Punjab

ਪਹਿਲਾਂ ਟਵੀਟ ਕਰ ਤੇ ਬਾਅਦ ਵਿੱਚ ਡਿਲੀਟ ਕਰ ਘਿਰੇ ਸੰਧਵਾਂ,ਵਿਰੋਧੀ ਧਿਰਾਂ ਨੇ ਚੁੱਕੇ ਸਵਾਲ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਦੇਸ਼ ਦੇ ਕਾਰੋਬਾਰੀ ਗੌਤਮ ਅਡਾਨੀ ਦੇ ਹੱਕ ਵਿੱਚ ਟਵੀਟ ਕਰਨ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕ ਨਵੀਂ ਚਰਚਾ ਛਿੜ ਗਈ ਜਾਪਦੀ ਹੈ। ਭਾਵੇਂ ਕਿ ਬਾਅਦ ਵਿੱਚ ਉਹਨਾਂ ਨੇ ਆਪਣਾ ਇਹ ਟਵੀਟ ਡਿਲੀਟ ਕਰਵਾ ਦਿੱਤਾ ਹੈ।

ਜਿਵੇਂ ਕਿ ਸਭ ਨੂੰ ਪਤਾ ਹੈ ਕਿ ਦੇਸ਼ ਦੇ ਚੋਟੀ ਦੇ ਅਰਬਪਤੀ ਗੌਤਮ ਅਡਾਨੀ ਦੇ ਦੁਨੀਆ ਭਰ ਦੇ ਪਹਿਲੇ 10 ਦੌਲਤਮੰਦ ਵਿਅਕਤੀਆਂ ਦੀ ਸੂਚੀ ਵਿੱਚੋਂ ਬਾਹਰ ਹੋ ਜਾਣ ਦੀ ਖ਼ਬਰ ਅੱਜ ਹਰ ਪਾਸੇ ਛਾਈ ਹੋਈ ਹੈ। ਅਡਾਨੀ ਗਰੁੱਪ ਨੇ ਹਿੰਡਨਬਰਗ ਏਜੰਸੀ ਵੱਲੋਂ ਪੇਸ਼ ਕੀਤੀ ਰਿਪੋਰਟ ਨੂੰ ਭਾਰਤ ਵਿਵਸਥਾ ‘ਤੇ ਹਮਲਾ ਕਰਾਰ ਦਿੱਤਾ ਹੈ। ਜਿਸ ਦੇ ਨਤੀਜੇ ਵਜੋਂ  ਆਏ ਵੱਖੋ-ਵੱਖ ਪ੍ਰਤੀਕਰਮ ਸਾਹਮਣੇ ਆ ਰਹੇ ਸੀ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵੀ ਆਪਣੇ ਟਵੀਟਰ ਅਕਾਊਂਟ ਤੋਂ ਇੱਕ ਪੋਸਟ ਸਾਂਝੀ ਕੀਤੀ ਗਈ,ਜਿਸ ਵਿੱਚ ਅਡਾਨੀ ਗਰੁੱਪ ਵੱਲੋਂ ਕੀਤੀ ਗਈ ਇਸ ਬਿਆਨਬਾਜੀ ਦੀ ਪ੍ਰੋੜਤਾ ਕੀਤੀ ਗਈ ਸੀ।

ਭਾਵੇਂ ਇਸ ਪੋਸਟ ਨੂੰ ਉਹਨਾਂ ਨੇ ਬਾਅਦ ਵਿੱਚ ਡਿਲੀਟ ਕਰ ਦਿੱਤਾ ਹੈ ਪਰ ਵਿਰੋਧੀ ਧਿਰ ਨੇ ਇਸ ਨੂੰ ਲੈ ਕੇ ਸਵਾਲ ਚੁੱਕੇ ਹਨ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸੰਧਵਾਂ ਦੀ ਇਸ ਪੋਸਟ ਦਾ ਸਕਰੀਨ ਸ਼ਾਟ ਸਾਂਝਾ ਕੀਤਾ ਹੈ ਤੇ ਲਿਖਿਆ ਹੈ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਹਿਲਾਂ ਇਹ ਟਵੀਟ ਕਰਨਾ ਤੇ ਹੁਣ ਇਸ ਨੂੰ ਮਿਟਾਇਆ ਜਾਣਾ ਇਸ ਗੱਲ ਦਾ ਅਟੱਲ ਸਬੂਤ ਹੈ ਕਿ ‘ਆਪ’ ਬੀਜੇਪੀ ਵਿਚਾਰਧਾਰਾ ਦੀ ਬੀ-ਟੀਮ ਹੈ ਕਿਉਂਕਿ ਉਹ ਹਿੰਡਨਬਰਗ ਦੀ ਤਿਆਰ ਕੀਤੀ ਰਿਪੋਰਟ ਨੂੰ ਭਾਰਤ, ਮੋਦੀ ਅਤੇ ਅਡਾਨੀ ਵਿਰੁੱਧ ਸਾਜ਼ਿਸ਼ ਦੱਸ ਰਹੇ ਹਨ।

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ‘ਤੇ ਸਵਾਲ ਚੁੱਕੇ ਹਨ। ਅਕਾਲੀ ਦਲ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਵੀ ਇੱਕ ਪ੍ਰੈਸ ਕਾਨਫਰੰਸ ਵਿੱਚ ਸੰਧਵਾ ਤੋਂ ਇਹ ਕਹਿੰਦੇ ਹੋਏ ਸਪਸ਼ਟੀਕਰਨ ਮੰਗਿਆ ਹੈ ਕਿ ਪਹਿਲਾਂ ਟਵੀਟ ਕੀਤਾ ਕਿਉਂ ਸੀ ਤੇ ਬਾਅਦ ਵਿੱਚ ਅਜਿਹਾ ਕੀ ਹੋਇਆ ਹੈ ਕਿ ਉਹਨਾਂ ਨੂੰ ਟਵੀਟ ਡਿਲੀਟ ਕਰਨਾ ਪਿਆ ਹੈ ? ਕਲੇਰ ਨੇ ਇਹ ਵੀ ਕਿਹਾ ਹੈ ਕਿ ਇਸ ਤੋਂ ਪਹਿਲਾਂ ਸੰਧਵਾਂ ਨੇ ਡੇਢ ਮਹੀਨੇ ਬਾਅਦ ਅਸਤੀਫਾ ਦੇਣ ਦੀ ਗੱਲ ਵੀ ਕੀਤੀ ਸੀ ਪਰ ਉਹ ਉਸ ਤੋਂ ਵੀ ਪਲਟ ਗਏ ਸੀ।