Punjab

ਸ਼ਿਵ ਸੇਨਾ ਦੇ ਵੱਡੇ ਲੀਡਰ ਸੁਧੀਰ ਸੂਰੀ ਦਾ ਗੋਲੀਆਂ ਮਾਰਕੇ ਕਤਲ , ਇਲਾਕੇ ‘ਚ ਫੈਲੀ ਸਨਸਨੀ

Shiv Sena leader Sudhir Suri shot dead, accused arrested

ਅੰਮ੍ਰਿਤਸਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ  ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸੁਧੀਰ ਸੂਰੀ ‘ਤੇ ਇਹ ਹਮਲਾ ਅੰਮ੍ਰਿਤਸਰ ‘ਚ ਇੱਕ ਪ੍ਰਦਰਸ਼ਨ ਦੌਰਾਨ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਗੋਪਾਲ ਮੰਦਿਰ ਦੇ ਬਾਹਰ ਦੀ ਘਟਨਾ ਹੈ।

ਜਾਣਕਾਰੀ ਮੁਤਾਬਿਕ ਮਜੀਠਾ ਰੋਡ ਉੱਪਰ ਇਹ ਘਟਨਾ ਵਾਪਰੀ ਹੈ। ਸੁਧੀਰ ਸੂਰੀ ਉਸ ਵੇਲੇ ਗੋਲੀ ਮਾਰੀ, ਜਦੋਂ ਉਹ ਰੋਸ ਪ੍ਰਦਰਸ਼ਨ ਕਰ ਰਹੇ ਸੀ। ਸੂਤਰਾਂ ਮੁਤਾਬਿਕ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਅੰਮ੍ਰਿਤਸਰ ‘ਚ,ਗੋਪਾਲ ਮੰਦਰ ਦੇ ਬਾਹਰ ਧਰਨੇ ‘ਤੇ ਬੈਠੇ ਸੀ ਤੇ ਰੋਸ ਪ੍ਰਦਰਸ਼ਨ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨਾਲ ਸਮਰਥਕ ਵੀ ਹਾਜ਼ਰ ਸਨ। ਜਿਥੇ ਸੁਧੀਰ ਸੂਰੀ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਤੇ ਕਤਲ  ਕਰ ਦਿੱਤਾ ਗਿਆ ਹੈ । ਸੂ

ਦੱਸਿਆ ਜਾ ਰਿਹਾ ਹੈ ਕਿ ਅੰਦਾਜ਼ਨ ਦੋ ਜਾਂ ਤਿੰਨ ਗੋਲੀਆਂ ਸ਼ਿਵ ਸੈਨਾ ਆਗੂ ਸੁਧੀਰ ਸੂਰੀ  ਨੂੰ ਲੱਗੀਆਂ ਹਨ ਅਤੇ ਸੂਰੀ ਦੇ ਸੁਰੱਖਿਆ ਗਾਰਡਾਂ ਵੱਲੋਂ ਵੀ ਜਵਾਬੀ ਹਮਲੇ ਕੀਤੇ ਗਏ ਹਨ।

ਦੱਸ ਦੇਈਏ ਕਿ ਸ਼ਿਵ ਸੈਨਾ ਆਗੂ ਗੋਪਾਲ ਮੰਦਰ ਦੇ ਬਾਹਰ ਕੂੜੇ ‘ਚ ਪਾਈਆਂ ਜਾ ਰਹੀਆਂ ਭਗਵਾਨ ਦੀਆਂ ਮੂਰਤੀਆਂ ਦੇ ਵਿਰੋਧ ‘ਚ ਮੰਦਰ ਦੇ ਬਾਹਰ ਧਰਨੇ ‘ਤੇ ਬੈਠੇ ਸਨ। ਇਸ ਦੌਰਾਨ ਭੀੜ ਵਿੱਚੋਂ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ ।
 ਪੁਲਿਸ ਨੇ ਹਮਲਾਵਰਾਂ ਨੂੰ ਫੜਨ ਲਈ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਸੁਧਰੀ ਸੂਰੀ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ। ਦਿਨ-ਦਿਹਾੜੇ ਹੋਏ ਇਸ ਕਤਲ ਕਰਕੇ ਇਲਾਕੇ ‘ਚ ਸਨਸਨੀ ਫੈਲ ਗਈ।

