Punjab

ਚੰਡੀਗੜ੍ਹ ‘ਚ ਦੋ ਦਿਨ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ : 3 ਦਿਨ ਰਹੇਗੀ ਸੰਘਣੀ ਧੁੰਦ…

Chance of rain and hail for two days in Chandigarh: Dense fog will last for 3 days;

ਮੌਸਮ ਵਿਭਾਗ ਨੇ ਚੰਡੀਗੜ੍ਹ ਵਿੱਚ ਦੋ ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਅੱਜ ਮੀਂਹ ਪੈਣ ਦੀ ਸੰਭਾਵਨਾ ਦੇ ਨਾਲ ਹਲਕਾ ਬੱਦਲਵਾਈ ਰਹੇਗੀ। ਇਸ ਦੌਰਾਨ 30 ਤੋਂ 40 ਕਿੱਲੋਮੀਟਰ ਦੀ ਰਫ਼ਤਾਰ ਨਾਲ ਸੀਤ ਲਹਿਰ ਚੱਲੇਗੀ ਅਤੇ ਕੁਝ ਹਿੱਸਿਆਂ ਵਿੱਚ ਗੜੇ ਪੈਣ ਦੀ ਸੰਭਾਵਨਾ ਹੈ। 31 ਜਨਵਰੀ ਤੋਂ 4 ਫਰਵਰੀ ਤੱਕ ਖ਼ਰਾਬ ਮੌਸਮ ਦੀ ਭਵਿੱਖਬਾਣੀ ਕੀਤੀ ਗਈ ਹੈ। 1 ਅਤੇ 2 ਫਰਵਰੀ ਨੂੰ ਸੰਘਣੀ ਧੁੰਦ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਜਨਵਰੀ ਮਹੀਨੇ ਵਿੱਚ ਹੁਣ ਤੱਕ ਇੱਕ ਦਿਨ ਵੀ ਮੀਂਹ ਨਹੀਂ ਪਿਆ ਪਰ ਜਨਵਰੀ ਦੇ ਆਖ਼ਰੀ ਦਿਨ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਦਿਨ ਦੇ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਵੇਗੀ। ਅੱਜ ਦਾ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਸੀਤ ਲਹਿਰ ਅਤੇ ਮੀਂਹ ਦੀ ਸੰਭਾਵਨਾ ਕਾਰਨ ਭਲਕੇ ਵੱਧ ਤੋਂ ਵੱਧ ਤਾਪਮਾਨ ਵਿੱਚ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਸ ਕਾਰਨ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਬੱਦਲ ਛਾਏ ਰਹਿਣ ਕਾਰਨ ਘੱਟੋ-ਘੱਟ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਵੇਗਾ। ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਤੱਕ ਤਾਪਮਾਨ 17 ਤੋਂ 19 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਖ਼ਰਾਬ ਮੌਸਮ ਕਾਰਨ ਹਵਾਈ ਆਵਾਜਾਈ ‘ਤੇ ਇਸ ਦਾ ਭਾਰੀ ਅਸਰ ਪੈ ਰਿਹਾ ਹੈ। ਮੰਗਲਵਾਰ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਤਿੰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦੋਂ ਕਿ ਤਿੰਨ ਉਡਾਣਾਂ ਨੂੰ ਦਿੱਲੀ ਵੱਲ ਮੋੜਨਾ ਪਿਆ ਅਤੇ 39 ਉਡਾਣਾਂ ਆਪਣੇ ਨਿਰਧਾਰਤ ਸਮੇਂ ਤੋਂ ਲੇਟ ਹੋਈਆਂ। ਵਿਜ਼ੀਬਿਲਟੀ ਸਵੇਰੇ 50 ਮੀਟਰ ਦੇ ਕਰੀਬ ਰਹਿਣ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ।

ਕੱਲ੍ਹ ਪੁਣੇ ਤੋਂ ਚੰਡੀਗੜ੍ਹ ਆਉਣ ਵਾਲੀਆਂ ਫਲਾਈਟਾਂ, ਬੈਂਗਲੁਰੂ ਤੋਂ ਚੰਡੀਗੜ੍ਹ ਆਉਣ ਵਾਲੀਆਂ ਫਲਾਈਟਾਂ ਅਤੇ ਮੁੰਬਈ ਤੋਂ ਚੰਡੀਗੜ੍ਹ ਆਉਣ ਵਾਲੀਆਂ ਫਲਾਈਟਾਂ ਨੂੰ ਦਿੱਲੀ ਡਾਇਵਰਟ ਕਰਨਾ ਪਿਆ ਸੀ। ਅੱਜ ਸਵੇਰੇ 6:30 ਵਜੇ ਤੱਕ ਵੀ ਕੋਈ ਵੀ ਫਲਾਈਟ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਹੀਂ ਉਤਰ ਸਕੀ ਅਤੇ ਨਾ ਹੀ ਇੱਥੋਂ ਕੋਈ ਫਲਾਈਟ ਟੇਕ ਆਫ ਹੋਈ ਹੈ।