India International Khaas Lekh Khalas Tv Special Punjab Religion

ਅਫ਼ਗਾਨਿਸਤਾਨ ‘ਚੋਂ ਕਿਵੇਂ ਹੋਇਆ ਸਿੱਖਾਂ ਦਾ ਉਜਾੜਾ

ਤੂੰ ਬਹੁੜੀਂ ਕਲਗੀ ਵਾਲਿਆ ਕੋਈ ਦੇਸ ਨਾ ਸਾਡਾ
ਸੁਪਨਾ ਪੁਰੀ ਅਨੰਦ ਦਾ, ਬੇ-ਨੂਰ ਦੁਰਾਡਾ।

ਹਰਿੰਦਰ ਸਿੰਘ ਮਹਿਬੂਬ ਦੀ ਇਹ ਲਿਖਤ ਅੱਜ ਅਫਗਾਨਿਸਤਾਨ ਦੇ ਸਿੱਖਾਂ ਦਾ ਦਰਦ ਹੈ, ਜਿੱਥੇ ਕਦੇ ਸਿੱਖਾਂ ਨੇ ਰਾਜ ਕੀਤਾ ਸੀ, ਅੱਜ ਉਸੇ ਧਰਤੀ ਤੋਂ ਉੱਜੜ ਕੇ ਭਾਰਤ ਨੂੰ ਆਉਣਾ ਪੈ ਰਿਹਾ ਹੈ। ਐਤਵਾਰ ਨੂੰ ਇੱਕ ਖ਼ਾਸ ਫਲਾਈਟ ਰਾਹੀਂ 55 ਅਫ਼ਗਾਨ ਹਿੰਦੂ ਅਤੇ ਸਿੱਖ ਪਰਿਵਾਰ ਭਾਰਤ ਪਹੁੰਚੇ ਸਨ। ਇਹਨਾਂ ਨੂੰ ਐੱਸਜੀਪੀਸੀ ਦੀ ਮਦਦ ਨਾਲ ਭਾਰਤ ਲਿਆਂਦਾ ਗਿਆ ਹੈ। ਅਫ਼ਗਾਨਿਸਤਾਨ ਤੋਂ ਭਾਰਤ ਪਹੁੰਚੇ ਅਫ਼ਗਾਨ ਸਿੱਖ ਬਲਜੀਤ ਸਿੰਘ ਨੇ ਦਿੱਲੀ ਏਅਰਪੋਰਟ ਪਹੁੰਚ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਅਫ਼ਗਾਨਿਸਤਾਨ ਵਿੱਚ ਹਾਲਾਤ ਬਹੁਤ ਚੰਗੇ ਨਹੀਂ ਹਨ। ਮੈਨੂੰ ਚਾਰ ਮਹੀਨੇ ਲਈ ਕੈਦ ਵਿੱਚ ਰੱਖਿਆ ਗਿਆ। ਤਾਲਿਬਾਨ ਨੇ ਸਾਡੇ ਨਾਲ ਧੋਖਾ ਕੀਤਾ, ਉਨ੍ਹਾਂ ਨੇ ਜੇਲ੍ਹ ਵਿੱਚ ਸਾਡੇ ਵਾਲ ਕੱਟ ਦਿੱਤੇ। ਮੈਂ ਭਾਰਤ ਅਤੇ ਆਪਣੇ ਧਰਮ ਵਿੱਚ ਆ ਕੇ ਧੰਨਵਾਦੀ ਹਾਂ, ਖੁਸ਼ ਹਾਂ।”

