ਸ਼ੰਗਾਈ : ਸ਼ੰਗਾਈ (ਚੀਨ) ਵਿਖੇ ਤੀਰਅੰਦਾਜ਼ੀ ਦੇ ਵਿਸ਼ਵ ਕੱਪ ਵਿੱਚ ਪੰਜਾਬ ਦੀ ਅਵਨੀਤ ਕੌਰ ਨੇ ਕਾਂਸੀ ਦਾ ਤਮਗ਼ਾ ਜਿੱਤ ਕੇ ਦੇਸ਼ ਤੇ ਸੂਬੇ ਦਾ ਮਾਣ ਵਧਾਇਆ ਹੈ। ਬਠਿੰਡਾ ਜ਼ਿਲੇ ਦੇ ਪਿੰਡ ਸਰਦਾਰਗੜ੍ਹ ਦੀ ਵਸਨੀਕ ਤੇ ਖਾਲਸਾ ਕਾਲਜ ਪਟਿਆਲਾ ਦੀ ਵਿਦਿਆਰਥਣ ਅਵਨੀਤ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ਦੀ ਜਾਣਕਾਰੀ ਕੈਬਨਿਟ ਮੰਤਰੀ ਮੀਤ ਹੇਅਰ ਨੇ ਆਪਣੇ ਟਵੀਟ ਰਾਹੀਂ ਦਿੱਤੀ ਹੈ। ਉਹਨਾਂ ਅਵਨੀਤ ਨੂੰ ਵਧਾਈ ਦਿੰਦੇ ਹੋਏ ਉਸ ਦੀ ਇਸ ਪ੍ਰਾਪਤੀ ਦਾ ਸਿਹਰਾ ਉਸ ਦੀ ਸਖਤ ਮਿਹਨਤ, ਉਸ ਦੇ ਕੋਚ ਅਤੇ ਮਾਪਿਆਂ ਨੂੰ ਦਿੱਤਾ ਹੈ।
ਸ਼ੰਗਾਈ (ਚੀਨ) ਵਿਖੇ ਤੀਰਅੰਦਾਜ਼ੀ ਦੇ ਵਿਸ਼ਵ ਕੱਪ ਵਿੱਚ ਪੰਜਾਬ ਦੀ ਅਵਨੀਤ ਕੌਰ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਬਠਿੰਡਾ ਜ਼ਿਲੇ ਦੇ ਪਿੰਡ ਸਰਦਾਰਗੜ੍ਹ ਦੀ ਵਸਨੀਕ ਤੇ ਖਾਲਸਾ ਕਾਲਜ ਪਟਿਆਲਾ ਦੀ ਵਿਦਿਆਰਥਣ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਬਹੁਤ ਮੁਬਾਰਕਾਂ। ਇਸ ਪ੍ਰਾਪਤੀ ਦਾ ਸਿਹਰਾ ਉਸ ਦੀ ਸਖਤ ਮਿਹਨਤ, ਉਸ ਦੇ ਕੋਚ ਅਤੇ ਮਾਪਿਆਂ ਨੂੰ ਜਾਂਦਾ ਹੈ। pic.twitter.com/uMOTd6Ghes
— Gurmeet Singh Meet Hayer (@meet_hayer) May 21, 2023
ਮਹਿਲਾ ਕੰਪਾਊਂਡ ਵਿੱਚ 18 ਸਾਲਾ ਅਵਨੀਤ ਕੌਰ ਨੇ ਤੁਰਕੀ ਦੀ ਇਪੇਕ ਤੋਮਰੁਕ (147-144) ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਆਪਣੀ ਕਾਂਸੀ ਤਮਗਾ ਜਿੱਤਣ ਤੋਂ ਕੁਝ ਮਿੰਟ ਪਹਿਲਾਂ, ਉਹ ਸੈਮੀਫਾਈਨਲ ਵਿੱਚ ਤਜਰਬੇਕਾਰ ਏਲਾ ਗਿਬਸਨ (146-144) ਤੋਂ ਹਾਰ ਗਈ ਪਰ ਕਾਂਸੀ ਦੇ ਤਗਮੇ ਦੇ ਪਲੇਆਫ ਮੈਚ ਵਿੱਚ ਅਵਨੀਤ ਨੇ ਜ਼ੋਰਦਾਰ ਵਾਪਸੀ ਕੀਤੀ ਤੇ ਵਿਸ਼ਵ ਕੱਪ ਦੇ ਪਹਿਲੇ ਪੜਾਅ ਵਿੱਚ ਨੌਵੇਂ ਸਥਾਨ ‘ਤੇ ਰਹੀ ਅਤੇ ਦੂਜੇ ਪੜਾਅ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਇਆ।