Punjab

ਦੁਰਵਿਵਹਾਰ ਦਾ ਸਾਰਾ ਠੀਕਰਾ ਮਾਨ ਨੇ ਕਿਸ ਦੇ ਸਿਰ ਭੰਨਿਆ, ਦੁੱਖ ਭਰੇ ਅੰਦਾਜ਼ ‘ਚ ਇਹ ਕੀ ਕਹਿ ਦਿੱਤਾ..

Gal Sunoh Punjabi Dosto

‘ਦ ਖ਼ਾਲਸ ਬਿਊਰੋ (ਹਰਸ਼ਰਨ ਕੌਰ) : ਗੱਲ ਸੁਣੋ ਪੰਜਾਬੀ ਦੋਸਤੋ(Gal Sunoh Punjabi Dosto), ਗਾਣੇ ਦਾ ਦਰਸ਼ਕਾਂ ਦੀ ਅੱਖ ਤੋਂ ਰਿਵਿਊ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡੀ ਕੋਈ ਵੀ ਨਿੱਜੀ ਟਿੱਪਣੀ ਨਹੀਂ ਹੋਵੇਗੀ। ਅਸੀਂ ਸਿਰਫ ਸ਼ਬਦਾਂ ਦੇ ਭਾਵਅਰਥ ਦੱਸਣ ਦੀ ਕੋਸ਼ਿਸ਼ ਕਰਾਂਗੇ। ਇਹ ਗਾਣਾ ਪੂਰਾ 8 ਮਿੰਟ 27 ਸਕਿੰਟ ਦਾ ਗਾਣਾ ਹੈ। ਗੁਰਦਾਸ ਮਾਨ ਦੇ ਯੂਟਿਊਬ ਚੈਨਲ ‘ਤੇ ਜਾ ਕੇ ਤੁਸੀਂ ਸੁਣ ਸਕਦੇ ਹੋ ਤੇ ਗਾਣੇ ਦੀ ਸ਼ੁਰੂਆਤ ਮਾਂ ਬੋਲੀ ਦਾ ਗੱਦਾਰ ਮੁਰਦਾਬਾਦ ਦੇ ਨਾਅਰਿਆਂ ਤੋਂ ਹੁੰਦੀ ਹੈ। 2 ਮਿੰਟ 6 ਸਕਿੰਟ ਤੱਕ ਵਾਰਤਕ ਰੂਪ ਵਿੱਚ ਪੇਸ਼ ਕੀਤੀ ਕਹਾਣੀ ਵਿੱਚ ਗੁਰਦਾਸ ਮਾਨ ਦੇ 2019 ਚ ਦਿੱਤੇ ਬਿਆਨ ਵਾਲੇ ਵਿਵਾਦ ਨੂੰ ਦਰਸਾਇਆ ਗਿਆ ਹੈ ਤੇ ਸਪੱਸ਼ਟੀਕਰਨ ਦਿੱਤਾ ਗਿਆ ਹੈ।

ਪਹਿਲੇ ਪਹਿਰੇ ਵਿੱਚ ਗੁਰਦਾਸ ਮਾਨ ਨੇ ਪੰਜਾਬੀਆਂ ਵੱਲੋਂ ਕੀਤੀ ਆਪਣੀ ਪਰਖ ਤੇ ਹਿਰਖ ਜ਼ਾਹਿਰ ਕੀਤਾ ਹੈ ਤੇ ਸਿਰਫ ਆਪਣੇ ਹੱਕ ‘ਚ ਬੋਲਣ ਵਾਲਿਆਂ ਦੀ ਜੈ ਜੈਕਾਰ ਦੀ ਦੁਆ ਕੀਤੀ ਹੈ, ਗਾਣੇ ਦੇ ਫਿਲਮਾਂਕਣ ਵਿੱਚ ਗੁਰਦਾਸ ਮਾਨ ਨੇ ਪੰਜਾਬੀਆਂ ਦੀ ਸੋਚ ਦੇ ਉਸ ਦੁਖਦਾਈ ਪੱਖ ਨੂੰ ਵੀ ਬਿਆਨ ਕੀਤਾ ਜਿਹੜੀ ਸੋਚ ਮਾਪਿਆਂ ਨੂੰ ਪੰਜਾਬੀ ਮਾਧਿਅਮ ਸਕੂਲਾਂ ਨਾਲੋਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮੀਡੀਅਮ ਦੀ ਪੜਾਈ ਕਰਵਾਉਣ ਵੱਲ ਅੰਧਾਧੁੰਧ ਤੁਰੀ ਹੋਈ ਹੈ।