ਇੱਕ ਅਫ਼ਗਾਨ ਸਿੱਖ ਸੁਖਬੀਰ ਸਿੰਘ ਖ਼ਾਲਸਾ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਕਿਹਾ, “ਅਸੀਂ ਭਾਰਤ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਤੁਰੰਤ ਵੀਜ਼ੇ ਦਿੱਤੇ ਗਏ ਅਤੇ ਭਾਰਤ ਪਹੁੰਚਣ ਵਿੱਚ ਸਾਡੀ ਮਦਦ ਕੀਤੀ। ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਪਰਿਵਾਰ ਹਾਲੇ ਵੀ ਪਿੱਛੇ ਰਹਿ ਗਏ ਹਨ ਕਿਉਂਕਿ ਲਗਭਗ 30-35 ਲੋਕ ਅਫ਼ਗਾਨਿਸਤਾਨ ਵਿੱਚ ਫਸੇ ਹੋਏ ਹਨ।”ਸੁਖਬੀਰ ਸਿੰਘ ਖ਼ਾਲਸਾ ਨੇ ਕਿਹਾ, “ਭਾਰਤ ਸਰਕਾਰ ਉਹਨਾਂ ਲੋਕਾਂ ਨੂੰ ਵੀ ਵੀਜ਼ੇ ਦੇ ਚੁੱਕੀ ਹੈ ਅਤੇ ਏਥੇ ਆਉਣਾ ਜਾਂ ਨਾ ਆਉਣਾ ਉਹਨਾਂ ਦੀ ਆਪਣੀ ਮਰਜ਼ੀ ਹੈ। ਸਾਡੇ ਨਾਲ ਕੋਈ ਜ਼ਬਰਦਸਤੀ ਨਹੀਂ ਹੋਈ ਕਿ ਨਿਕਲੋ ਜਾਂ ਜਾਓ, ਅਸੀਂ ਤਾਂ ਆਪਣੀ ਮਰਜ਼ੀ ਨਾਲ ਆਏ ਹਾਂ।” ਇੱਕ ਹੋਰ ਸਿੱਖ ਸੁਰਪਾਲ ਸਿੰਘ ਨੇ ਕਿਹਾ, “ਮੈਂ ਉਥੇ ਕਾਬੁਲ ਵਿੱਚ ਰਹਿੰਦਾ ਸੀ, ਪਹਿਲਾਂ ਕਾਫ਼ੀ ਦਿੱਕਤਾਂ ਸਨ ਪਰ ਹੁਣ ਮਾਹੌਲ ਠੀਕ ਚੱਲ ਰਿਹਾ ਹੈ। ਗੁਰਦੁਆਰੇ ਵੀ ਹੁਣ ਸੁਰੱਖਿਆਤ ਹਨ ਅਤੇ ਉਹਨਾਂ ਨੇ ਸਾਨੂੰ ਸੁਰੱਖਿਆ ਵੀ ਦਿੱਤੀ ਹੈ।”

ਹਵਾਈ ਅੱਡੇ ਤੇ ਸਿੱਕਾਂ ਦੇ ਜਥੇ ਦਾ ਸੁਆਗਤ ਕਰਨ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੀ ਪਹੁੰਚੇ ਹੋਏ ਸਨ, ਸਾਹਨੀ ਨੇ ਕਿਹਾ, “ਕਾਬੁਲ ਅਤੇ ਜਲਾਲਾਬਾਦ ਤੋਂ ਸਾਡੇ ਭੈਣਾਂ- ਭਰਾਵਾਂ ਨੂੰ ਸੁਰੱਖਿਆਤ ਲਿਆਂਦਾ ਗਿਆ ਹੈ। ਇਹ ਸਭ ‘ਮੇਰਾ ਪਰਿਵਾਰ, ਮੇਰੀ ਜ਼ਿੰਮੇਵਾਰੀ’ ਮੁਹਿੰਮ ਤਹਿਤ ਲਿਆਂਦੇ ਗਏ ਹਨ। ਤਾਲਿਬਾਨ ਵੀ ਕਹਿ ਰਹੇ ਸੀ ਕਿ ਕਿਉਂ ਜਾ ਰਹੇ ਹੋ ਪਰ ਉੱਥੇ ਹਾਲਾਤ ਹੀ ਇਸ ਤਰ੍ਹਾਂ ਦੇ ਸੀ ਕਿ ਇਹਨਾਂ ਦਾ ਏਥੇ ਆਉਣਾ ਹੀ ਠੀਕ ਸੀ।” “ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸ਼ੁਸ਼ੋਭਿਤ ਹਨ, ਇਸ ਲਈ ਕਰੀਬ 20 ਸੇਵਾਦਾਰ ਉੱਥੇ ਰੁਕੇ ਹੋਏ ਹਨ।”

