ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬੈਂਕਾਂ ਵੱਲੋਂ ਲਗਾਏ ਜਾ ਰਹੇ ਕਥਿਤ ਧੱਕੇਸ਼ਾਹੀ ਅਤੇ ਧੋਖਾਧੜੀ ਖਿਲਾਫ ਅੱਜ ਵੱਡਾ ਰੋਸ ਮਾਰਚ ਕੱਢਿਆ ਗਿਆ। ਇਹ ਮਾਰਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਗੁਰਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਹੋਇਆ ਅਤੇ ਸਹਿਕਾਰੀ ਸਭਾਵਾਂ ਪੰਜਾਬ ਦੇ ਰਜਿਸਟਰਾਰ ਦਫ਼ਤਰ ਵੱਲ ਵਧ ਰਿਹਾ ਸੀ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਬੈਂਕਾਂ ਵੱਲੋਂ ਕਿਸਾਨਾਂ ਨਾਲ ਧੋਖਾਧੜੀ ਅਤੇ ਧੱਕੇਸ਼ਾਹੀ ਚੱਲ ਰਹੀ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਬੈਂਕ ਅਧਿਕਾਰੀ ਕਰਜ਼ਾ ਦੇਣ ਵੇਲੇ ਚੈੱਕ ਲੈ ਲੈਂਦੇ ਹਨ ਪਰ ਕਰਜ਼ਾ ਚੁਕਾਉਣ ਤੋਂ ਬਾਅਦ ਵੀ ਚੈੱਕ ਵਾਪਸ ਨਹੀਂ ਕਰਦੇ ਅਤੇ ਬਾਅਦ ਵਿੱਚ ਧੱਕੇ ਨਾਲ ਜ਼ਮੀਨ ਗਹਿਣੇ ਰੱਖਣ ਦੀਆਂ ਕੋਸ਼ਿਸ਼ਾਂ ਕਰਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਮੁੱਦੇ ਉੱਤੇ ਜਵਾਬਦੇਹੀ ਤੱਕ ਸੰਘਰਸ਼ ਜਾਰੀ ਰਹੇਗਾ।
ਕਿਸਾਨ ਟਰੈਕਟਰਾਂ ਅਤੇ ਪੈਦਲ ਮਾਰਚ ਰਾਹੀਂ ਸੈਕਟਰ 17 ਤੱਕ ਪਹੁੰਚਣ ਦੀ ਰਣਨੀਤੀ ਬਣਾ ਰਹੇ ਹਨ। ਚੰਡੀਗੜ੍ਹ ਅਤੇ ਮੋਹਾਲੀ ਪੁਲਿਸ ਨੇ ਸ਼ਹਿਰ ਦੀਆਂ ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਭਾਰੀ ਤਾਇਨਾਤੀ ਕੀਤੀ ਗਈ ਹੈ। ਫੋਰਟਿਸ ਹਸਪਤਾਲ ਤੋਂ ਬੁੜੈਲ ਜੇਲ੍ਹ ਵੱਲ ਵਧ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।

