‘ਦ ਖ਼ਾਲਸ ਬਿਊਰੋ : ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੀ ਜਾਂਚ ਕਰਨ ਲਈ ਐੱਸਆਈਟੀ ਨੇ ਬਹਿਬਲ ਕਲਾਂ ਵਿਖੇ ਪਹੁੰਚ ਕੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ। ਇਸ ਐੱਸਆਈਟੀ ਦੀ ਅਗਵਾਈ ਆਈਜੀ ਨੌਨਿਹਾਲ ਸਿੰਘ ਕਰ ਰਹੇ ਹਨ। ਇਸ ਥਾਂ ’ਤੇ ਲੰਮੇ ਸਮੇਂ ਇਨਸਾਫ਼ ਲਈ ਮੋਰਚਾ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਫੋਰੈਂਸਿਕ ਮਾਹਰਾਂ ਦੀ ਟੀਮ ਕੋਟਕਪੂਰਾ ਗੋਲੀ ਕਾਂਡ ਵਾਲੀ ਥਾਂ ਦਾ ਵੀ ਦੌਰਾ ਕਰ ਚੁੱਕੀ ਹੈ। ਇਸ ਮੌਕੇ ਐੱਸਐੱਸਪੀ ਬਟਾਲਾ ਸਤਿੰਦਰ ਸਿੰਘ ਵੀ ਮੌਜੂਦ ਸਨ। ਟੀਮ ਨੇ ਇਥੇ ਪੁੱਜ ਕੇ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ। ਤਕਰੀਬਨ ਅੱਧੇ ਘੰਟੇ ਦੀ ਜਾਂਚ ਪੜਤਾਲ ਦੌਰਾਨ ਟੀਮ ਨੇ ਕੇਸ ਨਾਲ ਸਬੰਧਤ ਗਵਾਹਾਂ ਨੂੰ ਵੀ ਮੌਕੇ ’ਤੇ ਸੱਦਿਆ ਤੇ ਉਨ੍ਹਾਂ ਤੋਂ ਵੀ ਪੁੱਛ-ਪੜਤਾਲ ਕੀਤੀ।
ਸੂਤਰਾਂ ਮੁਤਾਬਕ ਟੀਮ ਵੱਲੋਂ ਆਉਣ ਦਾ ਮਕਸਦ ਕੇਸ ਨਾਲ ਸਬੰਧਤ ਤੱਥਾਂ ਦੀ ਮੁੜ ਜਾਂਚ ਕਰਨਾ ਦੱਸਿਆ ਜਾ ਰਿਹਾ ਹੈ। ਜਾਂਚ ਦੌਰਾਨ ਪੀੜਤ ਪਰਿਵਾਰਾਂ ਨੇ ਵੀ ਟੀਮ ਦਾ ਪੂਰਾ ਸਹਿਯੋਗ ਕੀਤਾ। ਵਿਸ਼ੇਸ਼ ਜਾਂਚ ਟੀਮ ਨੇ ਗੋਲੀ ਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨਾਲ ਵੀ ਗੱਲਬਾਤ ਕੀਤੀ।
ਬਟਾਲਾ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਥੇ ਆਉਣ ਦਾ ਮਕਸਦ ਤੱਥਾਂ ਦੀ ਮੁੜ ਪੜਤਾਲ ਕਰਨਾ ਹੈ। ਉਨ੍ਹਾਂ ਜਾਂਚ ਨਾਲ ਸਬੰਧਤ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ।
ਪੜਤਾਲ ਅਧੂਰੀ ਹੋਣ ਕਾਰਨ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਫਰੀਦਕੋਟ ਦੀ ਅਦਾਲਤ ਵਿੱਚ ਵੀ ਅੱਗੇ ਨਹੀਂ ਤੁਰ ਰਹੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਮੁਤਾਬਿਕ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੀ ਸੁਣਵਾਈ ਇੱਕਸਾਰ ਹੋਣੀ ਹੈ। ਬਹਿਬਲ ਗੋਲੀ ਕਾਂਡ ਵਿੱਚ ਇਸ ਤੋਂ ਪਹਿਲਾਂ 9 ਚਲਾਨ ਅਦਾਲਤ ਵਿੱਚ ਪੇਸ਼ ਹੋ ਚੁੱਕੇ ਹਨ ਅਤੇ ਇੱਕ ਚਲਾਨ ਪੇਸ਼ ਹੋਣਾ ਅਜੇ ਬਾਕੀ ਹੈ। ਇਹ ਚਲਾਨ ਪੇਸ਼ ਕਰਨ ਤੋਂ ਪਹਿਲਾਂ ਜਾਂਚ ਟੀਮ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੀ ਪੁੱਛ ਪੜਤਾਲ ਲਈ ਬੁਲਾ ਚੁੱਕੀ ਹੈ। ਜਾਂਚ ਟੀਮ ਨੇ ਦੋਹਾਂ ਘਟਨਾਵਾਂ ਦੀ ਪੜਤਾਲ ਬਾਰੇ ਆਪਣੀ ਪ੍ਰਗਤੀ ਰਿਪੋਰਟ 17 ਦਸੰਬਰ ਨੂੰ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਕਰਨੀ ਹੈ।