ਮੌਜੂਦਾ ਵੇਲੇ ਕਰਤਾ-ਏ-ਪਰਵਾਨ ਤੋਂ ਇਲਾਵਾ ਸਾਰੇ ਗੁਰਦੁਆਰਾ ਸਾਹਿਬ ਬੰਦ ਹਨ। ਇਸਤੋਂ ਪਹਿਲਾਂ 11 ਸਤੰਬਰ, 2022 ਨੂੰ 60 ਅਫ਼ਗਾਨ ਸਿੱਖਾਂ ਦੇ ਜੱਥੇ ਨੇ ਭਾਰਤ ਆਉਣਾ ਸੀ, ਪਰ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਲਿਆਉਣ ਤੋਂ ਰੋਕਣ ਕਾਰਨ ਉਹ ਸਿੱਖ ਭਾਰਤ ਨਹੀਂ ਆ ਸਕੇ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਭਾਰਤ ਲਿਆਉਣ ਤੋਂ ਵੀ ਰੋਕਿਆ ਸੀ। ਇੰਡੀਅਨ ਵਰਲਡ ਫੋਰਮ ਦੇ ਸੰਚਾਲਕ ਪੁਨੀਤ ਸਿੰਘ ਚੰਡੋਕ ਨੇ ਦਾਅਵਾ ਕੀਤਾ ਸੀ ਕਿ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਸਰੂਪਾਂ ਨੂੰ ਮੁਲਕ ਤੋਂ ਬਾਹਰ ਲਿਜਾਣ ਤੋਂ ਰੋਕਿਆ ਹੈ।

ਵਿਦੇਸ਼ ਮੰਤਰਾਲੇ ਨੇ ਇਸ ਲਈ ਮੁਲਕ ਦੇ ਸੱਭਿਆਚਾਰਕ ਮੰਤਰਾਲੇ ਤੋਂ ਲਿਖਤੀ ਪ੍ਰਵਾਨਗੀ ਲੈਣ ਲਈ ਕਿਹਾ ਸੀ ਪਰ ਇਹ ਨਹੀਂ ਪਤਾ ਲੱਗ ਸਕਿਆ ਕਿ ਸਿੱਖ ਭਾਈਚਾਰੇ ਨੇ ਪ੍ਰਵਾਨਗੀ ਲਈ ਨਹੀਂ ਜਾ ਉਨਾਂ ਨੂੰ ਮਿਲੀ ਨਹੀਂ। ਇਸ ਜਥੇ ਦੇ ਆਉਮ ਤੋਂ ਬਾਅਦ ਜਾਣਕਾਰੀ ਮਿਲੀ ਹੈ ਕਿ ਹੁਣ ਉਥੇ ਬਹੁਤ ਹੀ ਘੱਟ ਹਿੰਦੂ ਤੇ ਸਿੱਖ ਰਹਿ ਗਏ ਹਨ, ਮਸਾਂ ਈ 50 ਕੁ ਸਿੱਖ, ਜਿਹੜੇ ਮਹਿਜ਼ 1 ਜਥੇ ਰਾਹੀਂ ਭਾਰਤ ਆ ਸਕਦੇ ਹਨ। ਕਹਿ ਸਕਦੇ ਹਾਂ ਕਿ ਸਿੱਖਾਂ ਹਿੰਦੂਆਂ ਦਾ ਆਖਰੀ ਜਥਾ ਉੱਥੇ ਰਹਿ ਗਿਆ ਹੈ। ਤਾਂ ਫਿਰ ਨਾਲ ਹੀ ਇਹ ਸਵਾਲ ਉੱਠਦਾ ਹੈ ਕਿ ਕੀ ਹੁਣ ਅਫਗਾਨਿਸਤਾਨ ਵਿੱਚ ਹੁਣ ਕੋਈ ਸਿੱਖ ਨਹੀਂ ਬਚਿਆ ਜਾਂ ਨਹੀਂ ਬਚੇਗਾ।

ਇਤਿਹਾਸਕਾਰ ਇੰਦਰਜੀਤ ਸਿੰਘ

ਇੰਦਰਜੀਤ ਸਿੰਘ ਨੇ ‘ਅਫ਼ਗਾਨ ਸਿੱਖ ਐਂਡ ਹਿੰਦੂਜ਼ ਹਿਸਟਰੀ ਆਫ ਥਾਊਜ਼ੈਂਡ ਈਅਰਜ਼’ ਨਾਂ ਦੀ ਕਿਤਾਬ ਲਿਖੀ ਹੈ। ਕਿਤਾਬ ਮੁਤਾਬਕ ਅਫ਼ਗਾਨਿਸਤਾਨ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਮੌਜੂਦਗੀ ਸਦੀਆਂ ਪੁਰਾਣੀ ਹੈ। ਅਫਗਾਨਿਸਤਾਨ ਦਾ ਦੱਰਾ ਖੈਬਰ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਅੱਜ ਵਲੀ ਨਹੀਂ ਭੁੱਲਿਆ ਹੋਣਾ ਕਹਿ ਸਕਦੇ ਹਾਂ ਕਿ ਕਦੇ ਇਥੇ ਤੱਕ ਸਿੱਖਾਂ ਦਾ ਰਾਜ ਹੁੰਦਾ ਸੀ ਪਰ ਅੱਜ ਚੰਦ ਕੁ ਸਿੱਖ ਉਥੇ ਬਚੇ ਨੇ। ਉਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਛੋਹ ਵੀ ਇਸ ਧਰਤੀ ਨੂੰ ਯਾਦ ਹੋਵੇਗੀ।