ਦੂਜੇ ਪਹਿਰੇ ਵਿੱਚ ਮਾਨ ਨੇ ਸਿੱਖੀ ਦੀ ਪਰਿਭਾਸ਼ਾ ‘ਤੇ ਸਿੱਖਾਂ ਦਾ ਕਿਰਦਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਨਾਲ ਹੀ 2019 ਵਿੱਚ ਵਿਰੋਧ ਕਰਨ ਵਾਲੇ ਸਿੱਖਾਂ ਨਾਲ ਤਿੱਖੀ ਨਰਾਜ਼ਗੀ ਜ਼ਾਹਿਰ ਕਰਦਿਆਂ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਸਾਰਾ ਭਾਂਡਾ ਉਨਾਂ ਸਿੱਖਾਂ ਸਿਰ ਭੰਨਿਆ ਹੈ, ਮਾਨ ਨੇ ‘ਬਹੁਤ ਹੀ ਦੁੱਖ ਭਰੇ ਅੰਦਾਜ਼ ਵਿੱਚ ਇਲਜ਼ਾਮ ਲਾਇਆ ਹੈ ਮੇਰੀ ਮਾਂ ਨੂੰ ਗਾਲ਼ਾਂ ਕੱਢਦਿਆਂ ਉਨਾਂ ਪ੍ਰਦਰਸ਼ਨਕਾਰੀਆਂ ਨੇ ਮੈਨੂੰ ਗੱਦਾਰ ਤੱਕ ਕਹਿ ਦਿੱਤਾ ਤੇ ਕਲਮ ਤਿਆਗਣ ਲਈ ਮਜ਼ਬੂਰ ਕੀਤਾ ….’

ਤੀਜੇ ਪਹਿਰੇ ਵਿੱਚ ਗੁਰਦਾਸ ਮਾਨ ਨੇ ‘ਮੈਨੂੰ ਕਿਉਂ ਨਾ ਗੁੱਸਾ ਆਂਵਦਾ, ਮੂੰਹੋਂ ਕਿਉਂ ਨਾ ਨਿਕਲਦੀ ਗਾਹਲ’, ਕਹਿਕੇ ਆਪਣੀ ਮੁਆਫ਼ੀ ਦਾ ਵੀ ਪੂਰਾ ਪੂਰਾ ਬਚਾਅ ਕੀਤਾ ਹੈ ਕਿ 2019 ਵਿੱਚ ਕੈਨੇਡਾ ‘ਚ ਸਟੇਜ ਸ਼ੋਅ ਦੌਰਾਨ ਜੇ ਮੈਂ ਸੰਕੇਤਕ ਵਿਰੋਧ ਕਰਨ ਵਾਲਿਆਂ ਨੂੰ ਗਾਹਲ ਕੱਢੀ ਤਾਂ ਉਹ ਜਾਇਜ਼ ਸੀ, ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁੱਸਾ ਆਉਣ ‘ਤੇ ਗਾਲ੍ਹ ਕੱਢਣਾ ਜਾਇਜ਼ ਹੁੰਦਾ ਹੈ, ਅਸੀਂ ਤੁਸੀਂ ਸਭ ਕੱਢਦੇ ਹਾਂ, ਤੇ ਇਹ ਇਕ ਵੱਡਾ ਸਵਾਲ ਵੀ ਬਣਦਾ ਹੈ ਗਾਲ੍ਹ ਕੱਢਣਾ ਪੰਜਾਬੀਆਂ ਦੀ ਸ਼ਾਨ ਕਿਹਨੇ ਬਣਾ ਦਿਤੀ ?

