Punjab

ਕੀ ਸਰਬੱਤ ਖਾਲਸਾ ਬੁਲਾਉਣ ਦੀ ਜ਼ਰੂਰਤ ਹੈ ? ਪਹਿਲੀ ਤੇ ਅਖੀਰਲੀ ਵਾਰ ਕਦੋਂ ਤੇ ਕਿਉਂ ਬੁਲਾਉਣ ਗਿਆ ਸੀ ?

Sarbat khalsa history and importance

ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਤਾਜ਼ਾ ਵੀਡੀਓ ਦੌਰਾਨ ਉਹ ਵਾਰ-ਵਾਰ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬੱਤ ਖਾਲਸਾ ਬੁਲਾਉਣ ਦੀ ਮੰਗ ਕਰ ਰਹੇ ਹਨ । ਪਰ ਕੀ ਇਸ ਦੀ ਜ਼ਰੂਰਤ ਹੈ ? ਜਥੇਦਾਰ ਕਦੋਂ ਸਰਬੱਤ ਖਾਲਸਾ ਬੁਲਾਉਣ ਦਾ ਫੈਸਲਾ ਲੈ ਸਕਦੇ ਹਨ ? ਸਰਬੱਤ ਖਾਲਸਾ ਬੁਲਾਉਣ ਦਾ ਮਤਲਬ ਕੀ ਹੈ ? ਹੁਣ ਤੱਕ ਕਿੰਨੀ ਵਾਰ,ਕਦੋ ਅਤੇ ਕਿਹੜੇ ਹਾਲਾਤਾਂ ਵਿੱਚ ਸਰਬੱਤ ਖਾਲਸਾ ਸੱਦਿਆ ਗਿਆ ਹੈ ਇਸ ਬਾਰੇ ਤੁਹਾਨੂੰ ਦੱਸ ਦੇ ਹਾਂ ਸਿਲਸਿਲੇਵਾਰ ।

ਸਰਬੱਤ ਖਾਲਸਾ ਦਾ ਮਤਲਬ

ਸਰਬੱਤ ਖਾਲਸਾ ਦਾ ਮਤਲਬ ਹੈ ਸਾਰੀਆਂ ਜਥੇਬੰਦੀਆਂ ਵੱਲੋਂ ਆਪਸੀ ਵਿਵਾਦ ਬੁਲਾਕੇ ਪੰਥ ਦੇ ਸਾਹਮਣੇ ਦਰਪੇਸ਼ ਚੁਣੌਤੀ ਨੂੰ ਸਿਰ ਜੋੜ ਕੇ ਇੱਕ ਸੁਰ ਵਿੱਚ ਉਸ ਦਾ ਹੱਲ ਕੱਢਣ ਅਤੇ ਪੰਥ ਦੇ ਲਈ ਦਿਸ਼ਾ ਤੈਅ ਕਰਨ । ਸਭ ਤੋਂ ਪਹਿਲਾਂ ਸਰਬਤ ਖਾਲਸਾ 1722 ਨੂੰ ਅੰਮ੍ਰਿਤਸਰ ਵਿੱਚ ਭਾਈ ਮਨੀ ਸਿੰਘ ਨੇ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦੇ ਕਹਿਣ ‘ਤੇ ਸੱਦਿਆ ਸੀ । ਦਅਰਸਲ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ 1709 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਸਨ ਜਿਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਪੰਥ ਦਾ ਜਥੇਦਾਰ ਬਣਾਇਆ ਗਿਆ,ਉਨ੍ਹਾਂ ਨੇ 1710 ਵਿੱਚ ਸਿੱਖ ਰਾਜ ਕਾਇਮ ਕੀਤਾ, 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋਏ । ਇਸ ਤੋਂ ਬਾਅਦ ਬੰਦਈ ਖਾਲਸਾ ਅਤੇ ਤੱਤ ਖਾਲਸਾ 2 ਗੁੱਟ ਬਣ ਗਏ । ਜੋ ਸਿੱਖ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਸਨ ਉਹ ਆਪਣੇ ਆਪ ਨੂੰ ਬੰਦਈ ਖਾਲਸਾ ਕਹਿੰਦੇ ਸਨ ਜਦਕਿ ਦੂਜੇ ਆਪਣੇ ਆਪ ਨੂੰ ਤੱਤ ਖਾਲਸਾ ਕਹਿੰਦੇ ਸਨ । ਦੋਵਾਂ ਦੇ ਮਤਭੇਦ ਦੂਰ ਕਰਨ ਦੇ ਲਈ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਕਿਹਾ ਕਿ ਉਹ ਇੰਨਾਂ ਦੋਵਾ ਨੂੰ ਅੰਮ੍ਰਿਤਸਰ ਬੁਲਾਉਣ ਅਤੇ ਵਿਵਾਦ ਸੁਲਝਾਉਣ,ਫਿਰ ਸਰਬਤ ਖਾਲਸੇ ਦੇ ਰੂਪ ਵਿੱਚ ਦੋਵਾਂ ਨੂੰ ਸੱਦਿਆ ਗਿਆ ਅਤੇ ਵਿਵਾਦ ਹੱਲ ਕੀਤਾ ਗਿਆ ।