ਇੰਦਰਜੀਤ ਸਿੰਘ ਕਹਿੰਦੇ ਹਨ, “ਬਾਬਰ ਤੋਂ ਨਾਦਰ ਸ਼ਾਹ ਦੇ ਭਾਰਤ ਆਉਣ ਤੱਕ ਕਾਬੁਲ, ਜਲਾਲਾਬਾਦ ਤੇ ਗਜ਼ਨੀ ਮੁਗਲ ਰਾਜ ਦਾ ਹੀ ਹਿੱਸਾ ਰਿਹਾ ਸੀ। ਇਹ ਸਮਾਂ ਕਰੀਬ 235 ਸਾਲ ਦਾ ਬਣਦਾ ਹੈ, ਇਸ ਸਮੇਂ ਵਿੱਚ ਸਿੱਖਾਂ ਤੇ ਹਿੰਦੂਆਂ ਦਾ ਅਫ਼ਗਾਨਿਸਤਾਨ ਵਿੱਚ ਰਹਿਣਾ ਜਾਂ ਵਿਚਰਨਾ ਕੋਈ ਮੁਸ਼ਕਿਲ ਨਹੀਂ ਸੀ।” “ਅਫ਼ਗਾਨਿਸਤਾਨ ਵਿੱਚ ਸਿੱਖਾਂ ਦੀ ਹੋਂਦ 1519-21 ਵੇਲੇ ਦੀ ਹੈ, ਜਦੋਂ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਅਫ਼ਗਾਨਿਸਤਾਨ ਦੀ ਯਾਤਰਾ ਉੱਤੇ ਗਏ ਸਨ। ਉਸ ਵੇਲੇ ਉੱਥੇ ਰਹਿੰਦੇ ਕੁਝ ਹਿੰਦੂ ਉਨ੍ਹਾਂ ਦੇ ਪੈਰੋਕਾਰ ਬਣ ਗਏ ਸਨ ਜਿਨਾਂ ਨੂੰ ਇਤਿਹਾਸ ਨੇ ਕਾਬੁਲ ਦੀ ਸੰਗਤ ਦਾ ਨਾਂ ਦਿੱਤਾ ਹੈ”

ਇਤਿਹਾਸਕਾਰ ਡਾ. ਗੰਡਾ ਸਿੰਘ

ਇਤਿਹਾਸਕਾਰ ਤੇ ਪੰਜਾਬ ਦੇ ਡਾਇਰੈਕਟਰ ਆਫ਼ ਆਰਕਾਈਵਜ਼ ਰਹਿ ਚੁੱਕੇ ਡਾ. ਗੰਡਾ ਸਿੰਘ ਨੇ ਆਪਣੀ ਕਿਤਾਬ ‘ਅਫਗਾਨਿਸਤਾਨ ਦਾ ਸਫ਼ਰ’ ਵਿੱਚ 1952 ਦੀ ਆਪਣੀ ਯਾਤਰਾ ਦਾ ਵੇਰਵਾ ਦਿੱਤਾ ਹੈ। ਡਾ. ਗੰਡਾ ਸਿੰਘ ਲਿਖਦੇ ਹਨ ਜੋ ਬਹੁਤ ਹੈਰਾਨੀਜਨਕ ਹੈ ਕਿ, “ਇਥੇ ਹਿੰਦੂ ਉਦੋਂ ਤੋਂ ਰਹਿੰਦੇ ਆ ਰਹੇ ਸਨ ਜਦੋਂ ਇਸਲਾਮ ਦੀ ਇਥੇ ਐਂਟਰੀ ਵੀ ਨਹੀਂ ਸੀ ਹੋਈ, ਗੁਰੂ ਨਾਨਕ ਸਾਹਿਬ ਦੀ ਦੌਰੇ ਵੇਲੇ ਸਾਰੇ ਹਿੰਦੂ ਗੁਰੂ ਸਾਹਿਬ ਦੇ ਸੇਵਕ ਬਣ ਗਏ।”