ਪੁਲਿਸ ਨੇ ਗੋਲੀ ਮਾਰਨ ਵਾਲੇ ਸ਼ੱਕੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਵਾਸੀ ਕੋਟ ਬਾਬਾ ਦੀਪ ਸਿੰਘ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸੂਰੀ ਨੂੰ .30 ਕੈਲੀਬਰ ਰਿਵਾਲਵਰ ਨਾਲ ਦੋ ਵਾਰ ਗੋਲੀ ਮਾਰੀ ਗਈ ਸੀ।

ਸੁਧੀਰ ਸੂਰੀ ਨੂੰ ਪੰਜਾਬ ਪੁਲਿਸ ਤੋਂ ਸੁਰੱਖਿਆ ਵੀ ਮਿਲੀ ਹੋਈ ਸੀ। ਉਹਨਾਂ  ਦਾ ਨਾਂ ਪਿਛਲੇ ਦਿਨੀਂ ਕਈ ਵਿਵਾਦਾਂ ਵਿੱਚ ਵੀ ਆ ਚੁੱਕਾ ਹੈ। ਪਿਛਲੇ ਸਾਲ ਜੁਲਾਈ ਵਿੱਚ ਇਕ ਭਾਈਚਾਰੇ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਹੇਠ ਸੂਰੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।

ਜਿਲ੍ਹਾ ਅੰਮ੍ਰਿਤਸਰ ਦੇ ਉੱਚ ਪੁਲਿਸ ਅਧਿਕਾਰੀ ਅਰੁਣ ਪਾਲ ਸਿੰਘ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਕਾਨੂੰਨ ਦੇ ਮੁਤਾਬਕ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਉਹਨਾਂ ਦੱਸਿਆ ਹੈ ਕਿ ਸੁਧੀਰ ਸੂਰੀ ਮੰਦਰ ਦੇ ਬਾਹਰ ਇੱਕ ਪ੍ਰਦਰਸ਼ਨ ਕਰ ਰਿਹਾ ਸੀ। ਇਸੇ ਦੌਰਾਨ ਹੀ ਕਾਤਲਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਤੇ ਉਸਦੀ ਮੌਤ ਹੋ ਗਈ । ਉਹਨਾਂ ਮੁਤਾਬਕ ਹਾਲ ਦੀ ਘੜੀ ਇਸ ਮਾਮਲੇ ਦੀ ਜਾਂਚ ਜਾਰੀ ਹੈ, ਸੋ ਕੁੱਝ ਵੀ ਕਿਹਾ ਨਹੀਂ ਜਾ ਸਕਦਾ। ਹਮਲਾ ਕਰਨ ਵਾਲੇ ਦਾ ਹਥਿਆਰ ਲਾਇਸੈਂਸੀ ਸੀ ਤੇ ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ।

ਸ਼ਿਵ ਸੈਨਾ ਆਗੂ ਦੇ ਦਿਨ ਦਿਹਾੜੇ ਹੋਏ ਕਤਲ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪ੍ਰਤੀਕਰਮ ਦਿੰਦੇ ਹੋਏ ਟਵੀਟ ਕੀਤਾ ਹੈ ਕਿ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ ਅਤੇ ਬਦ ਤੋਂ ਬਦਤਰ ਹੋ ਰਹੀ ਹੈ।
ਉਹਨਾਂ ਕਿਹਾ ਹੈ ਕਿ ਸਿਆਸੀ ਵਖਰੇਵੇਂ ਹੋ ਸਕਦੇ ਹਨ ਪਰ ਅੰਮ੍ਰਿਤਸਰ ‘ਚ ਸ਼ਿਵ ਸੈਨਾ ਆਗੂ ‘ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਜਾਣੀ ਚਾਹਿਦੀ ਹੈ,ਹਿੰਸਾ ਅਸਵੀਕਾਰਨਯੋਗ ਹੈ। ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ‘ਚ ਲਿਆਂਦਾ ਜਾਵੇ।

ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸ਼ਿਵ ਸੈਨਾ ਆਗੂ ਦੀ ਮੌਤ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਟਵੀਟ ਕਰਦਿਆਂ ਹੋਇਆਂ ਲਿਖਿਆ ਹੈ ਕਿ ਕਿਸੇ ਵੀ ਵਿਅਕਤੀ ਦੇ ਬੇਵਕਤ ਤੁਰ ਜਾਣ ਦਾ ਅਫ਼ਸੋਸ ਹੁੰਦਾ ਹੈ। ਅੱਜ ਦਿਨ ਦਿਹਾੜੇ ਅੰਮ੍ਰਿਤਸਰ ਵਿੱਚ ਮੰਦਿਰ ਦੇ ਬਾਹਰ ਗੋਲੀਆਂ ਮਾਰਕੇ ਸ਼ਰੇਆਮ ਮਾਰਨਾ ਪੰਜਾਬ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੀ ਹੈ। ਰੰਧਾਵਾ ਨੇ ਪੰਜਾਬ ਸਰਕਾਰ ਨੂੰ ਹਰੇਕ ਫਰੰਟ ਤੇ ਖ਼ਾਸਕਰ ਲ਼ਾਅ ਐਂਡ ਆਰਡਰ ‘ਤੇ ਬੁਰੀ ਤਰਾਂ ਫੇਲ ਸਾਬਿਤ ਹੋਈ ਦੱਸਿਆ ਹੈ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਮੌਤ ਤੇ ਗਹਿਰੇ ਦੁੱਖ ਦੇ ਪ੍ਰਗਟਾਵਾ ਕੀਤਾ ਹੈ। ਇੱਕ ਟਵੀਟ ਵਿੱਚ ਉਹਨਾਂ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਬੇਰਹਿਮੀ ਨਾਲ ਕਤਲ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਸਾਰਿਆਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਅਤੇ ਪੰਜਾਬ ਦੇ ਦੁਸ਼ਮਣਾਂ ਨਾਲ ਮਿਲ ਕੇ ਲੜਨ ਦੀ ਅਪੀਲ ਕੀਤੀ ਹੈ ।
ਉਹਨਾਂ ਇਹ ਵੀ ਕਿਹਾ ਹੈ ਕਿ ਹਾਲਾਂਕਿ ਇਹ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ ਨੂੰ ਦਰਸਾਉਂਦਾ ਹੈ, ਪਰ ਨਾਲ ਹੀ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਉਮੀਦ ਵੀ ਜਤਾਈ ਹੈ।

ਡੀਜੀਪੀ ਗੋਰਵ ਯਾਦਵ ਨੇ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਤੇ ਉੱਡ ਰਹੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਉਹਨਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਹੈ ਕਿ ਅੰਮ੍ਰਿਤਸਰ ਵਿੱਚ ਹਾਲਾਤ ਕਾਬੂ ਹੇਠ ਹਨ। ਮੰਦਰ ਅੱਗੇ ਧਰਨਾ ਚੱਲ ਰਿਹਾ ਸੀ ,ਜਿਸ ਵਿੱਚ ਆਰਐਸਐਸ ਆਗੂ ਸੁਧੀਰ ਸੂਰੀ ਵੀ ਸੀ, ਜਿਸ ਦੌਰਾਨ ਇਸ ਤੇ ਗੋਲੀਆਂ ਚਲਾਈਆਂ ਗਈਆਂ ਹਨ। ਸੂਰੀ ‘ਤੇ ਗੋਲੀਆਂ ਚਲਾਉਣ ਵਾਲਾ ਵਿਅਕਤੀ ਸੰਦੀਪ ਸੰਨੀ ਦੀ ਉਥੇ ਲਾਗੇ ਹੀ ਕੱਪੜਿਆਂ ਦੀ ਦੁਕਾਨ ਹੈ,ਪੁਲਿਸ ਦੀ ਦੀ ਗ੍ਰਿਫਤ ਵਿੱਚ ਹੈ ਤੇ ਉਸ ਦੇ 32 ਬੋਰ ਦੇ ਰਿਵਾਲਵਰ ਨੂੰ ਵੀ ਫੋਰੈਂਸਿਂਕ ਜਾਂਚ ਲਈ ਭੇਜ ਦਿੱਤਾ ਗਿਆ ਹੈ।

ਉਸ ਨੇ 5 ਫਾਇਰ ਸੂਰੀ ਉਤੇ ਕੀਤੇ ਸਨ।ਇਸ ਤੋਂ ਇਲਾਵਾ ਹਾਲ ਦੀ ਘੜੀ ਕੁੱਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਇਸ ਤੋਂ ਇਲਾਵਾ ਬੇਫਜ਼ੂਲ ਪੋਸਟਾਂ ਪਾਉਣ ਤੇ ਅਫਵਾਹਾਂ ਫੈਲਾਉਣ ਵਾਲਿਆਂ ‘ਤੇ ਸਖਤ ਕਾਰਵਾਈ ਹੋਵੇਗੀ ਤੇ ਲੋਕ ਵੀ ਇਹਨਾਂ ਤੇ ਯਕੀਨ ਨਾ ਕਰਨ ਤੇ ਨਾ ਹੀ ਇਸ ਨੂੰ ਅਗੇ ਸ਼ੇਅਰ ਕਰਨ। ਪੰਜਾਬ ਪੁਲਿਸ ਆਪਣੀ ਜਿੰਮੇਵਾਰੀ ਨਿਭਾ ਰਹੀ ਹੈ ਤੇ ਪੰਜਾਬ ਦੇ ਮਾਹੋਲ ਨੂੰ ਕਿਸੇ ਵੀ ਕੀਮਤ ਤੇ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਹਰ ਸਬੂਤ ਨੂੰ ਇੱਕਠਾ ਕਰ ਕੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

