Punjab

ਦੂਜੇ ਦਿਨ ਵੀ ਪੁਲਿਸ ਨੇ ‘ਮੋਰਚੇ’ ਦੇ ‘ਸਿੰਘਾਂ’ਦੇ ਜਥੇ ਨੂੰ ਰੋਕਿਆ ! ‘ਡਰੀ ਹੋਈ ਹੈ ਸਰਕਾਰ’ ! ਹੁਣ ‘ਪਿੰਡਾਂ’ ‘ਚ ਵੀ ਮੰਗਿਆ ਜਾਵੇਗਾ ਹਿਸਾਬ !

ਗੁਲਜਿੰਦਰ ਕੌਰ: ਕੌਮੀ ਇਨਸਾਫ਼ ਮੋਰਚੇ ਵੱਲੋਂ ਲਗਾਤਾਰ ਦੂਜੇ ਦਿਨ ਸੀਐਮ ਹਾਊਸ ਘੇਰਨ ਲਈ ਜਥੇ ਨੂੰ ਭੇਜਿਆ ਗਿਆ,ਜਿਸ ਵਿੱਚ ਬੀਬੀਆਂ ਵੀ ਸ਼ਾਮਲ ਹੋਈਆਂ। ਧਰਨੇ ਵਾਲੀ ਥਾਂ ਤੋਂ ਚੱਲ ਕੇ ਇਹ ਜੱਥਾ ਜਦੋਂ ਮੁਹਾਲੀ ਤੇ ਚੰਡੀਗੜ੍ਹ ਦੀ ਹੱਦ ਤੇ ਪਹੁੰਚਿਆਂ ਤਾਂ ਭਾਰੀ ਗਿਣਤੀ ਵਿੱਚ ਤਾਇਨਾਤ ਪੁਲਿਸ ਨੇ ਅੱਗੇ ਬੈਰੀਕੇਡ ਲੱਗਾ ਦਿੱਤੇ । ਜਥੇ ਵਿੱਚ ਵਾਰਿਸ ਪੰਜਾਬ ਦੇ ਮੁਖੀ ਅਮ੍ਰਿਤਪਾਲ ਦੇ ਜਥੇ ਦੇ ਕਈ ਮੈਂਬਰ ਵੀ ਸ਼ਾਮਲ ਸਨ। ਪਰ ਪੁਲਿਸ ਨੇ ਜਥੇ ਨੂੰ ਅੱਗੇ ਨਹੀਂ ਵਧਣ ਦਿੱਤਾ ਜਿਸ ਤੋਂ ਬਾਅਦ ਸੰਗਤ ਸੜਕ ‘ਤੇ ਹੀ ਬੈਠ ਗਈ ਅਤੇ ਗੁਰਬਾਣੀ ਦਾ ਪਾਠ ਸ਼ੁਰੂ ਹੋ ਗਿਆ ।

ਇਸ ਵਿਚਾਲੇ ਮੋਰਚੇ ਦੀ ਪੁਲਿਸ ਪ੍ਰਸ਼ਾਸਨ ਦੇ ਕਈ ਅਧਿਕਾਰੀਆਂ ਨਾਲ ਗੱਲਬਾਤ ਵੀ ਹੋ ਰਹੀ ਸੀ ਪਰ ਸਥਿਤੀ ਕਈ ਵਾਰ ਭੰਬਲਭੂਸੇ ਵਾਲੀ ਬਣੀ ਰਹੀ। ਪੁਲਿਸ ਵਾਰ-ਵਾਰ ਦਫਾ 144 ਲੱਗੇ ਹੋਣ ਦਾ ਹਵਾਲਾ ਦੇ ਰਹੀ ਸੀ,ਜਿਸ ਦੀ ਵਜ੍ਹਾ ਨਾਲ ਇਹ ਤੈਅ ਹੋਇਆ ਕਿ 5-5 ਸਿੰਘਾਂ ਦੇ ਜਥੇ ਸ਼ਾਂਤਮਈ ਢੰਗ ਨਾਲ ਰੋਸ ਕਰਨ ਲਈ ਅੱਗੇ ਜਾਣਗੇ ਪਰ ਪੁਲਿਸ ਨੇ ਨਿਹੰਗ ਸਿੰਘਾਂ ਦੇ ਹਥਿਆਰ ਨੂੰ ਅੱਗੇ ਲਿਜਾਉਣ ਦੀ ਇਜ਼ਾਜਤ ਨਹੀਂ ਦਿੱਤੀ। ਜਿਸ ਕਾਰਨ ਇੱਕ ਵਾਰ ਫਿਰ ਤੋਂ ਸਥਿਤੀ ਭੰਬਲਭੂਸੇ ਵਾਲੀ ਬਣ ਗਈ ਤੇ ਅਖੀਰ 31 ਸਿੱਖਾਂ ਦੇ ਜਥੇ ਨੂੰ ਪ੍ਰਸ਼ਾਸਨ ਨੇ ਬਿਨਾਂ ਸ਼ਰਤ ਅੱਗੇ ਜਾਣ ਦੇ ਦਿੱਤਾ।