Punjabi Singer Gurdass Mann
ਪੰਜਾਬੀ ਗਾਇਕ ਗੁਰਦਾਸ ਮਾਨ

ਅੱਗੇ ਫਿਰ ਗੁਰਦਾਸ ਮਾਨ ਸੁਪਨੇ ਵਿੱਚ ਆਪਣੀ ਮਾਂ ਨਾਲ ਗੱਲ ਕਰਦੇ ਪੁੱਛਦੇ ਨੇ ਕਿ ਇਹ ਮੇਰੇ ਨਾਲ ਕੀ ਹੋ ਗਿਆ, ਮਾਂ ਨੇ ਜਵਾਬ ਦਿੱਤਾ ਕਿ ‘ਹੋਣੀ ਸੀ ਹੋ ਕੇ ਰਹਿਣੀ ਸੀ, ਇਸਨੂੰ ਕੋਈ ਟਾਲ ਨਹੀਂ ਸਕਦਾ।’ ਫਿਲਮਾਂਕਣ ‘ਚ ਦਰਸਾਇਆ ਹੈ ਕਿ ਮਾਂ ਦੇ ਕਹੇ ਤੋਂ ਗੁਰਦਾਸ ਮਾਨ ਆਪਣੀ ਕਲਮ ਤਿਆਗਣ ਦੀ ਇੱਛਾ ਤਿਆਗ ਕੇ ਮੁੜ ਉੱਠਦੇ ਹਨ ਤੇ ਵਿਰੋਧ ਕਰਨ ਵਾਲਿਆਂ ਵਿਚਾਲੇ ਜਾਂਦੇ ਹਨ। ਆਪਣਾ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕਰਦੇ ਹਨ ਪਰ ਵਿਰੋਧ ਕਰਨ ਵਾਲਿਆਂ ਨੇ ਸੁਣਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਗੁਰਦਾਸ ਮਾਨ ਜਦੋਂ ਬੋਲਦੇ ਹਨ ਕਿ ‘ਜਿੱਥੇ ਬੋਲੇ ਸੋ ਨਿਹਾਲ ਉਥੇ ਮੁਰਦਾਬਾਦ ਦੀਆਂ ਆਵਾਜ਼ਾਂ ਨਹੀਂ ਉੱਠਦੀਆਂ’, ਤਾਂ ਸਾਰੇ ਪ੍ਰਦਰਸ਼ਨਕਾਰੀਆਂ ਦੀਆਂ ਨਜ਼ਰਾਂ ਝੁਕ ਜਾਂਦੀਆਂ ਨੇ ਯਾਨਿ ਕਿ ਗੁਰਦਾਸ ਮਾਨ ਦੇ ਸਪੱਸ਼ਟੀਕਰਨ ਨਾਲ ਸਾਰੇ ਸਹਿਮਤ ਹੋ ਜਾਂਦੇ ਹਨ।

ਇਕਦਮ ਮੀਂਹ ਪੈਂਦਾ ਹੈ ਤੇ ਵਿਰੋਧ ਵਾਲੇ ਸਲੋਗਨ ਝੁਕ ਜਾਂਦੇ ਹਨ। ਉਸਤੋਂ ਬਾਅਦ ਗੁਰਦਾਸ ਮਾਨ ਨੇ ਆਪਣੇ ਉਹ ਗਾਣੇ ਲੋਕਾਂ ਨੂੰ ਚੇਤੇ ਕਰਵਾਏ ਹਨ, ਜਿਨਾਂ ਨੂੰ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਸੀ, ਰੋਟੀ ਹੱਕ ਦੀ ਖਾਈਏ ਜੀ, ਬੇਕਦਰੇ ਲੋਕਾਂ ‘ਚ ਕਦਰ ਗਵਾ ਲਏਂਗਾ, ਸਰਬੰਸ ਦਾਨੀਆ ਵੇ, ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਕੁੜੀਏ ਕਿਸਮਤ ਪੁੜੀਏ,,,, ਅਖੀਰ ਹੁੰਦਾ ਹੈ ਪ੍ਰਰਦਰਸ਼ਨਕਾਰੀਆਂ ਨੂੰ ਦਿੱਤੀ ਚਿੱਠੀ ਨਾਲ ਜਿਸਤੇ ਲਿਖਿਆ ਸੀ … ਮਾਂ ਮੇਰੀ ਨੇ ਮਿੱਟੀ ਜੰਮੀ ਨਾਂ ਰੱਖਿਆ ਮਰਜਾਣਾ …ਉਸਤੋਂ ਬਾਅਦ ਸਾਰੇ ਵਿਰੋਧੀ ਆਪਣੇ ਹੱਥਾਂ ‘ਚ ਫੜੀਆਂ ਵਿਰੋਧ ਵਾਲੀਆਂ ਤਖਤੀਆਂ ਸੱਟ ਦਿੰਦੇ ਨੇ ਤੇ ਗੁਰਦਾਸ ਮਾਨ ਅੱਗੇ ਨਿਕਲ ਜਾਂਦੇ ਹਨ … ਗਾਣਾ ਖਤਮ।

ਹੁਣ ਸੈਂਟਰਲ ਆਈਡੀਆ ਯਾਨਿ ਮੂਲ ਭਾਵ ਤੇ ਆ ਜਾਂਦੇ ਹਾਂ ….

ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਵੱਖ-ਵੱਖ ਵਿਚਾਰ ਆ ਰਹੇ ਹਨ। ਸਭ ਤੋਂ ਪਹਿਲੀ ਗੱਲ ਗਾਣੇ ਵਿੱਚ ਇਹ ਹੈ ਕਿ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਇਸ ਗਾਣੇ ਰਾਹੀਂ ਆਪਣੇ ਮਾਂ ਬੋਲੀ ਵਾਲੇ ਬਿਆਨ ਦਾ ਵਿਰੋਧ ਕਰਨ ਵਾਲੇ ਪੰਜਾਬੀਆਂ ਨੂੰ ਜਵਾਬ ਦਿੱਤਾ ਹੈ।

ਦੂਜਾ ਹੁਣ ਮਾਨ ਨੂੰ ਪੰਜਾਬੀ ਗਾਇਕ ਕਹਿਣ ਤੇ ਸਾਨੂੰ ਬੁਰਾ ਭਲਾ ਨਾ ਕਹਿਣ ਲੱਗ ਜਾਇਉ ਕਿਉਂਕਿ ਇਹੀ ਗੁਰਦਾਸ ਮਾਨ ਦੀ ਪਛਾਣ ਹੈ ਤੇ ਇਹ ਪੰਜਾਬੀਆਂ ਨੇ ਹੀ ਦਿੱਤੀ ਹੈ … ਆਲੋਚਨਾ ਵੱਲ ਆਈਏ ਤਾਂ ਗੁਰਦਾਸ ਮਾਨ ਨੇ ਇਸ ਗੀਤ ਵਿੱਚ ਸਿਰਫ ਤੇ ਸਿਰਫ ਆਪਣੀ ਗੱਲ ਕੀਤੀ ਹੈ, ਓਹਨਾ ਵਿਰੋਧੀ ਧਿਰ ਦੀ ਹਾਲਤ ਨੂੰ ਸਮਝ ਕੇ ਦਿਖਾਉਣ ਤੇ ਗਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਆਪਣੀ ਉਸ ਵਕਤ ਕਹੀ ਗੱਲ ਨੂੰ ਸਹੀ ਦਰਸਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਤੇ ਵਿਰੋਧ ਕਰਨ ਵਾਲਿਆਂ ਨੂੰ 100 ਫੀਸਦੀ ਗਲਤ ਦਰਸਾਇਆ ਹੈ।

ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਗਾਣੇ ਵਿੱਚ ਜੋ ਕਰੁਣਾ ਤੇ ਦਰਦ ਮਾਨ ਨੇ ਬਿਆਨ ਕੀਤਾ ਹੈ, ਉਹ ਹਰੇਕ ਉਸ ਇਨਸਾਨ ਨੂੰ ਪ੍ਰਭਾਵਿਤ ਕਰਦਾ ਹੈ, ਜਿਸਨੂੰ ਮਸਲੇ ਦਾ ਬਰੀਕੀ ਨਾਲ ਪਤਾ ਹੀ ਨਹੀਂ, ਤੇ ਮਾਨ ਇਸ ਗਾਣੇ ਰਾਹੀਂ ਵੱਡੀ ਗਿਣਤੀ ‘ਚ ਲੋਕਾਂ ਨੂੰ ਆਪਣੇ ਪੱਖ ਵਿੱਚ ਕਰਨ ‘ਚ ਸਫਲ ਹੋਏ ਵੀ ਲੱਗਦੇ ਨੇ ਜਾਂ ਕਹਿ ਸਕਦੇ ਹਾਂ ਕਿ ਜਿਹੜੇ ਉਦੋਂ ਵੀ ਮਾਨ ਨਾਲ ਡਟਕੇ ਖੜੇ ਸੀ ਇਹ ਉਹੀ ਲੋਕ ਹੋਣਗੇ .. ਖਬਰ ਲਿਖੇ ਜਾਣ ਤੱਕ ਮਾਨ ਦੇ ਗਾਣੇ ‘ਤੇ ਯੂਟਿਊਬ ਉੱਤੇ 8 ਹਜ਼ਾਰ ਤੋਂ ਵੱਧ ਕਮੈਂਟ ਸਨ, ਜਿਹੜੇ ਜ਼ਿਆਦਾਤਰ ਮਾਨ ਦੇ ਸਮਰਥਨ ਵਿੱਚ ਲਿਖੇ ਗਏ ਹਨ।