ਡਾ. ਗੰਡਾ ਸਿੰਘ ਲਿਖਦੇ ਹਨ ਕਿ ਸਿੱਖ ਇਤਿਹਾਸ ਵਿੱਚ ਹਵਾਲੇ ਮਿਲਦੇ ਹਨ ਜਦੋਂ ਕਈ ਵਾਰੀ ਸਿੱਖ ਸੰਗਤਾਂ ਕਾਬੁਲ, ਗਜ਼ਨੀ ਤੇ ਕੰਧਾਰ ਤੋਂ ਪੰਜਾਬ ਗੁਰੂ ਦੇ ਦਰਸ਼ਨਾਂ ਲਈ ਆਇਆ ਕਰਦੀਆਂ ਸਨ। ਦਸਵੇਂ ਪਾਤਸ਼ਾਹ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੋਰ ਸਿੱਖਾਂ ਦੀ ਤਰ੍ਹਾਂ ਇਨ੍ਹਾਂ ਨੇ ਵੀ ਅੰਮ੍ਰਿਤ ਛਕਿਆ ਸੀ। ਫਾਸਲਾ ਦੂਰ ਹੋਣ ਕਾਰਨ ਜੋ ਪੰਜਾਬ ਆ ਕੇ ਸਿੰਘ ਨਹੀਂ ਸਜ ਸਕੇ ਸੀ, ਉਨ੍ਹਾਂ ਉੱਥੇ ਹੀ ਅੰਮ੍ਰਿਤ ਛਕ ਲਿਆ ਸੀ। ਹਾਲਾਂਕਿ, ਕੁਝ ਟੱਬਰ ਅਜਿਹੇ ਵੀ ਸਨ ਜਿਨਾਂ ਵਿੱਚੋਂ ਕੋਈ ਵੀ ਅੰਮ੍ਰਿਤਧਾਰੀ ਨਹੀਂ ਹੋ ਸਕਿਆ ਪਰ ਉਨ੍ਹਾਂ ਦੇ ਸਿੱਖੀ ਸਿਦਕ ਵਿੱਚ ਕੋਈ ਫਰਕ ਨਹੀਂ ਆਇਆ ਸੀ।”

ਇਤਿਹਾਸਕਾਰ ਹਰੀ ਰਾਮ ਗੁਪਤਾ

ਇਤਿਹਾਸਕਾਰ ਹਰੀ ਰਾਮ ਗੁਪਤਾ ਨੇ ਆਪਣੀ ਕਿਤਾਬ ਹਿਸਟਰੀ ਆਫ਼ ਸਿੱਖਸ ਵਿੱਚ ਕਾਬੁਲ ਤੋਂ ਆਏ ਸਿੱਖਾਂ ਬਾਰੇ ਲਿਖਿਆ ਹੈ ਕਿ ਕਾਬੁਲ ਤੋਂ ਆਏ ਇੱਕ ਸਿੱਖ ਦੁਨੀ ਚੰਦ ਨੇ ਗੁਰੂ ਗੋਬਿੰਦ ਸਿੰਘ (ਉਸ ਵੇਲੇ ਗੋਬਿੰਦ ਰਾਇ) ਨੂੰ ਇੱਕ ਬੇਸ਼ਕੀਮਤੀ ਤੰਬੂ ਦਿੱਤਾ ਸੀ ਜੋ ਰੇਸ਼ਮ ਨਾਲ ਬਣਿਆ ਸੀ ਤੇ ਉਸ ਉੱਤੇ ਸੋਨੇ ਤੇ ਮੋਤੀਆਂ ਦਾ ਕੰਮ ਹੋਇਆ ਸੀ, ਉਸ ਦੇ ਸ਼ਾਨਦਾਰ ਕਾਲੀਨ ਵੀ ਸਨ।