ਪਿੰਡਾਂ ਨੂੰ ਲਾਮਬੰਦ ਕੀਤਾ ਜਾਵੇਗਾ

ਕੌਮੀ ਇਨਸਾਫ ਮੋਰਚੇ ਦੀ ਆਵਾਜ਼ ਨੂੰ ਪੰਜਾਬ ਦੇ ਪਿੰਡਾਂ ਤੱਕ ਪਹੁੰਚਾਉਣ ਲਈ ਹੁਣ ਵੱਡੇ ਯਤਨ ਸ਼ੁਰੂ ਹੋ ਗਏ ਹਨ । ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤ ਯੂਨੀਅਨ ਨੇ ਵੀ ਹੁਣ ਕੌਮੀ ਇਨਸਾਫ ਮੋਰਚੇ ਨੂੰ ਪੂਰਨ ਤੌਰ ‘ਤੇ ਸਹਿਯੋਗ ਕਰਨ ਦਾ ਐਲਾਨ ਕਰ ਦਿੱਤਾ ਹੈ। ਪ੍ਰੈਸ ਕਾਨਫਰੰਸ ਵਿੱਚ ਯੂਨੀਅਨ ਦੇ ਅਹੁਦੇਦਾਰਾਂ ਨੇ ਦੱਸਿਆ ਹੈ ਕਿ ਹੁਣ ਪੰਜਾਬ ਦੇ ਹਰ ਪਿੰਡ ਵਿੱਚ ਮੋਰਚੇ ਨੂੰ ਸਹਿਯੋਗ ਕਰਨ ਲਈ ਮਤੇ ਪਾਏ ਜਾਣਗੇ। ਯੂਨੀਅਨ ਦੇ ਪ੍ਰਧਾਨ ਰਵਿੰਦਰ ਰਿੰਕੂ, ਮਾਲਵਾ ਜੋਨ ਦੇ ਪ੍ਰਧਾਨ ਜੱਸੀ ਲੋਂਗੋਵਾਲੀਆ ਤੇ ਹੋਰ ਕਈ ਸਾਰੇ ਯੂਨੀਅਨ ਮੈਂਬਰ ਵੀ ਹਾਜ਼ਰ ਸਨ। ਪ੍ਰਧਾਨ ਰਵਿੰਦਰ ਰਿੰਕੂ ਨੇ ਕਿਹਾ ਕਿ ਇਸ ਗੱਲ ਦਾ ਸਾਰੇ ਪੰਜਾਬ ਵਿੱਚ ਸਖ਼ਤ ਵਿਰੋਧ ਹੋ ਰਿਹਾ ਹੈ ਕਿ ਬਲਾਤਕਾਰੀਆਂ ਤੇ ਹੋਰ ਦੋਸ਼ੀਆਂ ਨੂੰ ਰਿਹਾਅ ਕਰ ਦਿਤਾ ਜਾਂਦਾ ਹੈ ਪਰ ਆਪਣੀ ਸਜ਼ਾ ਭੁਗਤ ਚੁੱਕੇ ਬੰਦੀ ਸਿੰਘ ਹਾਲੇ ਵੀ ਸਲਾਖਾਂ ਦੇ ਪਿੱਛੇ ਹਨ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਆਉਣ ਵਾਲੀਆਂ ਚੋਣਾਂ ਦੇ ਦੌਰਾਨ ਸਿਆਸੀ ਪਾਰਟੀਆਂ ਤੋਂ ਇਸ ਗੱਲ ਦਾ ਜੁਆਬ ਮੰਗਿਆ ਜਾਵੇਗਾ ।

ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਸਿੱਖ ਸੰਗਤ ਵਿੱਚ ਕਾਫੀ ਉਤਸ਼ਾਹ ਸੀ ਤੇ ਉਹ ਗ੍ਰਿਫਤਾਰੀਆਂ ਦੇਣ ਤੋਂ ਵੀ ਡਰਨ ਵਾਲੇ ਨਹੀਂ ਹਨ। ਉਹਨਾਂ ਸਰਕਾਰ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਥਿਆਂ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਤੇ ਕੇਸ ਚਲਾਏ ਜਾਂਦੇ ਹਨ ਤਾਂ ਵਿਰੋਧ ਨੂੰ ਹੋਰ ਤੇਜ ਕੀਤਾ ਜਾਵੇਗਾ। ਜਥਿਆਂ ਨੂੰ ਹੋਰ ਵੱਡਾ ਕੀਤਾ ਜਾਵੇਗਾ ਤੇ 18 ਫਰਵਰੀ ਤੱਕ ਇਹ ਕਾਰਵਾਈ ਜਾਰੀ ਰਹੇਗੀ। ਆਗੂਆਂ ਨੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਦੇ ਰਾਜਪਾਲ ਨੇ ਇਹ ਵਾਅਦਾ ਕੀਤਾ ਸੀ ਕਿ ਸਜ਼ਾ ਪੂਰੀ ਕਰ ਚੁਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇਗਾ ਪਰ ਅਗਲੀ ਮੁਲਾਕਾਤ ਵਿੱਚ ਉਹ ਮੁਕਰ ਗਿਆ ।