ਹਾਲਾਂਕਿ ਜਦੋਂ ਗਾਲ੍ਹ ਵਾਲੀ ਗੱਲ ਤੇ ਆਪਣੇ ਆਪ ਦਾ ਬਚਾਅ ਕਰਦੇ ਨੇ ਤਾਂ ਇਹ ਵੀ ਮਹਿਸੂਸ ਹੁੰਦਾ ਹੈ ਜਿਵੇਂ ਮਾਨ ਕਹਿ ਰਹੇ ਹੋਣ ਕਿ ਐਂ ਕਿਵੇਂ ਮੁਆਫੀ ਮੰਗ ਲੈਂਦਾ, ਗਾਲ੍ਹ ਕੱਢਣੀ ਤਾਂ ਬਣਦੀ ਸੀ ..ਹਾਲਾਂਕਿ ਇਹ ਸੱਚਾਈ ਹੈ ਕਿ ਗਾਲ੍ਹ ਕੱਢਦਾ ਕੌਣ ਨੀਂ। ਖਾਸ ਕਰਕੇ ਬੰਦੇ, ਘਰੇ ਤਾਂ ਸਾਰੇ ਕੱਢਦੇ ਤੇ ਜਿਹੜੇ ਬਾਹਰ ਕੱਢਦੇ ਉਨਾਂ ਦਾ ਜਲੂਸ ਪੂਰਾ ਈ ਨਿਕਲ ਜਾਂਦੈ। ਇਸ ਗੱਲ ਦਾ ਸਬੂਤ ਗਾਣੇ ਦੀ ਸ਼ੁਰੂਆਤ ਵਿੱਚ ਜਦੋਂ ਇੱਕ ਰੋਡਰੇਜ ਵਾਲਾ ਸੀਨ ਦਿਖਾਇਆ ਗਿਆ ਹੈ, ਉਥੇ ਮਿਲਦਾ ਹੈ ਜਿਹਦੇ ਵਿੱਚ ਦੋ ਜਣੇ ਇੱਕ ਦੂਜੇ ਨੂੰ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਦਿੰਦੇ ਨੇ ਤਾਂ ਸਮਾਜ ਦਾ ਦੋਹਰਾ ਮਾਪਦੰਡ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਉਸ ਮਾਪਦੰਡ ਵਿੱਚ ਆਪ ਵੀ ਫਿਟ ਬੈਠਦੇ ਹਨ, ਜਦੋਂ ਗੁਰਦਾਸ ਮਾਨ ਨੇ ਉਸ ਗਾਲ੍ਹ ਦੀ ਮੁਆਫੀ ਮੰਗਣ ਜਾਂ ਅਫਸੋਸ ਕਰਨ ਦੀ ਬਜਾਇ ਆਪਣੇ ਕਹੇ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ ਕੀਤੀ ਹੈ।

ਇੱਕ ਹੋਰ ਅਹਿਮ ਗੱਲ ਵਿਰੋਧ ਦੀ ਅਗਵਾਈ ਕਰਨ ਵਾਲੇ ਪ੍ਰਦਰਸ਼ਨਕਾਰੀ ਸਿੱਖ ਦਿਖਾਏ ਗਏ ਹਨ ਹਾਲਾਂਕਿ ਪਿੱਛੇ ਹੋਰ ਪੰਜਾਬੀ ਲੋਕ ਵੀ ਖੜੇ ਦਿਖਦੇ ਹਨ।