ਅਫ਼ਗਾਨਿਸਤਾਨ ਦੇ ਇਤਿਹਾਸਕ ਗੁਰਦੁਆਰੇ

ਇਤਿਹਾਸਕਾਰ ਇੰਦਰਜੀਤ ਸਿੰਘ ਮੁਤਾਬਕ

  • ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿੱਚ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਹੈ। ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਉੱਥੇ ਆਏ ਸਨ।”
  • ਉਸ ਤੋਂ ਉੱਤੇ ਸੁਲਤਾਨਪੁਰ ਵਿੱਚ ਇੱਕ ਚਸ਼ਮਾ ਹੈ, ਜਿੱਥੇ ਇੱਕ ਚਾਰ ਦੀਵਾਰੀ ਕੀਤੀ ਹੋਈ ਸੀ। ਇੱਥੇ ਤਾਲਿਬਾਨ ਤੋਂ ਪਹਿਲਾਂ ਤੱਕ ਵਿਸਾਖੀ ਦਾ ਮੇਲਾ ਲੱਗਦਾ ਸੀ।
  • ਇਸ ਤੋਂ ਬਾਅਦ ਇੱਕ ਹੋਰ ਗੁਰਦੁਆਰਾ ਕਾਬੁਲ ਵਿੱਚ ਹੈ, ਜਿਸ ਦਾ ਨਾਂ ਗੁਰੂ ਹਰਿ ਰਾਇ ਸਾਹਿਬ ਹੈ। ਇਸੇ ਗੁਰਦੁਆਰਾ ਸਾਹਿਬ ਉੱਤੇ 25 ਮਾਰਚ 2020 ਨੂੰ ਅੱਤਵਾਦੀ ਹਮਲਾ ਹੋਇਆ ਸੀ।” ਸਿੱਖਾਂ ਦੇ ਸੱਤਵੇਂ ਗੁਰੂ, ਹਰਿ ਰਾਇ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਭਾਈ ਗੌਂਡਾ ਨੂੰ ਅਫ਼ਗਾਨਿਸਤਾਨ ਦੇ ਕਾਬੁਲ ਸ਼ਹਿਰ ਭੇਜਿਆ ਸੀ ਤੇ ਉਨ੍ਹਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਨਾਂ ਉੱਤੇ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਸੀ।”
  • ਰਾਜਧਾਨੀ ਕਾਬੁਲ ਵਿੱਚ ਗੁਰਦੁਆਰਾ ਕਰਤੇ ਪ੍ਰਵਾਨ ਸਮੇਤ ਕਈ ਹੋਰ ਗੁਰੂ ਘਰ ਹਨ, ਖਾਲਸਾ ਗੁਰਦੁਆਰਾ ਸਾਹਿਬ ਵਿਖੇ ਪੰਜਵੇਂ ਗੁਰੂ ਅਰਜੁਨ ਦੇਵ ਵੇਲੇ ਹੋਏ ਭਾਈ ਗੁਰਦਾਸ ਜੀ ਪਧਾਰੇ ਸਨ, ਜੋ ਅਫ਼ਗਾਨਿਸਤਾਨ ਧਰਮ ਪ੍ਰਚਾਰ ਲਈ ਗਏ ਸਨ।
  • ਕੰਧਾਰ ਵਿੱਚ ਬਾਬਾ ਸ਼੍ਰੀ ਚੰਦ ਦਾ ਗੁਰਦੁਆਰਾ ਹੈ।
  • ਕਾਬੁਲ ਦੇ ਸ਼ੋਰ ਬਜ਼ਾਰ ਵਿੱਚ ਵੀ ਬਾਬਾ ਸ਼੍ਰੀਚੰਦ ਦਾ ਗੁਰਦੁਆਰਾ ਸਾਹਿਬ ਹੈ।

ਡਾ. ਗੰਡਾ ਸਿੰਘ ਮੁਤਾਬਕ

ਅਫਗਾਨਿਸਤਾਨ ਵਿੱਚ ਕਈ ਹੋਰ ਗੁਰੂ ਘਰ ਬਾਬਾ ਗੰਜ ਬਖਸ਼, ਗੁਰਦੁਆਰਾ ਜੋਤੀ ਸਰੂਪ, ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ, ਕੰਧਾਰੀ ਕੂਚਾ, ਗੁਰਦੁਆਰਾ ਭਾਈ ਪਿਰਾਣਾ ਸਰਾਇ ਲਾਹੌਰੀਆਂ ਤੇ ਗੁਰਦੁਆਰਾ ਭਾਈ ਮਨਸਾ ਸਿੰਘ। ਕਈ ਗੁਰੂ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਮੌਜੂਦ ਸਨ।

