India International Punjab

ਤਾਲੀਬਾਨ ਦਾ ਦਿਲ ਪਿਗਲਿਆ, ਸਿੱਖਾਂ ਤੇ ਹਿੰਦੂਆਂ ‘ਤੇ ਹੋਇਆ ਮਿਹਰਬਾਨ! ਘੱਟ ਗਿਣਤੀਆਂ ਲਈ ਚੁੱਕਿਆ ਵੱਡਾ ਕਦਮ

ਅਫ਼ਗ਼ਾਨਿਸਤਾਨ ਦੇ ਸਿੱਖਾਂ ਤੇ ਹਿੰਦੂਆਂ ਲਈ ਸ਼ਾਇਦ ਪਹਿਲੀ ਵਾਰ ਚੰਗੀ ਖ਼ਬਰ ਆਈ ਹੈ। ਤਾਲਿਬਾਨ (Taliban) ਨੇ ਅਫ਼ਗ਼ਾਨਿਸਤਾਨ (Afghanistan) ਦੀਆਂ ਘੱਟ ਗਿਣਤੀਆਂ (Minorities) ਦੇ ਹਿੱਤ ਵਿੱਚ ਇੱਕ ਵੱਡਾ ਫੈਸਲਾ ਲੈਂਦਿਆਂ ਉੱਥੇ ਰਹਿੰਦੇ ਹਿੰਦੂਆਂ ਅਤੇ ਸਿੱਖਾਂ ਦੀਆਂ ਨਿੱਜੀ ਜ਼ਮੀਨਾਂ ਅਤੇ ਜਾਇਦਾਦਾਂ ਹੁਣ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇੰਨਾ ਹੀ ਨਹੀਂ ਤਾਲਿਬਾਨ ਕੁਝ ਹਿੰਦੂ-ਸਿੱਖ ਪਰਿਵਾਰਾਂ ਦੀ ਦੇਸ਼ ਵਾਪਸੀ ਦੀਆਂ ਤਿਆਰੀਆਂ ਵੀ ਕਰ ਰਿਹਾ ਹੈ। ਇਨ੍ਹਾਂ ਕੰਮਾਂ ਦੀ ਨਿਗਰਾਨੀ ਲਈ ਕਮਿਸ਼ਨ ਵੀ ਬਣਾ ਲਏ ਗਏ ਹਨ।

ਤਾਲਿਬਾਨ ਦੀ ਸਰਕਾਰ ਬਣਨ ਮਗਰੋਂ ਜਿਹੜੇ ਹਿੰਦੂ ਤੇ ਸਿੱਖ ਅਫ਼ਗ਼ਾਨਿਸਤਾਨ ਛੱਡ ਗਏ ਸੀ, ਉਨ੍ਹਾਂ ਨੂੰ ਵੀ ਸੁਖ ਦਾ ਸਾਹ ਆਇਆ ਹੈ। ਉਸ ਸਮੇਂ ਇਹ ਜ਼ਮੀਨਾਂ ਉਨ੍ਹਾਂ ਕੋਲੋਂ ਪਹਿਲਾਂ ਗ਼ਲਤ ਢੰਗ ਨਾਲ ਖੋਹੀਆਂ ਗਈਆਂ ਸਨ, ਜੋ ਹੁਣ ਵਾਪਸ ਕੀਤੀਆਂ ਜਾ ਰਹੀਆਂ ਹਨ।

ਤਾਲਿਬਾਨ ਦੇ ਸਿਆਸੀ ਦਫ਼ਤਰ ਦੇ ਮੁਖੀ ਸੁਹੇਲ ਸ਼ਾਹੀਨ ਨੇ ਇਸ ਮਾਮਲੇ ‘ਤੇ ‘ਦਿ ਹਿੰਦੂ’ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਸੁਹੇਲ ਸ਼ਾਹੀਨ ਨੇ ਦੱਸਿਆ ਹੈ ਕਿ ਕਾਬੁਲ ਵਿੱਚ ਤਾਲਿਬਾਨ ਦੇ ‘ਨਿਆਂ ਮੰਤਰਾਲੇ’ ਨੇ ਹਿੰਦੂ ਅਤੇ ਸਿੱਖ ਭਾਈਚਾਰਿਆਂ ਦੇ ਵਿਸਥਾਪਿਤ ਮੈਂਬਰਾਂ ਨੂੰ ਜਾਇਦਾਦ ਵਾਪਸ ਕਰਨੀ ਸ਼ੁਰੂ ਕਰ ਦਿੱਤੀ ਹੈ। ਸੁਹੇਲ ਮੁਤਾਬਕ ਪਿਛਲੀ ਸਰਕਾਰ ਦੌਰਾਨ ਹੜੱਪੀਆਂ ਗਈਆਂ ਸਾਰੀਆਂ ਜਾਇਦਾਦਾਂ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕਰਨ ਲਈ ਨਿਆਂ ਮੰਤਰੀ ਦੀ ਪ੍ਰਧਾਨਗੀ ਹੇਠ ਇੱਕ ਕਮਿਸ਼ਨ ਬਣਾਇਆ ਗਿਆ ਹੈ।