ਲੋਕਾਂ ਨੂੰ ਆਸ ਸੀ ਕਿ ਗੱਲ ਸੁਣੋ ਪੰਜਾਬੀ ਦੋਸਤੋ ਗਾਣੇ ਵਿੱਚ ਗੁਰਦਾਸ ਮਾਨ ਦੋਵਾਂ ਪੱਖਾਂ ਦੀ ਗੱਲ ਕਰਨਗੇ, ਆਪਣੇ ਦਰਦ ਨਾਲ ਉਨਾਂ ਪੰਜਾਬੀਆਂ ਦਾ ਦਰਦ ਵੀ ਬਿਆਨ ਕਰਨਗੇ ਜਿਹੜੇ ਉਸ ਵਕਤ ਆਪਣੀ ਮਾਂ ਬੋਲੀ ਖਾਤਰ ਤੜਫੇ ਸਨ ਤੇ ਮਾਨ ਦੀ ਗਾਲ੍ਹ ਨਾਲ ਬੇਇੱਜ਼ਤ ਹੋਏ ਸਨ, ਪਰ ਪ੍ਰਦਰਸ਼ਕਾਰੀਆਂ ਦੇ ਹਾਵ ਭਾਵ ਕਿਸੇ ਨੂੰ ਨੀਚਾ ਦਿਖਾਉਣ ਵਾਲਾ ਹਾਲਾ ਦੱਸਦੇ ਦਿਖਾਏ ਗਏ ਹਨ। ਫਿਲਮਾਂਕਣ ਵਿੱਚ ਪ੍ਰਦਰਸ਼ਨਕਾਰੀਆਂ ਦਾ ਰੋਸ ਨਹੀਂ ਦਿਖਾਇਆ। ਉਨ੍ਹਾਂ ਨੂੰ ਬੋਲੀ ਦੇ ਵਾਰਿਸ ਦੀ ਜਗ੍ਹਾ ਹੁਲੜ ਬਾਜ ਦਿਖਾਇਆ ਗਿਆ ਕਿ ਉਹ ਹੱਸ ਕੇ ਮਾਨ ਨੂੰ ਟਿੱਚਰ ਕਰ ਰਹੇ ਨੇ ਤੇ ਇਹ ਉਹੀ ਪੰਜਾਬੀ ਨੇ ਜਿਨਾਂ ਨੇ ਹੁਣ ਤੱਕ ਗੁਰਦਾਸ ਮਾਨ ਨੂੰ ਪਲਕਾਂ ਉੱਤੇ ਬਿਠਾ ਕੇ ਰੱਖਿਆ, ਹਰ ਗਾਣੇ ਨੂੰ ਬਹੁਮੁੱਲ਼ਾ ਪਿਆਰ ਦਿੱਤਾ।

2012 ‘ਚ ਕੀ ਹੋਇਆ ਸੀ

2019 ਵਿੱਚ ਗੁਰਦਾਸ ਮਾਨ ਵੱਲੋਂ ਕੇਂਦਰ ਸਰਕਾਰ ਦੀ ਇੱਕ ਦੇਸ਼ ਇੱਕ ਭਾਸ਼ਾ (One nation one language) ਵਾਲੀ ਮੁਹਿੰਮ ਦਾ ਸਾਥ ਦਿੰਦਿਆਂ ਮੁਲਕ ਦੀ ਇੱਕ ਬੋਲੀ ਹਿੰਦੀ ਹੋਣ ਦੀ ਵਕਾਲਤ ਕੀਤੀ ਸੀ, ਪੰਜਾਬੀਆਂ ਨੂੰ ਤਕਲੀਫ ਹੋਈ ਇਸ ਕਰਕੇ ਕਿ ਭਾਰਤ ਦੇ ਬੋਲੀ ਆਧਾਰਿਤ ਬਹੁਤਾਤ ਸੂਬਿਆਂ ਦੀਆਂ ਸਰਕਾਰਾਂ ਨੇ ਸੈਂਟਰ ਸਰਕਾਰ ਦੀ ਇਸ ਮੁਹਿੰਮ ਦੀ ਤਿੱਖੀ ਆਲੋਚਨਾ ਕੀਤੀ ਸੀ ਪਰ ਪੰਜਾਬੀ ਦੇ ਜਾਏ ਮਾਨ ਮਰਜਾਣੇ ਨੇ ਆਪਣੀ ਮਾਂ ਬੋਲੀ ਦੇ ਹੱਕ ‘ਚ ਡਟ ਕੇ ਫਤਵਾ ਕਿਉਂ ਨਹੀਂ ਦਿੱਤਾ? ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਗੁਰਦਾਸ ਮਾਨ ਦਾ ਵਿਰੋਧ ਕੀਤਾ ਗਿਆ।