ਅੰਮ੍ਰਿਤਸਰ ਤੋਂ ਹਲਕਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਤੇ ਬੇਬਾਕੀ ਨਾਲ ਕਿਹਾ ਹੈ ਕਿ ਇਹ ਘਟਨਾ ਅੰਮ੍ਰਿਤਸਰ ਵਿੱਚ ਪੁਲਿਸ ਸਿਸਟਮ ਦੀ ਪੂਰੀ ਤਰ੍ਹਾਂ ਢਹਿ-ਢੇਰੀ ਦਾ ਨਤੀਜਾ ਹੈ। ਘਟਨਾ ਨੂੰ ਕੋਈ ਹੋਰ ਰੰਗਤ ਨਾਂ ਦਿੱਤੇ ਜਾਣ ਦੀ ਬੇਨਤੀ ਵੀ ਉਹਨਾਂ ਨੇ ਲੋਕਾਂ ਨੂੰ ਕੀਤੀ ਹੈ।
ਉਹਨਾਂ ਆਪਣੀ ਪੋਸਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਘਟਨਾ ਸਥਾਨ ਦਾ ਦੌਰਾ ਕਰਨ ਮਗਰੋਂ ਉਹਨਾਂ ਮਾਨਯੋਗ ਮੁੱਖ ਮੰਤਰੀ, ਗ੍ਰਹਿ ਸਕੱਤਰ ਅਤੇ ਡੀਜੀਪੀ ਪੰਜਾਬ ਨੂੰ ਘਟਨਾ ਬਾਰੇ ਜਾਣੂ ਕਰਵਾਇਆ ਹੈ ਤੇ ਇੱਕ ਜਨ ਪ੍ਰਤੀਨਿਧੀ ਹੋਣ ਦੇ ਨਾਤੇ ਹਰ ਹਾਲਤ ਵਿੱਚ ਲੋਕਾਂ ਦੇ ਨਾਲ ਖੜ੍ਹਾ ਰਹਿਣ ਦੀ ਪ੍ਰਤੀਬਧਤਾ ਵੀ ਦੁਹਰਾਈ ਹੈ।

ਭਾਜਪਾ ਆਗੂ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਵੀ ਪੰਜਾਬ ਸਰਕਾਰ ਨੂੰ ਆਰਐਸਐਸ ਆਗੂ ਦੇ ਕਤਲ ਮਾਮਲੇ ਵਿੱਚ ਘੇਰਿਆ ਹੈ। ਉਹਨਾਂ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਅੰਮ੍ਰਿਤਸਰ ਵਿਚ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਬੇਹਦ ਮੰਦਭਾਗੀ ਘਟਨਾ ਹੈ। ਇਹ ਘਟਨਾ ਪੰਜਾਬ ਦੇ ਲਾਅ ਐਂਡ ਆਰਡਰ ‘ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ।

ਭਾਜਪਾ ਦੇ ਬੁਲਾਰੇ ਆਰ ਪੀ ਸਿੰਘ ਨੇ ਇਸ ਘਟਨਾ ਦਾ ਵੀਡੀਓ ਟਵੀਟ ਰਾਹੀਂ ਸਾਂਝਾ ਕੀਤਾ ਹੈ ਤੇ ਲਿਖਿਆ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਢਹਿ ਗਈ ਹੈ, ਹੁਣ ਖਾਲਿਸਤਾਨੀਆਂ ਦਾ ਬੋਲਬਾਲਾ ਹੈ।

ਹਾਲਾਂਕਿ ਇਸ ਤਰਾਂ ਦਾ ਕੋਈ ਵੀ ਸਬੂਤ ਘਟਨਾ ਵਾਲੀ ਜਗਾ ਤੋਂ ਨਹੀਂ ਮਿਲਿਆ ਹੈ ਤੇ ਨਾ ਹੀ ਕਿਸੇ ਪੁਲਿਸ ਅਧਿਕਾਰੀ ਨੇ ਇਸ ਤਰਾਂ ਦਾ ਕੋਈ ਬਿਆਨ ਦਿੱਤਾ ਹੈ।