ਸਿੱਖਾਂ ‘ਤੇ ਹਮਲੇ

ਤਾਲਿਬਾਨ ਦੇ ਮੁੜ ਆਏ ਰਾਜ ਤੋਂ ਬਾਅਦ 18 ਜੂਨ 2022 ਨੂੰ ਕਾਬੁਲ ਦੇ ਕਰਤਾ-ਏ-ਪਰਵਾਨ ਗੁਰਦੁਆਰਾ ਸਾਹਿਬ ਉੱਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿੱਚ ਇੱਕ ਸਿੱਖ ਸ਼ਰਧਾਲੂ ਤੇ ਇੱਕ ਤਾਲਿਬਾਨ ਦੇ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ ਸੀ ਜਦਕਿ 7 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ। ਹਮਲਾਵਰ ਵਿਸਫੋਟਕਾਂ ਨਾਲ ਭਰੀ ਗੱਡੀ ਨੂੰ ਲੈ ਕੇ ਆਏ ਸੀ, ਜੋ ਗੁਰੁਦਆਰੇ ਦੇ ਗੇਟ ਤੋਂ ਥੋੜ੍ਹੀ ਦੂਰੀ ‘ਤੇ ਹੀ ਬਲਾਸਟ ਹੋ ਗਈ ਸੀ। ਗੁਰਦੁਆਰੇ ਵਿੱਚ ਵੀ ਅੱਤਵਾਦੀਆਂ ਵੱਲੋਂ ਧਮਾਕੇ ਤੇ ਫਾਇਰਿੰਗ ਕੀਤੀ ਗਈ ਸੀ।

ਇਸ ਹਮਲੇ ਵਿੱਚ ਗੁਰਦੁਆਰੇ ਦੀ ਇਮਾਰਤ ਨੂੰ ਕਾਫੀ ਨੁਕਸਾਨ ਪਹੁੰਚਿਆ, ਹਮਲੇ ਦੀ ਜ਼ਿੰਮੇਵਾਰੀ ਆਈਐੱਸ ਖੈਬਰ ਪਖਤੂਨਵਾ ਸੰਗਠਨ ਵੱਲੋਂ ਲਈ ਗਈ ਇਸ ਹਮਲੇ ਤੋਂ ਬਾਅਦ ਅਫਗਾਨੀ ਸਿੱਖਾਂ ਨੇ ਹੋਰ ਮੁਲਕਾਂ ‘ਚ ਸ਼ਰਨ ਲੈਣ ਦਾ ਪੱਕੇ ਤੌਰ ‘ਤੇ ਫੈਸਲਾ ਲੈ ਲਿਆ, ਇਸਤੋਂ ਪਹਿਲਾਂ 2021 ਵਿੱਚ ਜਦੋਂ ਤਾਲਿਬਾਨ ਨੇ ਸੱਤਾ ਹਥਿਆ ਲਈ ਸੀ ਤਾਂ ਵੀ ਕਈ ਜਥਿਆਂ ਵਿੱਚ ਸਿੱਖ ਭਾਰਤ ਸਮੇਤ ਹੋਰ ਮੁਲਕਾਂ ਵਿੱਚ ਸ਼ਰਨਾਰਥੀਆਂ ਵਾਂਗੂੰ ਜਾ ਵਸੇ। ਭਾਰਤ ਸਰਕਾਰ ਨੇ ਵੀ ਉੱਥੇ ਬਚੇ ਹੋਏ ਸਿੱਖਾਂ ਨੂੰ ਵੀਜ਼ਾ ਦੇਣ ਦਾ ਐਲਾਨ ਕੀਤਾ, SGPC ਸਮੇਤ ਸਿੱਖਾਂ ਦੀਆਂ ਹੋਰ ਵੱਡੀਆਂ ਸੰਸਥਾਵਾਂ ਨੇ ਵੀ ਉਥੇ ਵਸਦੇ ਸਿੱਖਾਂ ਤੇ ਹਿੰਦੂਆਂ ਨੂੰ ਭਾਰਤ ਲਿਆਉਣ ਲਈ ਸਰਕਾਰਾਂ ਤੱਕ ਪਹੁੰਚ ਕੀਤੀ, SGPC ਨੇ ਜਹਾਜਾਂ ਸਮੇਤ ਉਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕੀਤਾ। ਸਿੱਖਾਂ ਦੇ ਕਈ ਜਥੇ ਭਾਰਤ ਪਹੁੰਚਣ ਵਿੱਚ ਕਾਮਯਾਬ ਹੋਏ ਹਨ। ਕਈ ਸਿੱਖਾਂ ਨੂੰ ਭਾਰਤੀ ਹਵਾਈ ਫੌਜ ਦੇ ਵਿਸ਼ੇਸ਼ ਹਵਾਈ ਜਹਾਜ਼ਾਂ ਤੋਂ ਭਾਰਤ ਲਿਆਂਦਾ ਗਿਆ ਸੀ।

