਨਾਂ ਅਦਾਲਤੀ ਟਰਾਇਲ ਜੱਗੀ ਜੌਹਲ ਨੂੰ ਜੇਲ੍ਹ ਦੇ ਅੰਦਰ ਰੱਖਿਆ,ਜੱਗੀ ਨੂੰ 8 ਟਾਰਗੇਟ ਕਿਲਿੰਗ ਦੇ ਮਾਮਲਿਆਂ ਵਿੱਚ ਮੁਲਜ਼ਮ ਬਣਾਇਆ ਗਿਆ ਹੈ ਜਿੰਨਾਂ ਵਿੱਚੋਂ NIA ਕੋਰਟ ਨੇ ਫਿਲਹਾਲ 6 ਹੀ ਕੇਸਾਂ ਵਿੱਚ ਟਰਾਇਲ ਨੂੰ ਮਨਜ਼ੂਰੀ ਦਿੱਤੀ ਹੈ। ਜਦਕਿ 3 ਕੇਸਾਂ ਦਾ ਟਰਾਇਲ ਨਵੰਬਰ ਵਿੱਚ ਸ਼ੁਰੂ ਹੋਵੇਗਾ । ਜੱਗੀ ਜੌਹਲ ਖਿਲਾਫ਼ NIA ਦੀ ਜਾਂਚ ਰਫ਼ਤਾਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੱਗੀ ਜੌਹਲ ਲਈ ਜੇਲ੍ਹ ਤੋਂ ਬਾਹਰ ਆਉਣ ਦਾ ਰਾਹ ਅਸਾਨ ਨਹੀਂ ਹੈ। ਜੇਕਰ ਉਹ ਕਿਸੇ ਇੱਕ ਕੇਸ ਤੋਂ ਬਰੀ ਵੀ ਹੋ ਜਾਂਦਾ ਹੈ ਤਾਂ ਦੂਜੇ,ਤੀਜੇ ਹਰ ਇੱਕ ਕੇਸ ਲਈ ਉਸ ਨੂੰ ਲੰਮੀ ਅਦਾਲਤੀ ਪ੍ਰਕਿਆ ਤੋਂ ਗੁਜ਼ਰਨਾ ਹੋਵੇਗਾ ।  ਇਸ ਦਾ ਉਦਾਹਰਣ 2016 ਦਾ ਟਾਰਗੇਟ ਕਿਲਿੰਗ ਦਾ ਕੇਸ ਹੈ ਜਿਸ ਵਿੱਚ ਜੱਗੀ ਜੌਹਲ ਨੂੰ ਮੁਲਜ਼ਮ ਬਣਾਇਆ ਗਿਆ ਸੀ। ਫਰੀਦਕੋਟ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਦੇ ਕਤਲ ਕੇਸ ਵਿੱਚ 7 ਨਵੰਬਰ 2020 ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਜੱਗੀ ਜੌਹਲ ਤੋਂ ਕੋਈ ਰਿਕਵਰੀ ਨਾ ਹੋਣ ‘ਤੇ ਉਸ ਨੂੰ ਰੈਗੁਲਰ ਜ਼ਮਾਨਤ ਦਿੱਤੀ ਸੀ। ਪਰ ਟਾਰਗੇਟ ਕਿਲਿੰਗ ਦੇ ਹੋਰ ਮਾਮਲਿਆਂ ਵਿੱਚ ਮੁਲਜ਼ਮ ਹੋਣ ਦੀ ਵਜ੍ਹਾ ਕਰਕੇ ਉਹ ਹੁਣ ਵੀ ਜੇਲ੍ਹ ਵਿੱਚ ਹੀ ਹੈ।