ਸ਼੍ਰੀ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਫਿਰ ਦਰਬਾਰਾ ਸਿੰਘ ਅਤੇ ਫਿਰ ਸਰਕਾਰ ਕਪੂਰ ਸਿੰਘ ਨੂੰ ਸਿੱਖ ਕੌਮ ਦੇ ਜਨਨੈਲ ਦੀ ਜ਼ਿੰਮੇਵਾਰੀ ਸੌਂਪੀ ਗਈ, ਉਸ ਵੇਲੇ ਨਾਦਰ ਸ਼ਾਹ ਨੇ ਬਹੁਤ ਲੁੱਟ ਮਚਾਈ ਸੀ ਅਤੇ ਉਸ ਨੇ ਖਜ਼ਾਨਾ ਤਾਂ ਲੁਟਿਆ ਹੀ ਨਾਲ ਧੀ ਭੈਣਾ ਨੂੰ ਵੀ ਨਾਲ ਲੈਕੇ ਜਾਣ ਲੱਗਿਆ ਉਸ ਵੇਲੇ ਸਰਕਾਰ ਕਪੂਰ ਸਿੰਘ ਨੇ ਸਿੱਖਾਂ ਦੇ ਸਾਰੇ ਸੈਕਸ਼ਨ ਨੂੰ ਇਕੱਠਾ ਕੀਤਾ ਅਤੇ ਸਰਬੱਤ ਖਾਲਸਾ ਸੱਦਿਆ ਅਤੇ ਕਿਹਾ ਕਿਵੇਂ ਨਾਦਰਸ਼ਾਹ ਸਾਡਾ ਸਮਾਨ ਅਤੇ ਧੀ ਭੈਣਾਂ ਨੂੰ ਪੰਜਾਬ ਤੋਂ ਲਿਜਾ ਸਕਦਾ ਹੈ, ਨਾਦਰਸ਼ਾਹ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਫਿਰ ਉਸ ਨੂੰ ਖਾਲੀ ਹੱਥ ਮੋੜਿਆ,ਲਾਹੌਰ ਪਹੁੰਚਣ ਤੋਂ ਬਾਅਦ ਨਾਦਰਸ਼ਾਹ ਨੇ ਕਿਹਾ ਇਹ ਕਿਵੇਂ ਦੀ ਕੌਮ ਹੈ ਅਸੀਂ ਇਸ ਨੂੰ ਮਾਰਿਆ ਫਿਰ ਉੱਠ ਕੇ ਸਾਡੇ ‘ਤੇ ਹਮਲਾ ਕੀਤਾ । 1748 ਵਿੱਚ ਜਦੋਂ ਅਬਦਾਲੀ ਨੇ ਨਾਦਰਸ਼ਾਹ ਦੇ ਜਾਣ ਤੋਂ ਬਾਅਦ ਹਮਲਾ ਕੀਤਾ ਤਾਂ ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ਟ੍ਰੇਨ ਕਰਨ ਦੇ ਲਈ ਇੱਕ ਇਕੱਠ ਬੁਲਾਇਆ ਅਤੇ ਦੱਸਿਆ ਕਿਵੇਂ ਸਿੱਖਾਂ ਨੂੰ ਇੱਕ ਜੁੱਟ ਰੱਖ ਕੇ ਲੀਡ ਕਰਨਾ ਹੈ । ਹਾਲਾਂਕਿ ਇਸ ਨੂੰ ਸਰਬੱਤ ਖਾਲਸਾ ਸਾ ਦਾ ਨਾਂ ਨਹੀਂ ਦਿੱਤਾ ਗਿਆ ਸੀ । ਉਸ ਵੇਲੇ ਸਿੱਖਾਂ ਦੇ 2 ਦਲ ਸਨ ਇੱਕ ਤਰਨਾ ਦਲ ਅਤੇ ਦੂਜਾ ਬੁੱਢਾ ਦਲ, ਜਿਹੜੇ 40 ਸਾਲ ਤੋਂ ਵੱਧ ਸਨ ਉਹ ਬੁੱਢਾ ਦਲ ਦੇ ਮੈਂਬਰ ਸਨ ਜਿਹੜੇ 40 ਤੋਂ ਘੱਟ ਸਨ ਉਹ ਤਰਨਾ ਦਲ ਦੇ ਮੈਂਬਰ ਸਨ । ਫਿਰ ਪ੍ਰਸ਼ਾਸਨਿਕ ਕੰਮ ਵੇਖਣ ਦੇ ਲਈ ਇਹ 5 ਦਲਾਂ ਵਿੱਚ ਵੰਡੇ ਗਏ,ਇੱਕ ਦਲ ਵਿੱਚ 100 ਸਿੱਖ ਹੁੰਦੇ ਸਨ । ਜਦੋਂ ਜੱਸਾ ਸਿੰਘ ਆਹਲੂਵਾਲੀਆ ਨੇ ਅਹਿਮਦਸ਼ਾਹ ਨੂੰ ਹਰਾਇਆ ਤਾਂ ਹੋਲੀ-ਹੋਲੀ ਇਹ 12 ਮਿਸਲਾ ਬਣ ਗਈਆਂ ਜਿੰਨਾਂ ਨੇ ਪੰਜਾਬ ਨੂੰ ਆਪਸ ਵਿੱਚ ਵੰਡ ਲਿਆ। ਜਦੋਂ 1799 ਵਿੱਚ ਮਹਾਰਾਜ ਰਣਜੀਤ ਸਿੰਘ ਦਾ ਆਗਮਨ ਹੁੰਦਾ ਹੈ ਤਾਂ ਮੁਗਲਾਂ ਦੇ ਖਿਲਾਫ਼ ਉਹ ਸਾਰੀਆਂ ਮਿਸਲਾ ਨੂੰ ਇਕੱਠੇ ਕਰਦੇ ਹਨ । ਪਰ ਉਸ ਵੇਲੇ ਸਰਬਤ ਖਾਲਸਾ ਵਰਗੀ ਕੋਈ ਗੱਲ ਸਾਹਮਣੇ ਨਹੀਂ ਹੁੰਦੀ ਹੈ । ਫਿਰ ਸ੍ਰੋਮਣੀ ਕਮੇਟੀ ਬਣਨ ਵੇਲੇ ਸਰਬੱਤ ਖਾਲਸਾ ਮੁੜ ਤੋਂ ਚਰਚਾ ਵਿੱਚ ਆਉਂਦਾ ਹੈ।