ਬੁੱਧੀਜੀਵੀ ਤੇ ਪੰਜਾਬੀ ਪ੍ਰੇਮੀਆਂ ਨੇ ਮੀਡੀਆ ਨੂੰ ਇੰਟਰਵਿਊ ਦਿੱਤੇ ਪਰ ਗੁਰਦਾਸ ਮਾਨ ਨੇ ਆਪਣੇ ਕਹੇ ਤੇ ਕੋਈ ਅਫਸੋਸ ਨਹੀਂ ਜ਼ਾਹਰ ਕੀਤਾ। ਫੇਰ ਕੈਨੇਡਾ ਵਿੱਚ ਇੱਕ ਸ਼ੋਅ ਦੌਰਾਨ ਮਾਨ ਨੇ ਵਿਰੋਧ ਕਰਨ ਵਾਲਿਆਂ ਨੂੰ ਸ਼ਰੇਆਮ ਗਾਲ੍ਹ ਕੱਢ ਦਿੱਤੀ ਤੇ ਲੋਕ ਸੜਕਾਂ ਤੇ ਆ ਗਏ ਸੀ, ਵਿਰੋਧ ਦਿਲਾਂ ਚ ਇੰਨਾ ਭਰ ਗਿਆ ਕਿ ਦਿੱਲੀ ਕਿਸਾਨ ਮੋਰਚੇ ਵਿੱਚ ਪਹੁੰਚੇ ਮਾਨ ਨੂੰ ਸਟੇਜ ਤੇ ਬੋਲਣ ਵੀ ਨਹੀਂ ਦਿੱਤਾ ਗਿਆ। ਫਿਰ ਲੰਘੇ ਸਾਲ 2021 ਵਿੱਚ ਉਨ੍ਹਾਂ ਨੇ ਜਲੰਧਰ ਦੇ ਨਕੋਦਰ ਵਿਚਲੇ ਡੇਰਾ ਸ਼ਾਹ ਮਸਤਾਨ ਵਿੱਚ ਆਪਣੇ ਸਾਂਈ ਨੂੰ ਸਿੱਖ ਧਰਮ ਦੇ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੀ ਪੀੜ੍ਹੀ ਨਾਲ ਜੋੜ ਦਿੱਤਾ ਸੀ ਜਿਸ ਕਾਰਨ ਉਨ੍ਹਾਂ ਨੂੰ ਸਿੱਖ ਭਾਈਚਾਰੇ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਮਾਨ ਨੇ ਸਪੱਸ਼ਟੀਕਰਨ ਦਿੰਦਿਆਂ ਮੁਆਫ਼ੀ ਵੀ ਮੰਗੀ ਪਰ ਮਾਫ਼ੀ ਕੰਮ ਨਾ ਆਈ ਅਤੇ ਉਨ੍ਹਾਂ ਖਿਲਾਫ਼ ਧਾਰਿਮਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰ ਲਿਆ ਗਿਆ।

ਫੇਸਬੁਕ ‘ਤੇ ਹਰਪ੍ਰੀਤ ਸਿੰਘ ਕਾਹਲੋਂ ਮਾਨ ਦੇ ਨੌਜਵਾਨ ਲਿਖਦੇ..

ਗੁਰਦਾਸ ਮਾਨ ਹੁਣਾਂ ਦੇ ਗੀਤ ਸੁਣ ਸੁਣ ਵੱਡੇ ਹੋਏ ਹਾਂ। ਉਨ੍ਹਾਂ ਦੇ ਪੰਜਾਬੀ ਮਾਣ ਤੇ ਸ਼ੱਕ ਪਹਿਲਾਂ ਨਹੀਂ ਕਦੀ ਕੀਤਾ ? ਲੜਾਈ ਗੁਰਦਾਸ ਮਾਨ ਨਾਲ ਤਾਂ ਹੈ ਹੀ ਨਹੀਂ ਸੀ। ਲੜਾਈ ਸੀ ਇਹ ਸਮਝਣ ਦੀ ਕਿ ਜਦੋਂ ਮਾਂ ਬਿਮਾਰ ਹੋਵੇ ਤਾਂ ਮਾਸੀ ਦਾ ਹੇਜ ਨਹੀਂ ਰੱਖਣਾ ਚਾਹੀਦਾ। ਹਾਂ ਮਾਂ ਸਾਡੀ ਤਗੜੀ ਹੋਵੇ ਤਾਂ ਮਾਸੀ ਕੀ,ਚਾਚੀ,ਤਾਈਂ,ਭੂਆ,ਮਾਸੜਾਂ ਸਭ ਦਾ ਖਿਆਲ ਰੱਖ ਲਵਾਂਗੇ। ਨਫ਼ਰਤ ਕਿੱਥੇ ਹੈ ? ਹਿੰਦੀ ਪੜ੍ਹੀ ਦੀ ਹੈ। ਉਰਦੂ ਦੇ ਰੇਖਤਾ ਪ੍ਰੋਗਰਾਮ ਦਿੱਲੀ ਉੱਚੇਚੇ ਜਾ ਜਾ ਵੇਖੇ ਹਨ।

