Punjab

ਸੁਖਪਾਲ ਸਿੰਘ ਖਹਿਰਾ ਨੂੰ ਮਿਲੀ ਜ਼ਮਾਨਤ , ਕਪੂਰਥਲਾ ਕੋਰਟ ਨੇ ਦਿੱਤੀ ਜ਼ਮਾਨਤ

Sukhpal Singh Khaira, granted bail, Kapurthala court

ਕਪੂਰਥਲਾ : ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਡਰੱਗ ਕੇਸ ਵਿੱਚ ਗਵਾਹਾਂ ਨੂੰ ਧਮਕਾਉਣ ਦੇ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ। ਕਪੂਰਥਲਾ ਅਦਾਲਤ ਨੇ ਅੱਜ ਦੇ ਲਈ ਫ਼ੈਸਲਾ ਸੁਰੱਖਿਅਤ ਰੱਖਿਆ ਸੀ।

ਜ਼ਮਾਨਤ ਮਿਲਣ ਤੋਂ ਬਾਅਦ ਸੁਖਪਾਲ ਸਿੰਘ ਖਹਿਹਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਆਪਣੇ ਪਿਤਾ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਸ਼ੁਰੂਆਤ ਗੁਰਬਾਣੀ ਤੋਂ ਕੀਤੀ “ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ” ਦੋਸਤੋ, ਪ੍ਰਮਾਤਮਾ ਦੀ ਕਿਰਪਾ ਅਤੇ ਤੁਹਾਡੇ ਸਾਰੀਆਂ ਦੀਆਂ ਅਰਦਾਸਾਂ ਸਦਕਾ ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾ ਜੀ ਨੂੰ ਅੱਜ ਜ਼ਮਾਨਤ ਮਿਲ ਗਈ ਹੈ । ਸੱਚ ਨੂੰ ਕੁਝ ਸਮੇਂ ਦੇ ਲਈ ਪਰੇਸ਼ਾਨ ਜ਼ਰੂਰ ਕੀਤਾ ਜਾ ਸਕਦਾ ਹੈ ਪਰ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ ਹੈ। ਮੇਰੇ ਪਿਤਾ ਜਲਦ ਤੁਹਾਡੇ ਸਾਰਿਆਂ ਦੇ ਵਿਚਕਾਰ ਹੋਣਗੇ।’

ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਸਵੇਰੇ ਹਾਈਕੋਰਟ ਵਿੱਚ ਆਪਣੇ ਖ਼ਿਲਾਫ਼ ਕਪੂਰਥਲਾ ਵਿੱਚ ਦਰਜ ਇਸੇ ਕੇਸ ਨੂੰ ਰੱਦ ਕਰਨ ਦੇ ਲਈ ਪਟੀਸ਼ਨ ਪਾਈ ਸੀ। ਜਿਸ ‘ਤੇ ਅਦਾਲਤ ਨੇ ਪੰਜਾਬ ਸਰਕਾਰ ਕੋਲੋਂ ਅਗਲੇ ਸੋਮਵਾਰ ਤੱਕ ਜਵਾਬ ਮੰਗਿਆ ।

ਦੂਜੇ ਪਾਸੇ ਖਹਿਰਾ ਨੂੰ ਕਪੂਰਥਲਾ ਅਦਾਲਤ ਵੱਲੋਂ ਜ਼ਮਾਨਤ ਮਿਲਣ ‘ਤੇ ਆਗੂ ਵਿਰੋਧ ਧਿਰ ਪ੍ਰਤਾਪ ਸਿੰਘ ਬਾਜਵਾ ਦਾ ਵੀ ਬਿਆਨ ਸਾਹਮਣੇ ਆਇਆ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ ਹੈ। ‘ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲ ਗਈ ਹੈ। ਇਹ ਇਨਸਾਫ਼ ਦੀ ਜਿੱਤ ਹੈ ਅਤੇ ਭਗਵੰਤ ਮਾਨ ਸਰਕਾਰ ਦੀ ਹਾਰ ਹੈ। ਇਹ ਫ਼ੈਸਲਾ ਇੱਕ ਵਾਰ ਮੁੜ ਤੋਂ ਅਦਾਲਤ ‘ਤੇ ਭਰੋਸੇ ਨੂੰ ਮਜ਼ਬੂਤ ਕਰੇਗਾ। ਮੈਂ ਸੁਖਪਾਲ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਾ ਹਾਂ, ਨਾਲ ਭੁੱਲਥ ਦੀ ਜਨਤਾ ਅਤੇ ਕਾਂਗਰਸ ਵਰਕਰਾਂ ਦੀ ਵੀ ਇਹ ਜਿੱਤ ਹੈ’।