SGPC ਦੇ ਆਉਣ ਤੋਂ ਬਾਅਦ ਸਰਬੱਤ ਖਾਲਸਾ ਮੁੜ ਚਰਚਾ ਵਿੱਚ ਆਇਆ

1920 – 21 ਵਿੱਚ ਨਨਕਾਣਾ ਸਾਹਿਬ ਅਜ਼ਾਦ ਕਰਵਾਉਣ ਦੇ ਲਈ ਸਰਬੱਤ ਖਾਲਸਾ ਸੱਦਿਆ ਜਾਂਦਾ ਹੈ ਤਾਂ ਇਸ ਤੋਂ ਪਹਿਲਾਂ ਹੀ ਸਾਕਾ ਨਨਕਾਣਾ ਸਾਹਿਬ ਵਾਪਰ ਜਾਂਦਾ ਹੈ ਅਤੇ ਫਿਰ ਸਰਬੱਤ ਖਾਲਸਾ ਨਹੀਂ ਸੱਦਿਆ ਜਾਂਦਾ ਹੈ, ਫਿਰ ਜਾਣਕਾਰਾਂ ਮੁਤਾਬਿਕ 1925 ਵਿੱਚ ਜਦੋਂ ਸ਼੍ਰੋਮਣੀ ਕਮੇਟੀ ਹੌਂਦ ਵਿੱਚ ਆਉਂਦੀ ਹੈ ਤਾਂ ਸਿੱਖ ਰਹਿਤ ਮਹਿਆਦਾ ਬਣਾਉਣ ਦੇ ਲਈ ਸਰਬੱਤ ਖਾਲਸਾ ਸੱਦਿਆ ਜਾਂਦਾ ਹੈ । ਕਈ ਸਾਲ ਚਰਚਾ ਤੋਂ ਬਾਅਦ ਸਿੱਖ ਰਹਿਤ ਮਰਿਆਦਾ ਤਿਆਰ ਹੁੰਦੀ ਹੈ । ਇਸ ਤੋਂ ਬਾਅਦ ਦਾਅਵਾ ਕੀਤਾ ਜਾਂਦਾ ਹੈ ਕਿ 1986 ਵਿੱਚ ਸਰਬੱਤ ਖਾਲਸਾ ਸੱਦਿਆ ਗਿਆ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਨੂੰ ਹਟਾ ਕੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਦੇ ਭਤੀਜੇ ਜਸਬੀਰ ਸਿੰਘ ਰੋਡੇ ਨੂੰ ਜਥੇਦਾਰ ਥਾਪਿਆ ਜਾਂਦਾ ਹੈ। ਪਰ ਇਸ ਨੂੰ ਲੈਕੇ 2 ਰਾਇ ਹਨ। ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ 1986 ਵਿੱਚ ਸਰਬੱਤ ਖਾਲਸਾ ਵਿੱਚ ਇੱਕ ਹੀ ਗਰੁੱਪ ਨੂੰ ਬੁਲਾਇਆ ਗਿਆ ਸੀ ਦੂਜੇ ਨੂੰ ਨਹੀਂ ਇਸ ਲਈ ਇਸ ਲਈ ਇਸ ਨੂੰ ਸਰਬੱਤ ਖਾਲਸਾ ਨਹੀਂ ਕਿਹਾ ਜਾ ਸਕਦਾ ਹੈ।