ਅਜਿਹੇ ਵਿੱਚ ਜੱਗੀ ਜੌਹਲ ਕਿਵੇਂ ਅਤੇ ਕਦੋਂ ਜੇਲ੍ਹ ਤੋਂ ਬਾਹਰ ਆਵੇਗਾ ਇਹ ਵੱਡਾ ਸਵਾਲ ? ਸਵਾਲ ਏਜੰਸੀਆਂ ਅਤੇ ਕਾਨੂੰਨੀ ਪ੍ਰਕਿਆ ‘ਤੇ ਵੀ ਉਠ ਦੇ ਹਨ । ਕਿ ਇਹ ਅਣਮਨੁੱਖੀ ਵਤੀਰਾ ਨਹੀਂ ਹੈ ? ਇਹ ਜ਼ਰੂਰੀ ਹੈ ਕਿ ਦੇਸ਼ ਵਿਰੋਧੀ ਤਾਕਤਾਂ ਨੂੰ ਸਜ਼ਾ ਮਿਲੇ ਪਰ ਜਾਂਚ ਏਜੰਸੀਆਂ ਅਤੇ ਕਾਨੂੰਨੀ ਦੀ ਰਫ਼ਤਾਰ ਇੰਨੀ ਤੇਜ਼ ਹੋਣੀ ਚਾਹੀਦੀ ਹੈ ਕਿ ਇੱਕ ਸ਼ਖ਼ਸ ਨੂੰ ਸਿਰਫ਼ ਇਲਜ਼ਾਮਾਂ ਦੇ ਤਹਿਤ ਹੀ ਆਪਣੀ ਪੂਰੀ ਜ਼ਿੰਦਗੀ ਜੇਲ੍ਹ ਵਿੱਚ ਹੀ ਗੁਜ਼ਾਰਨੀ ਪਏ। ਜੱਗੀ ਦਾ ਪਰਿਵਾਰ ਵੀ ਇਹ ਦਾਅਵਾ ਕਰ ਰਿਹਾ ਹੈ ਕਿ ਕਿਉਂਕਿ ਜੱਗੀ ਸਿੱਖ ਮਸਲਿਆਂ ‘ਤੇ ਬੇਬਾਕੀ ਨਾਲ ਬੋਲਣ ਦੇ ਨਾਲ ਲਿੱਖ ਦਾ ਸੀ ਅਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਲਈ ਹਮੇਸ਼ਾ ਤਿਆਰ ਰਹਿੰਦਾ ਸੀ ਇਸੇ ਲਈ ਉਹ ਭਾਰਤੀ ਏਜੰਸੀਆਂ ਦੇ ਰਡਾਰ ‘ਤੇ ਆ ਗਿਆ ਅਤੇ ਜਦੋਂ ਉਹ 2017 ਵਿੱਚ ਭਾਰਤ ਵਿਆਹ ਕਰਵਾਉਣ ਆਇਆ ਤਾਂ ਉਸ ਨੂੰ ਟਾਰਗੇਟ ਕਿਲਿੰਗ ਦੇ ਮਾਮਲਿਆਂ ਵਿੱਚ ਫਸਾ ਦਿੱਤਾ ਗਿਆ । ਜੱਗੀ ਖਿਲਾਫ਼ ਟਾਰਗੇਟ ਕਿਲਿੰਗ ਦੇ ਜਿਹੜੇ ਇਲਜ਼ਾਮ ਲੱਗੇ ਹਨ ਜੇਕਰ ਉਹ ਸਾਬਿਤ ਹੁੰਦੇ ਹਨ ਤਾਂ ਉਸ ਨੂੰ ਉਮਰ ਕੈਦ ਜਾਂ ਫਿਰ ਸਜ਼ਾ-ਏ-ਮੌਤ ਦੀ ਸਜ਼ਾ ਵੀ ਮਿਲ ਸਕਦੀ ਹੈ। ਪਰ ਜੇਕਰ ਉਹ ਬਰੀ ਹੁੰਦਾ ਹੈ ਤਾਂ ਢਿੱਲੀ ਜਾਂਚ ਅਤੇ ਕਾਨੂੰਨੀ ਪ੍ਰਕਿਆ ਕੀ ਉਸ ਦੇ ਉਹ ਸਾਲ ਵਾਪਸ ਕਰ ਸਕਣਗੀਆਂ ਜਿਹੜੇ ਉਸ ਨੇ ਜੇਲ੍ਹ ਵਿੱਚ ਗੁਜ਼ਾਰੇ ਹੋਣਗੇ ।