ਕਈ ਨਾਮੀ ਪੰਜਾਬੀ ਗਾਇਕਾਂ ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ, ਇੰਦਰਜੀਤ ਨਿੱਕੂ ਸਮੇਤ ਹੋਰ ਕਈ ਗਾਇਕਾਂ ਨੇ ਗੁਰਦਾਸ ਮਾਨ ਦਾ ਸਮਰਥਨ ਕੀਤਾ ਹੈ।

https://twitter.com/diljitdosanjh/status/1567542155534815232?s=20&t=u02U8Bglrz5qDU8WaVdPmA


ਪਿਛਲੇ ਦਿਨੀਂ ਮਾੜੇ ਆਰਥਿਕ ਹਾਲਾਤਾਂ ਕਾਰਨ ਚਰਚਾ ਵਿੱਚ ਆਏ ਇੰਦਰਜੀਤ ਨਿੱਕੂ ਨੇ ਗੁਰਦਾਸ ਨੂੰ ਮੁੜ ਆਪਣੇ ਕਲਾਵੇ ਚ ਲੈਣ ਦੀ ਪੰਜਾਬੀਆਂ ਨੂੰ ਅਪੀਲ ਕੀਤੀ ਹੈ। ਉਹ ਕਹਿੰਦੇ ਹਨ ਕਿ  ”ਉੱਥੇ ਮੁਰਦਾਬਾਦ ਨੀ ਬੋਲਦੀ, ਜਿੱਥੇ ਬੋਲੇ ਸੋ ਨਿਹਾਲ” ਤੋਂ ਬਾਅਦ ਗੁਰਦਾਸ ਮਾਨ ਦੀ ਵਿਰੋਧਤਾ ਕਰਨ ਲਈ ਕੁਝ ਬਾਕੀ ਨਹੀਂ ਰਹਿ ਜਾਂਦਾ, ਕਰ ਦਿਓ ਮਾਨ ਮਰਜਾਣੇ ਨੂੰ ਜਿਓਂਦਿਆਂ ਵਿੱਚ।

…ਪਰ ਕਹਿੰਦੇ ਨੇ ਜੇ ਕਿਸੇ ਦੇ ਕਲਾਵੇ ਚ ਜਾਣੈ ਤਾਂ ਪਹਿਲਾਂ ਆਪਣੇ ਅੰਦਰ ਵੀ ਪਿਆਰ ਭਰਨਾ ਪੈਂਦਾ। ਇਸ ਗਾਣੇ ‘ਚ ਗੁਰਦਾਸ ਮਾਨ ਦਾ ਦਰਦ ਅੰਤਾਂ ਦਾ ਹੈ ਪਰ ਉਸ ਦਰਦ ਚੋਂ ਉਨਾਂ ਨੇ ਵੀ ਵਿਰੋਧ ਕਰਨ ਵਾਲਿਆਂ ਨੂੰ ਕਲਾਵੇ ਚ ਭਰਨ ਦੀ ਕੋਸ਼ਿਸ਼ ਨਹੀਂ ਕੀਤੀ, ਉਨਾਂ ਦਾ ਮਾਂ ਬੋਲੀ ਨੂੰ ਲੈ ਕੇ ਜੋ ਪਿਆਰ ਸੀ ਉਹ ਬਿਆਨ ਨਹੀਂ ਕੀਤਾ।  ਕੁਲ ਮਿਲਾ ਕੇ ਗੁਰਦਾਸ ਮਾਨ ਨੇ ਆਪਣੇ ਇੱਕ ਦੇਸ਼ ਅਤੇ ਇੱਕ ਭਾਸ਼ਾ ਵਾਲੇ ਸਟੈਂਡ ‘ਤੇ ਉਸੇ ਤਰਾਂ ਖੜੇ ਦਿਖਾਈ ਦਿੱਤੇ ਹਨ ਤੇ ਗਾਣੇ ਨਾਲ 3 ਸਾਲ ਪਹਿਲਾਂ ਉੱਠਿਆ ਵਿਵਾਦ ਖਤਮ ਹੋਣ ਦੀ ਬਜਾਏ ਮੁੜ ਤੋਂ ਸ਼ੁਰੂ ਹੋ ਗਿਆ ਲੱਗਦਾ ਹੈ। ਮਾਨ ਲਈ ਕੱਲੇ ਕੱਲੇ ਪੰਜਾਬੀ ਦਾ ਉਹ ਪਿਆਰ ਮੁੜ ਤੋਂ ਉਭਰੇਗਾ ਜਾਂ ਨਹੀਂ ਇਹ ਤਾਂ ਪੰਜਾਬੀ ਹੀ ਦੱਸ ਸਕਦੇ ਹਨ।