ਅਖੀਰਲੀ ਵਾਰ ਸਰਬੱਤ ਖਾਲਸਾ ਅਮਰੀਕਾ ਦੇ ਸਿੱਖ ਵਿਦਵਾਨ ਯੋਗੀ ਹਰਭਜਨ ਸਿੰਘ ਦੀ ਮੰਗ ‘ਤੇ 1996 ਵਿੱਚ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਸੱਦਾ ਦਿੱਤਾ ਸੀ । ਉਸ ਵੇਲੇ ਇਸ ਨੂੰ ਵਰਲਡ ਸਿੱਖ ਕੌਂਸਲ ਦਾ ਨਾਂ ਦਿੱਤਾ ਗਿਆ ਸੀ । ਇਸ ਵਿੱਚ ਸਿੱਖ ਪੰਥ ਦੇ ਸਾਹਮਣੇ ਦਰਪੇਸ਼ ਚੁਣੌਤੀਆਂ ‘ਤੇ ਵਿਚਾਰ ਕੀਤਾ ਗਿਆ ਸੀ । ਇਸ ਤੋਂ ਬਾਅਦ 2015 ਵਿੱਚ ਬੇਅਦਬੀ ਤੋਂ ਬਾਅਦ ਕੁਝ ਸਿੱਖ ਜਥੇਬੰਦੀਆਂ ਨੇ ਮਿਲ ਕੇ ਸਰਬੱਤ ਖਾਲਸਾ ਬੁਲਾਉਣਾ ਦਾ ਫੈਸਲਾ ਲਿਆ ਸੀ ਅਤੇ ਇਸ ਵਿੱਚ ਮੁਤਬਾਜ਼ੀ ਜਥੇਦਾਰਾਂ ਦੀ ਨਿਯੁਕਤੀ ਹੋਈ ਸੀ । ਪਰ ਕੁਝ ਹੀ ਸਾਲਾਂ ਵਿੱਚ ਸਾਰੇ ਮੁਤਬਾਜ਼ੀ ਜਥੇਦਾਰਾਂ ਦੇ ਵਿਚਾਲੇ ਮਤਭੇਦ ਹੋ ਗਏ ਅਤੇ ਅਸਤੀਫਾ ਦੇ ਦਿੱਤਾ ਗਿਆ । ਹੁਣ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਸਰਬੱਤ ਖਾਲਸਾ ਸੱਦਣ ਦੀ ਮੰਗ ਹੋ ਰਹੀ ਹੈ । ਸ਼੍ਰੀ ਅਕਾਲ ਤਖਤ ਨੇ ਹੀ ਇਹ ਫੈਸਲਾ ਲੈਣਾ ਹੈ ਕਿ ਉਹ ਸਰਬੱਤ ਖਾਲਸਾ ਸੱਦਣਗੇ ਜਾਂ ਨਹੀਂ। ਸਰਬੱਤ ਖਾਲਸਾ ਬੁਲਾਉਣ ਲਈ ਅਜਿਹਾ ਕੋਈ ਨਿਯਮ ਨਹੀਂ ਹੈ ਕਿ 4 ਜਾਂ ਫਿਰ 5 ਜਥੇਬੰਦੀਆਂ ਮਿਲ ਕੇ ਕਹਿਣ ਗੀਆਂ ਤਾਂ ਹੀ ਸਰਬੱਤ ਖਾਲਸਾ ਬੁਲਾਇਆ ਜਾ ਸਕਦਾ ਹੈ। ਇਹ ਫੈਸਲਾ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੇ ਪੰਜ ਸਿੰਘ ਸਾਹਿਬਾਨਾਂ ਨਾਲ ਮਿਲਕੇ ਕਰਨਾ ਹੈ ।