India Punjab

ਪੰਜਾਬ ਸਣੇ ਉੱਤਰੀ ਭਾਰਤ ’ਚ ਸੰਘਣੀ ਧੁੰਦ ਕਾਰਨ ਸੜਕ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ

Road, rail and air traffic affected due to thick fog in Punjab including North India

‘ਦ ਖ਼ਾਲਸ ਬਿਊਰੋ :  ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਅਗਲੇ ਚਾਰ-ਪੰਜ ਦਿਨ ‘ਸੰਘਣੀ ਤੋਂ ਬਹੁਤ ਸੰਘਣੀ ਧੁੰਦ’ ਪੈ ਸਕਦੀ ਹੈ, ਜਿਸ ਕਾਰਨ ਰੇਲ ਗੱਡੀਆਂ ਤੇ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਉਪਗ੍ਰਹਿ ਤੋਂ ਹਾਸਲ ਹੋਈਆਂ ਤਸਵੀਰਾਂ ’ਚ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ ਤੇ ਉੱਤਰ ਪ੍ਰਦੇਸ਼ ’ਚ ਧੁੰਦ ਦੀ ਮੋਟੀ ਪਰਤ ਦਿਖਾਈ ਦਿੱਤੀ।

ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਹਲਵਾਰਾ, ਆਦਮਪੁਰ, ਬਠਿੰਡਾ, ਮੁਹਾਲੀ ਤੇ ਰੂਪਨਗਰ ਤੇ ਹਰਿਆਣਾ ਦੇ ਕਰਨਾਲ, ਅੰਬਾਲਾ, ਹਿਸਾਰ, ਰੋਹਤਕ, ਭਿਵਾਨੀ ਤੇ ਪੰਚਕੂਲਾ ਸਮੇਤ ਦੋਹਾਂ ਰਾਜਾਂ ਦੇ ਕਈ ਹਿੱਸਿਆਂ ’ਚ ਧੁੰਦ ਕਾਰਨ ਦੇਖ ਸਕਣ ਦੀ ਸਮਰੱਥਾ ਬਹੁਤ ਘੱਟ ਰਹੀ ਹੈ। ਧੁੰਦ ਕਾਰਨ ਸੜਕਾਂ ’ਤੇ ਵਾਹਨਾਂ ਦੀ ਰਫ਼ਤਾਰ ਵੀ ਘੱਟ ਰਹੀ ਹੈ ਤੇ ਬਹੁਤੇ ਵਾਹਨਾਂ ਬੱਤੀਆਂ ਜਗਾ ਕੇ ਜਾਂਦੇ ਦਿਖਾਈ ਦਿੱਤੇ ਹਨ।

ਰਾਸ਼ਟਰੀ ਰਾਜਧਾਨੀ ਅੱਜ ਸਵੇਰੇ ਧੁੰਦ ਦੀ ਲਪੇਟ ’ਚ ਰਹੀ, ਜਿਸ ਕਾਰਨ ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ। ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਕਰੀਬ 18 ਰੇਲ ਗੱਡੀਆਂ ਡੇਢ ਤੋਂ ਪੰਜ ਘੰਟੇ ਦੇਰੀ ਨਾਲ ਚੱਲ ਰਹੀਆਂ ਸਨ। ਦਿੱਲੀ ਹਵਾਈ ਅੱਡੇ ‘ਤੇ ਉਡਾਣਾਂ ਆਮ ਹਨ।

ਅਧਿਕਾਰੀ ਮੁਤਾਬਿਕ ਚੰਡੀਗੜ੍ਹ, ਵਾਰਾਨਸੀ ਅਤੇ ਲਖਨਊ ‘ਚ ਖਰਾਬ ਮੌਸਮ ਕਾਰਨ ਮੰਗਲਵਾਰ ਰਾਤ ਨੂੰ ਤਿੰਨ ਉਡਾਣਾਂ ਦਿੱਲੀ ਵੱਲ ਮੋੜ ਦਿੱਤੀਆਂ ਗਈਆਂ ਜਾਂ ਉਨ੍ਹਾਂ ਦਾ ਰਾਹ ਬਦਲ ਦਿੱਤਾ ਗਿਆ। ਪੰਜਾਬ, ਹਰਿਆਣਾ, ਉੱਤਰ-ਪੱਛਮੀ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਅਸਮਾਨ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਈ ਰਹੀ।

ਦਿੱਲੀ ਕੌਮਾਂਤਰੀ ਏਅਰਪੋਰਟ ਲਿਮਟਿਡ ਨੇ ਦੱਸਿਆ ਕਿ ਮੌਸਮ ਖਰਾਬ ਹੋਣ ਕਾਰਨ ਫਲਾਈਟਾਂ ਜਾਂ ਤਾਂ ਡਾਈਵਰਟ ਹੋ ਰਹੀਆਂ ਹਨ ਜਾਂ ਫਿਰ ਵਾਪਸ ਪਰਤ ਰਹੀਆਂ ਹਨ ਕਿਉਂਕਿ ਚੰਡੀਗੜ੍ਹ, ਵਾਰਾਨਸੀ ਤੇ ਲਖਨਊ ਵਿਚ ਮੌਸਮ ਬਹੁਤ ਖਰਾਬ ਹੈ।

ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਵਿਜ਼ੀਬਿਲਟ ਨਾਰਮਲ ਹੈ ਤੇ ਫਲਾਈਟਾਂ ਉਡਾਣ ਭਰ ਰਹੀਆਂ ਹਨ ਪਰ ਚੰਡੀਗੜ੍ਹ, ਵਾਰਾਨਸੀ ਤੇ ਲਖਨਊ ਵਿਚ ਮੌਸਮ ਖਰਾਬ ਹੋਣ ਕਾਰਨ ਫਲਾਈਟਾਂ ਜਾਂ ਤਾਂ ਵਾਪਸ ਪਰਤ ਰਹੀਆਂ ਹਨ  ਜਾਂ ਫਿਰ ਡਾਈਵਰਟ ਹੋ  ਰਹੀਆਂ ਹਨ।