ਗੁਰਦਾਸਪੁਰ : ਭਾਰਤੀ ਜਨਤਾ ਪਾਰਟੀ(BJP) ਵਿੱਚ ਵੱਖ ਵੱਖ ਅਹੁਦਿਆਂ ਤੇ ਰਹੇ ਸੀਨੀਅਰ ਭਾਜਪਾ ਆਗੂ ਜਤਿੰਦਰ ਕਲਿਆਣ ਦੇ ਬੇਟੇ ਅਤੇ ਉਸਦੇ ਇਕ ਸਾਥੀ ਨੂੰ ਥਾਣਾ ਸਦਰ ਗੁਰਦਾਸਪੁਰ(Gurdaspur) ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਉਸ ਦੀ ਗੱਡੀ ਵਿੱਚੋਂ ਚਾਰ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੱਬਰੀ ਬਾਈਪਾਸ ਤੇ ਥਾਣਾ ਸਦਰ ਦੇ ਐਸਆਈ ਰਸ਼ਪਾਲ ਸਿੰਘ ਨਾਕਾ ਲਗਾ ਕੇ ਲੰਘ ਰਹੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਭਾਜਪਾ ਨੇਤਾ ਜਤਿੰਦਰ ਕਲਿਆਨ ਦੇ ਪੁੱਤਰ ਭਰਤ ਕਲਿਆਨ ਆਪਣੇ ਇੱਕ ਦੋਸਤ ਪਾਵਸਦੀਪ ਸਿੰਘ ਨਾਲ ਆਪਣੀ ਆਈ ਟਵੰਟੀ ਗੱਡੀ ਤੇ ਡੇਰਾ ਬਾਬਾ ਨਾਨਕ ਰੋਡ ਮੱਲੀ ਮਾਰਕੀਟ ਬਟਾਲਾ ਨੂੰ ਆ ਰਿਹਾ ਸੀ।

ਇਸ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਗਿਆ। ਤਲਾਸ਼ੀ ਦੌਰਾਨ ਕਾਰ ਦੇ ਡੈਸ਼ ਬੋਰਡ ਵਿੱਚੋਂ ਇੱਕ ਸਿਗਰਟ ਵਾਲੀ ਡੱਬੀ ਬਰਾਮਦ ਹੋਈ। ਜਿਸ ਵਿੱਚ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ‘ਤੇ ਥਾਣਾ ਸਦਰ ਗੁਰਦਾਸਪੁਰ ਵਿਖੇ ਇਤਲਾਹ ਦਿੱਤੀ ਗਈ। ਜਿਸ ‘ਤੇ ਸੀਨੀਅਰ ਪੁਲਿਸ ਅਧਿਕਾਰੀ ਸਤਪਾਲ ਸਿੰਘ ਨੇ ਮੌਕੇ ਤੇ ਪਹੁੰਚ ਕੇ ਗੱਡੀ ਦੇ ਡੈਸ ਬੋਰਡ ਵਿਚੋਂ ਮਿਲੀ ਸਿਗਰਟ ਵਾਲੀ ਡੱਬੀ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਮੋਮੀ ਲਿਫਾਫੇ ਵਿੱਚ ਲਪੇਟੀ ਹੋਈ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਨੂੰ ਜ਼ਬਤ ਕਰਕੇ ਦੋਸ਼ੀਆਂ ਦੇ ਖਿਲਾਫ ਥਾਣਾ ਸਦਰ ਗੁਰਦਾਸਪੁਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।