ਸੁਹੇਲ ਸ਼ਾਹੀਨ ਨੇ ਦੱਸਿਆ ਹੈ ਕਿ ਅਫ਼ਗ਼ਾਨਿਸਤਾਨ ਦੀ ਆਰਥਿਕਤਾ ਵਿੱਚ ਇਤਿਹਾਸਿਕ ਭੂਮਿਕਾ ਨਿਭਾਉਣ ਵਾਲੇ ਹਿੰਦੂ ਅਤੇ ਸਿੱਖ ਪਰਿਵਾਰਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਇੱਕ ਕਮਿਸ਼ਨ ਵੀ ਬਣਾਇਆ ਗਿਆ ਹੈ। ਉਨ੍ਹਾਂ ਯਾਦ ਦਿਵਾਇਆ ਕਿ ਹਾਲ ਹੀ ਵਿੱਚ ਅਫ਼ਗ਼ਾਨਿਸਤਾਨ ਦੇ ਸਾਬਕਾ ਮੈਂਬਰ ਪਾਰਲੀਮੈਂਟ ਨਰਿੰਦਰ ਸਿੰਘ ਖ਼ਾਲਸਾ ਕੈਨੇਡਾ ਤੋਂ ਅਫ਼ਗ਼ਾਨਿਸਤਾਨ ਪਰਤ ਆਏ ਹਨ।

ਦਰਅਸਲ, ਅਗਸਤ 2021 ਵਿੱਚ ਤਾਲਿਬਾਨ ਦੇ ਕਬਜ਼ੇ ਨਾਲ ਦੇਸ਼ ਦੀ ਸੰਸਦ ਨੂੰ ਭੰਗ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕਈ ਘੱਟ ਗਿਣਤੀਆਂ ਨੇ ਦੂਜੇ ਦੇਸ਼ਾਂ ਵਿੱਚ ਸ਼ਰਨ ਲੈ ਲਈ ਸੀ। ਨੀਦਰਲੈਂਡ ਅਧਾਰਤ ਅਫ਼ਗ਼ਾਨ ਟਿੱਪਣੀਕਾਰ ਸੰਗਰ ਪਿਖਰ ਨੇ ਕਿਹਾ ਕਿ ਨਰਿੰਦਰ ਸਿੰਘ ਖ਼ਾਲਸਾ ਤੇ ਉਨ੍ਹਾਂ ਦੇ ਪਰਿਵਾਰ ਦੀ ਵਾਪਸੀ ਦਰਸਾਉਂਦੀ ਹੈ ਕਿ ਅਫ਼ਗ਼ਾਨਿਸਤਾਨ ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਿਤ ਨੇਤਾਵਾਂ ਦਾ ਸਵਾਗਤ ਕਰਦਾ ਹੈ ਜੋ ਵਾਪਸ ਆਉਣਾ ਚਾਹੁੰਦੇ ਹਨ।

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਤਾਲਿਬਾਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਪਹਿਲ ਦੇਸ਼ ਵਿੱਚ ਧਾਰਮਿਕ ਘੱਟ ਗਿਣਤੀਆਂ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਉਧਰ ਭਾਰਤੀ ਅਧਿਕਾਰੀ ਤਾਲਿਬਾਨ ਦੇ ਇਸ ਫੈਸਲੇ ਨੂੰ ਭਾਰਤ ਪ੍ਰਤੀ ਸਕਾਰਾਤਮਕ ਸੰਕੇਤ ਵਜੋਂ ਦੇਖ ਰਹੇ ਹਨ।

ਵੱਡੀ ਖ਼ਬਰ, ਇਹ ਵੀ ਪੜ੍ਹੋ – ਅਕਾਲੀ ਦਲ ਨੂੰ ਵੱਡਾ ਝਟਕਾ, ਸਿਕੰਦਰ ਸਿੰਘ ਮਲੂਕਾ ਦੇ ਨੂੰਹ-ਪੁੱਤ ਬੀਜੇਪੀ ‘ਚ ਹੋਏ ਸ਼ਾਮਲ