Punjab

ਰਵਨੀਤ ਬਿੱਟੂ ਦੀ ਪੰਜਾਬੀ ਸਿੰਗਰਾਂ ਨੂੰ ਤਾੜਨਾ, ਕਿਹਾ ਲੋਕਾਂ ਦੇ ਬੱਚਿਆਂ ਨੂੰ ਬੰਦੂਕਾਂ ਚੱਕਣ ਲਈ ਕਰਦੇ ਨੇ ਉਤਸ਼ਾਹਿਤ

Ravneet Bittu reprimands Punjabi singers says they encourage people's children to bite guns

ਚੰਡੀਗੜ੍ਹ ਪੁਲਿਸ ਦੇ ਅਪਰੈਸ਼ਨ ਸੈੱਲ ਦੀ ਟੀਮ ਵੱਲੋਂ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਦੇ ਕਤਲ ਦੀ ਸਕੀਮ ਬਣਾਉਣ ਵਾਲੇ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ। ਇਸ ਵਾਰ ਬਿੱਟੂ ਨੇ ਪੰਜਾਬੀ ਗਾਇਕਾਂ ਉੱਤੇ ਨਿਸ਼ਾਨਾ ਕਸਿਆ ਹੈ। ਬਿੱਟੂ ਨੇ ਕਿਹਾ ਕਿ ਗਾਇਕ ਨਿਸ਼ਾਨੇ ਉਤੇ ਸਨ ਜਾਂ ਨਹੀਂ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਹ ਸਿੰਗਰ ਵੀ ਘੱਟ ਨਹੀਂ ਹਨ।

ਇਹ ਵੀ ਇਕ ਦੂਜੇ ਨੂੰ ਦਬਾਉਣ ਲਈ ਫੋਨ ਕਰਵਾਉਂਦੇ ਹਨ। ਦੂਜੇ ਨੂੰ ਥੱਲੇ ਲਾਉਣ ਲਈ ਕਿਸੇ ਹੋਰ ਤੋਂ ਫੋਨ ਕਰਵਾਉਂਦੇ ਹਨ। ਇਸ ਕਰਕੇ ਇਨ੍ਹਾਂ ਨੂੰ ਵੀ ਬਾਜ਼ ਆਉਣਾ ਚਾਹੀਦਾ ਹੈ। ਬਿੱਟੂ ਨੇ ਅਜਿਹੇ ਕੁਝ ਗਾਇਕਾਂ ਦੇ ਪਤਾ ਹੋਣ ਦਾ ਵੀ ਦਾਅਵਾ ਕੀਤਾ ਜੋ ਇਹ ਕੰਮ ਰੋਜ਼ ਕਰਦੇ ਹਨ।

ਰਵਨੀਤ ਬਿੱਟੂ ਨੇ ਸਿੱਧੂ ਮੂਸੇਵਾਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਗੇ ਕਿੱਡਾ ਨੁਕਸਾਨ ਸਿੱਧੂ ਮੂਸੇਵਾਲੇ ਦਾ ਹੋ ਗਿਆ ਹੈ। ਅੱਜ ਉਨ੍ਹਾਂ ਦੇ ਮਾਪੇ ਰੋਜ਼ ਨਿਆਂ ਲਈ ਧੱਕੇ ਖਾ ਰਹੇ ਹਨ। ਇਸ ਲਈ ਤੁਸੀਂ (ਸਿੰਗਰ) ਵੀ ਹਟਜੋ। ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਇਹ ਦੱਸੋ ਕਿ ਗੈਂਗਸਟਰ ਤੁਹਾਡੇ ਪਿੱਛੇ ਪੈਂਦੇ ਕਿਉਂ ਹਨ। ਜਦੋਂ ਤੁਸੀਂ ਲੋਕਾਂ ਦੇ ਬੱਚਿਆਂ ਨੂੰ ਬੰਦੂਕਾਂ ਚੱਕਣ ਲਈ ਉਤਸ਼ਾਹਿਤ ਕਰਦੇ ਸੀ, ਉਹ ਸਮਾਂ ਤੁਹਾਨੂੰ ਯਾਦ ਨਹੀਂ।

ਉਨ੍ਹਾਂ ਨੇ ਪੰਜਾਬੀ ਸਿੰਗਰਾਂ ਨੂੰ ਤਾੜਦੇ ਹੋਏ ਕਿਹਾ ਕਿ ਤੁਸੀਂ ਹੀ ਇਹ ਬੀਜ਼ ਬਿਜਿਆ ਹੈ। ਇਹ ਸਭ ਤੁਸੀਂ ਹੀ ਸਿਖਾਇਆ ਹੈ, ਹੁਣ ਭੱਜੇ ਫਿਰਦੇ ਹੋ ਨਾ। ਇਹ ਸਭ ਤੁਹਾਡੀਆਂ ਕਰਤੂਤਾਂ ਹਨ। ਸਭ ਤੋਂ ਵੱਡੇ ਦੋਸ਼ੀ ਤੁਸੀਂ ਹੋ। ਅੱਜ ਤੁਹਾਡੇ ਘਰਦੇ ਤੇ ਆਪ ਲੁਕੇ ਫਿਰਦੇ ਹੋ।

ਦੱਸ ਦਈਏ ਕਿ ਲੰਘੇ ਕੱਲ੍ਹ ਪੁਲਿਸ ਬੱਬੂ ਮਾਨ ਅਤੇ ਮਨਕੀਰਤ ਔਲਖ ਦੇ ਕਤਲ ਦੀ ਯੋਜਨਾ ਬਣਾਉਣ ਵਾਲੇ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਤੋਂ 4 ਪਿਸਤੌਲ, 23 ਕਾਰਤੂਸ ਅਤੇ ਇਕ ਕਾਰ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਮਨੂੰ ਬੱਤਾ (29) ਵਾਸੀ ਪਿੰਡ ਬੁੜੈਲ, ਅਮਨ ਕੁਮਾਰ ਉਰਫ਼ ਵਿੱਕੀ (29) ਵਾਸੀ ਪੰਚਕੂਲਾ, ਸੰਜੀਵ ਉਰਫ ਸੰਜੂ (23) ਅਤੇ ਕਮਲਦੀਪ ਉਰਫ ਕਿੰਮੀ (26) ਵਾਸੀ ਮਲੋਆ ਵਜੋਂ ਹੋਈ ਹੈ। ਪੁਲਿਸ ਪੜਤਾਲ ਦੌਰਾਨ ਪਤਾ ਲੱਗਿਆ ਕਿ ਇਸ ਗਰੋਹ ਨੂੰ ਕੈਨੇਡਾ ਤੋਂ ਲੱਕੀ ਪਟਿਆਲ, ਪ੍ਰਿੰਸ ਕੁਰਾਲੀ ਅਤੇ ਮਲੇਸ਼ੀਆ ਤੋਂ ਲਾਲੀ ਵ੍ਹਟਸਐੱਪ ਅਤੇ ਸੋਸ਼ਲ ਮੀਡੀਆ ਰਾਹੀਂ ਚਲਾ ਰਹੇ ਸਨ।