ਅਫ਼ਗਾਨਿਸਤਾਨ ‘ਚ ਸਿੱਖਾਂ ‘ਤੇ 2 ਵਾਰ ਨਹੀਂ ਕਈ ਵਾਰ ਹਮਲੇ ਹੋਏ। ਇਸੇ ਕਰਕੇ ਕਿਸੇ ਵਕਤ ਅਫ਼ਗਾਨਿਸਤਾਨ ਵਿੱਚ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਰਹਿੰਦਾ ਸਿੱਖ ਭਾਈਚਾਰਾ ਅੱਜ ਉਂਗਲਾਂ ਉੱਤੇ ਗਿਣਿਆ ਜਾ ਸਕਦਾ ਹੈ।

  • ਹਾਲ ਦੇ ਸਾਲਾਂ ਵਿੱਚ ਅਫ਼ਗਾਨਿਸਤਾਨ ਵਿੱਚ ਆਈਐੱਸ ਦੇ ਸਥਾਨਕ ਗੁੱਟ ਵੱਲੋਂ ਵਾਰ-ਵਾਰ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
  • 2018 ਵਿੱਚ ਜਲਾਲਾਬਾਦ ਵਿੱਚ ਵੀ ਵੱਡਾ ਹਮਲਾ ਹੋਇਆ ਸੀ। ਉਸ ਵੇਲੇ 1500 ਸਿੱਖ ਰਹਿੰਦੇ ਸਨ। ਉਸ ਹਮਲੇ ਤੋਂ ਬਾਅਦ ਕਈਆਂ ਨੇ ਅਫ਼ਗਾਨਿਸਤਾਨ ਨੂੰ ਛੱਡ ਦਿੱਤਾ ਸੀ।”
  • 25 ਮਾਰਚ 2020 ਚ ਰਾਬਲ ਦੇ ਗੁਰੂ ਹਰਿ ਰਾਇ ਗੁਰਦੁਆਰੇ ਤੇ ਹੋਏ ਹਮਲੇ ਨੇ ਤਾਂ ਪੂਰੀ ਦੁਨੀਆ ਹਿਲਾ ਕੇ ਰੱਖ ਦਿੱਤੀ ਸੀ ਜਦੋਂ ਖੂਨੀ ਹਮਲੇ ਚ ਗੁਰੂ ਘਰ ਵਿਖੇ ਅਰਦਾਸ ਬੇਨਤੀ ਕਰ ਰਹੇ 25 ਸਿੱਖ ਮਨੁੱਖ ਬੰਬ ਨੇ ਬੇਰਹਿਮੀ ਨਾਲ ਮਾਰ ਦਿੱਤੇ ਸਨ।

ਇਸ ਉਜਾੜੇ ਤੋਂ ਬਾਅਦ ਅਫਗਾਨੀ ਸਿੱਖਾਂ ਦੇ ਦਿਲੋਂ ਇਹੀ ਹੂਕ ਨਿਕਲਦੀ ਹੈ ‘ਤੂੰ ਬਹੁੜੀਂ ਕਲਗੀ ਵਾਲਿਆ ਕੋਈ ਦੇਸ ਨਾ ਸਾਡਾ’ ਆਪਣੀ ਧਰਤੀ ਆਪਣਾ ਦੇਸ ਤੇ ਆਪਣੇ ਗੁਰੂ ਘੜ ਛੱਡ ਕੇ ਬਿਗਾਨੇ ਮੁਲਕ ਦਾ ਕੇ ਸ਼ਰਨਾਰਥੀਆਂ ਵਾਂਗੂੰ ਵਸਣਾ ਅਫਗਾਨੀ ਲੋਕਾਂ ਲਈ ਸੌਖਾ ਨਹੀਂ ਹੈ। ਇਹ ਕਹਿਣ ਵਿੱਚ ਹੁਣ ਕੁਝ ਬਾਕੀ ਨਹੀਂ ਰਹਿ ਗਿਆ ਕਿ ਅਫਗਾਨਿਸਤਾਨ ਵਿੱਚ ਸਿੱਖਾਂ ਦੀ ਇੱਕ ਸਦੀ ਦਾ ਅੰਤ ਹੋ ਗਿਆ ਹੈ।