ਸੁਖਪਾਲ ਸਿੰਘ ਖਹਿਰਾ ਤਕਰੀਬਨ 4 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ। ਇਸ ਤੋਂ ਪਹਿਲਾਂ 4 ਜਨਵਰੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਖਹਿਰਾ ਨੂੰ ਜ਼ਮਾਨਤ ਦਿੱਤੀ ਸੀ। ਪਰ ਉਸੇ ਦਿਨ ਹੀ ਕਪੂਰਥਲਾ ਵਿੱਚ ਖਹਿਰਾ ਖ਼ਿਲਾਫ਼ ਡਰੱਗ ਮਾਮਲੇ ਵਿੱਚ ਗਵਾਹਾਂ ਨੂੰ ਧਮਕਾਉਣ ਦੀ ਨਵੀਂ FIR ਦਰਜ ਕੀਤੀ ਗਈ ਸੀ ।

ਸੁਭਾਨਪੁਰ ਵਿੱਚ ਇੱਕ ਔਰਤ ਰਣਜੀਤ ਕੌਰ ਦੀ ਸ਼ਿਕਾਇਤ ‘ਤੇ ਧਾਰਾ 195 A ਅਤੇ 506 IPC ਤਹਿਤ FIR ਦਰਜ ਕੀਤੀ ਗਈ ਸੀ। ਦਰਅਸਲ ਰਣਜੀਤ ਕੌਰ ਡੋਗਰਾਵਾਲ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਦੀ ਪਤਨੀ ਹੈ । ਕਸ਼ਮੀਰ ਸਿੰਘ ਨੇ ਹੀ 2015 NDPS ਅਤੇ ਹਥਿਆਰਾਂ ਦੇ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਅਤੇ ਇੱਕ ਹੋਰ ਮੁਲਜ਼ਮ ਦੇ ਖ਼ਿਲਾਫ਼ ਗਵਾਈ ਦਿੱਤੀ ਸੀ। ਪਤਨੀ ਰਣਜੀਤ ਕੌਰ ਦਾ ਇਲਜ਼ਾਮ ਸੀ ਕਿ 15 ਅਕਤੂਬਰ 2015 ਨੂੰ 2 ਅਣਪਛਾਤੇ ਲੋਕ ਉਨ੍ਹਾਂ ਦੇ ਘਰ ਵੜੇ ਅਤੇ ਕਿਹਾ ਕਿ ਜੇਕਰ ਮੇਰੇ ਪਤੀ ਨੇ ਆਪਣਾ ਬਿਆਨ ਵਾਪਸ ਨਾ ਲਿਆ ਤਾਂ ਉਸ ਦਾ ਅੰਜਾਮ ਭੁਗਤਣਾ ਹੋਵੇਗਾ।

ਇਸ ਤੋਂ ਬਾਅਦ ਮੇਰੇ ਪਤਨੀ ਨੂੰ 22 ਅਕਤੂਬਰ 2015 ਤੋਂ ਧਮਕੀ ਦੇ ਫ਼ੋਨ ਆਉਣੇ ਸ਼ੁਰੂ ਹੋ ਗਏ ਸਨ ਕਿ ਖਹਿਰਾ ਦੇ ਖਿਲਾਫ ਬਿਆਨ ਵਾਪਸ ਲਏ ਜਾਣ । ਰਣਜੀਤ ਕੌਰ ਨੇ ਆਪਣੀ ਸ਼ਿਕਾਇਤ ਵਿੱਚ ਇਹ ਦੱਸਿਆ ਹੈ ਕਿ ਉਸ ਨੇ 16 ਅਤੇ 22 ਅਕਤੂਬਰ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਸੀ। ਇਸ ਤੋਂ ਬਾਅਦ ਰਣਜੀਤ ਕੌਰ ਨੇ ਕਪੂਰਥਲਾ ਕੋਰਟ ਪਹੁੰਚੀ ਅਤੇ ਅਦਾਲਤ ਨੇ SHO ਨੂੰ ਜਾਂਚ ਸੌਂਪ ਦਿੱਤੀ ਸੀ ।

