Punjab

ਵੜਿੰਗ ਦਾ CM ਮਾਨ ‘ਤੇ ਤੰਜ , ਕਿਹਾ ਸਿਆਸੀ ਕਿੜ ਕੱਢਣ ਲਈ ਖਹਿਰਾ ਦੀ 71 ਸਾਲਾ ਭੈਣ ਨੂੰ ਕੀਤਾ ਕੇਸ ਵਿੱਚ ਨਾਮਜ਼ਦ…

ਵੜਿੰਗ ਦਾ CM ਮਾਨ 'ਤੇ ਤੰਜ , ਕਿਹਾ ਸਿਆਸੀ ਕਿੜ ਕੱਢਣ ਲਈ ਖਹਿਰਾ ਦੀ 71 ਸਾਲਾ ਭੈਣ ਨੂੰ ਕੀਤਾ ਕੇਸ ਵਿੱਚ ਨਾਮਜ਼ਦ...

ਚੰਡੀਗੜ੍ਹ : ਕਾਂਗਰਸ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਨੂੰ ਪੰਜਾਬ ਸਰਕਾਰ ਨੇ 37 ਸਾਲ ਪੁਰਾਣੇ ਕੇਸ ਵਿੱਚ ਨਾਮਜ਼ਦ ਕੀਤਾ ਹੈ। ਇਸ ਕੇਸ ਵਿੱਚ ਸੁਖਪਾਲ ਖਹਿਰਾ ਦੀ 71 ਸਾਲਾ ਭੈਣ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਵਾਬ ਦਿੱਤਾ ਹੈ।

ਵੜਿੰਗ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਸ. ਸੁੱਖਪਾਲ ਸਿੰਘ ਖਹਿਰਾ ਜੀ ਦੇ ਦਹਾਕਿਆਂ ਪੁਰਾਣੇ ਕੇਸ ਨੂੰ ਦੁਬਾਰਾ ਉਜਾਗਰ ਕਰਨਾ ਸ਼ਰੇਆਮ ਸਿਆਸੀ ਬਦਲਾਖੋਰੀ ਜਾਪਦੀ ਹੈ।  ਉਨ੍ਹਾਂ ਨੇ ਕਿਹਾ ਕਿ ਪੰਜਾਬੀ ਹਮੇਸ਼ਾ ਧੀਆਂ ਭੈਣਾਂ ਦੀ ਰਾਖੀ ਕਰਨ ਵਿੱਚ ਵਿਸ਼ਵਾਸ ਰੱਖਦੇ ਨੇ ਚਾਹੇ ਉਹ ਧੀ ਫੇਰ ਦੁਸ਼ਮਣ ਦੀ ਹੀ ਕਿਉਂ ਨਾ ਹੋਵੇ।

ਵੜਿੰਗ ਨੇ ਕਿਹਾ ਕਿ ਪਰ ਭਗਵੰਤ ਮਾਨ ਸਰਕਾਰ ਨੇ ਖਹਿਰਾ ਜੀ ਦੀ 71 ਸਾਲਾ ਭੈਣ ਨੂੰ ਵੀ ਸਿਆਸੀ ਕਿੜ ਕੱਢਣ ਲਈ ਇਸ ਕੇਸ ਵਿੱਚ ਨਾਮਜ਼ਦ ਕੀਤਾ ਹੈ ਜੋ ਕਿ ਬੇਹੱਦ ਨਿੰਦਣਯੋਗ ਹੈ। ਮੈਂ ਭਗਵੰਤ ਮਾਨ ਜੀ ਨੂੰ ਇਸ ਮੁਕੱਦਮੇ ਨੂੰ ਤੁਰੰਤ ਵਾਪਿਸ ਲੈਣ ਦੀ ਅਪੀਲ ਕਰਦਾ ਹਾਂ।

ਦੱਸ ਦਈਏ ਕਿ ਸੁਖਪਾਲ ਖਹਿਰਾ ਪਹਿਲਾਂ ਹੀ ਪ੍ਰੈੱਸ ਕਾਨਫਰੰਸ ‘ਚ ਕਹਿ ਚੁੱਕੇ ਹਨ ਕਿ ਭਗਵੰਤ ਮਾਨ ਵਾਰ-ਵਾਰ ਉਨ੍ਹਾਂ ‘ਤੇ ਸਿਆਸੀ ਬਦਲਾਖੋਰੀ ਤਹਿਤ ਕੇਸ ਦਰਜ ਕਰ ਰਹੇ ਹਨ, ਪਰ ਕੁਝ ਨਹੀਂ ਹੁੰਦਾ ਦੇਖ ਕੇ ਹੁਣ ਉਨ੍ਹਾਂ ਨੇ 37 ਸਾਲ ਪੁਰਾਣੇ ਕੇਸ ‘ਚ ਆਪਣੇ ਪਰਿਵਾਰਕ ਮੈਂਬਰਾਂ ਦਾ ਨਾਂ ਲਿਆ ਹੈ। ਗੈਰ-ਜ਼ਮਾਨਤੀ ਧਾਰਾਵਾਂ ਨੂੰ ਗੁਪਤ ਤਰੀਕੇ ਨਾਲ ਸ਼ਾਮਲ ਕੀਤਾ ਗਿਆ ਹੈ।

 

ਖਹਿਰਾ ਨੇ ਕਿਹਾ ਸੀ ਕਿ ਮੈਂ ਜੇਲ੍ਹ ਜਾਣ ਤੋਂ ਨਹੀਂ ਡਰਦਾ, ਪਰ ਸਰਕਾਰ ਦੀਆਂ ਜੇਲ੍ਹਾਂ ਵੀ ਸੁਰੱਖਿਅਤ ਨਹੀਂ ਹਨ। ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਗੈਂਗਸਟਰਾਂ ਦੀ ਜੇਲ੍ਹਾਂ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ਾ, ਗੈਂਗ ਵਾਰ ਆਮ ਗੱਲਾਂ ਹਨ।