ਇਹ ਹੈ ਡਰੱਗ ਦਾ ਪੂਰਾ ਮਾਮਲਾ

28 ਸਤੰਬਰ 2023 ਨੂੰ ਸੁਖਪਾਲ ਸਿੰਘ ਖਹਿਰਾ ਦੀ ਚੰਡੀਗੜ੍ਹ ਤੋਂ 2015 ਦੇ ਡਰੱਗ ਮਾਮਲੇ ਵਿੱਚ ਗ੍ਰਿਫ਼ਤਾਰੀ ਹੋਈ ਸੀ । ਅਪ੍ਰੈਲ 2023 ਨੂੰ ਪੰਜਾਬ ਸਰਕਾਰ ਨੇ ਖਹਿਰਾ ਡਰੱਗ ਮਾਮਲੇ ਦੀ ਜਾਂਚ ਦੇ ਲਈ ਇੱਕ SIT ਦਾ ਗਠਨ ਕੀਤਾ ਸੀ । ਜਿਸ ਦੀ ਰਿਪੋਰਟ ਦੇ ਅਧਾਰ ‘ਤੇ ਹੀ ਖਹਿਰਾ ਦੀ ਗ੍ਰਿਫ਼ਤਾਰੀ ਹੋਈ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ED ਵੱਲੋਂ ਇਸੇ ਮਾਮਲੇ ਵਿੱਚ 2021 ਦੇ ਅਖੀਰ ਵਿੱਚ ਖਹਿਰਾ ਦੀ ਕੀਤੀ ਗਈ ਗ੍ਰਿਫ਼ਤਾਰੀ ‘ਤੇ ਜ਼ਮਾਨਤ ਦਿੱਤੀ ਸੀ ਅਤੇ 2023 ਦੇ ਸ਼ੁਰੂਆਤ ਵਿੱਚ ਫ਼ਾਜ਼ਿਲਕਾ ਕੋਰਟ ਦੇ ਸੰਮਨ ਨੂੰ ਰੱਦ ਕਰ ਦਿੱਤਾ ਸੀ ਪਰ ਪੰਜਾਬ ਸਰਕਾਰ ਦਾ ਤਰਕ ਦੀ ਸਾਮਲਾ ਗੰਭੀਰ ਹੈ ਅਦਾਲਤ ਨੇ ਸਾਨੂੰ ਜਾਂਚ ਤੋਂ ਨਹੀਂ ਰੋਕਿਆ ਹੈ ।

ਗ੍ਰਿਫ਼ਤਾਰੀ ਦੇ ਖ਼ਿਲਾਫ਼ ਖਹਿਰਾ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਪਟੀਸ਼ਨ ਪਾਈ ਸੀ । 2 ਨਵੰਬਰ ਤੱਕ ਜ਼ਮਾਨਤ ‘ਤੇ ਫ਼ੈਸਲਾ ਰਾਖਵਾਂ ਰੱਖਿਆ ਗਿਆ ਸੀ । ਪਰ ਸਰਕਾਰੀ ਵਕੀਲ ਨੇ ਅਦਾਲਤ ਵਿੱਚ ਖਹਿਰਾ ਦੇ ਖ਼ਿਲਾਫ਼ ਨਵੇਂ ਸਬੂਤ ਹੋਣ ਦਾ ਦਾਅਵਾ ਕੀਤਾ । ਜਿਸ ਤੋਂ ਬਾਅਦ ਹਰ ਸੁਣਵਾਈ ਵਿੱਚ ਸਰਕਾਰ ਵੱਲੋਂ ਹੋਰ ਸਮਾਂ ਮੰਗਿਆ ਗਿਆ ਅਤੇ ਅਖੀਰ ਵਿੱਚ ਹੁਣ 4 ਮਹੀਨੇ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ 4 ਜਨਵਰੀ ਨੂੰ ਖਹਿਰਾ ਨੂੰ ਜ਼ਮਾਨਤ ਦੇ ਦਿੱਤੀ ਸੀ ।