Punjab

ਹਾਲਾਤਾਂ ਤੇ ਮਜਬੂਰੀ ਨੇ ਹੱਥ ਵਿੱਚ ਫੜਾ ਦਿੱਤਾ ਸੀ ਝਾੜੂ,ਹੁਣ ਦੁਬਾਰਾ ਰਿੰਗ ਵਿੱਚ ਉਤਰੇਗਾ ਇਹ ਨੋਜਵਾਨ ਖਿਡਾਰੀ

ਚੰਡੀਗੜ੍ਹ : ਮੈਡਲ ਜਿੱਤ ਕੇ ਦੇਸ਼ ਦਾ ਨਾਂ ਉੱਚਾ ਕਰਨ ਦੀ ਤਮੰਨਾ ਰੱਖਣ ਵਾਲੇ ਚੰਡੀਗੜ੍ਹ ਦੇ ਇੱਕ ਨੋਜਵਾਨ ਦੇ ਹੱਥ ਆਰਥਿਕ ਮਜਬੂਰੀਆਂ ਨੇ ਝਾੜੂ ਫੜਾ ਦਿੱਤਾ ਸੀ ਪਰ ਸ਼ਾਇਦ ਕਿਸਮਤ ਨੂੰ ਇਹ ਮਨਜੂਰ ਨਹੀਂ ਸੀ। ਮਨੋਜ ਕੁਮਾਰ ਨਾਂ ਦੇ ਇਸ ਨੋਜਵਾਨ ਨੇ ਹੁਣ ਰਿੰਗ ਵਿੱਚ ਦੁਬਾਰਾ ਉਤਰਨ ਦੀ ਤਿਆਰੀ ਕਰ ਲਈ ਹੈ । ਕਿਉਂਕਿ ਚੰਡੀਗੜ੍ਹ ਦੀ ਗਾਡਜ਼ ਪਲਾਨ ਫਾਊਂਡੇਸ਼ਨ ਨੇ ਇਸ ਨੋਜਵਾਨ ਦੀ ਬਾਂਹ ਫੜੀ ਹੈ।  ਮਨੋਜ ਕੁਮਾਰ,ਜੋ ਰਾਸ਼ਟਰੀ ਅਤੇ ਰਾਜ ਪੱਧਰ ‘ਤੇ 30 ਤਗਮੇ ਜਿੱਤਣ ਦੇ ਬਾਵਜੂਦ ਮੁੱਕੇਬਾਜ਼ੀ ਛੱਡ ਕੇ ਸਫਾਈ ਕਰਮਚਾਰੀ ਬਣ ਗਿਆ ਸੀ ਕਿਉਂਕਿ ਉਸ ਦੇ ਹਾਲਾਤ ਕੁੱਝ ਬਹੁਤੇ ਚੰਗੇ ਨਹੀਂ ਸਨ। ਅਖਬਾਰ ਦੈਨਿਕ ਭਾਸਕਰ ਵਿਚ ਮਨੋਜ ਦੀ ਖਬਰ ਪ੍ਰਕਾਸ਼ਿਤ ਹੋਈ,ਜਿਸ ਤੋਂ ਬਾਅਦ ਇਸ ਫਾਊਂਡੇਸ਼ਨ ਦੇ ਮੈਂਬਰਾਂ ਨੇ ਮਨੋਜ ਨਾਲ ਸੰਪਰਕ ਕੀਤਾ ਅਤੇ ਉਸ ਦੀ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਹੈ।

ਫਾਊਂਡੇਸ਼ਨ ਵੱਲੋਂ ਹੁਣ ਮਨੋਜ ਕੁਮਾਰ ਨੂੰ ਹਰ ਮਹੀਨੇ 11 ਹਜ਼ਾਰ ਰੁਪਏ ਦੀ ਰਾਸ਼ੀ ਮਿਲਿਆ ਕਰੇਗੀ । ਸ਼ਹਿਰ ਦੇ ਇੱਕ ਨਿੱਜੀ ਹੋਟਲ ਵਿੱਚ ਹੋਏ ਸਮਾਗਮ ਵਿੱਚ ਫਾਊਂਡੇਸ਼ਨ ਦੇ ਮੈਂਬਰਾਂ ਨੇ ਮਨੋਜ ਨੂੰ ਤਿੰਨ ਮਹੀਨਿਆਂ ਲਈ 33-33 ਹਜ਼ਾਰ ਰੁਪਏ ਦੇ ਤਿੰਨ ਚੈੱਕ ਸੌਂਪੇ।

ਗਾਡਸ ਪਲਾਨ ਫਾਊਂਡੇਸ਼ਨ ਦੇ ਮੈਂਬਰ ਸੰਜੀਵ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ 3 ਮਹੀਨੇ ਪਹਿਲਾਂ ਹੀ ਫਾਊਂਡੇਸ਼ਨ ਬਣਾਈ ਹੈ। ਇਸ ਦੀ ਚੇਅਰਪਰਸਨ ਮੀਨਾਕਸ਼ੀ ਗੁਪਤਾ ਹੈ। ਅਖਬਾਰ ‘ਚ ਮਨੋਜ ਦੀ ਖਬਰ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਮਨੋਜ ਦੀ ਸੱਚਾਈ ਦਾ ਪਤਾ ਲੱਗਾ। ਮਨੋਜ ਬਾਕਸਿੰਗ ਦਾ ਚੰਗਾ ਖਿਡਾਰੀ ਰਿਹਾ ਹੈ, ਇਸ ਲਈ ਮੁੱਕੇਬਾਜ਼ੀ ਨੂੰ ਦੁਬਾਰਾ ਸ਼ੁਰੂ ਕਰਨਾ ਚਾਹੀਦਾ ਹੈ,ਇਸ ਲਈ  ਫਾਊਂਡੇਸ਼ਨ ਉਸ ਨੂੰ ਖੁਰਾਕ ਲਈ ਹਰ ਮਹੀਨੇ 11,000 ਰੁਪਏ ਦੇਵੇਗੀ। ਦੂਜੇ ਪਾਸੇ ਅਕਾਲ ਕਾਲਜ ਕੌਂਸਲ ਦੇ ਮੈਂਬਰ ਮਨਜੀਤ ਵਾਲੀਆ ਨੇ ਦੱਸਿਆ ਕਿ ਕੌਂਸਲ ਵੱਲੋਂ ਮਨੋਜ ਨੂੰ ਮੁੱਕੇਬਾਜ਼ੀ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।

ਮਨੋਜ ਕੁਮਾਰ ਨੇ ਦੱਸਿਆ ਸੀ ਕਿ ਉਸ ਨੇ 11-12 ਸਾਲ ਦੀ ਉਮਰ ‘ਚ ਬਾਕਸਿੰਗ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਰਾਸ਼ਟਰੀ ਪੱਧਰ ‘ਤੇ 2 ਗੋਲਡ, 3 ਸਿਲਵਰ ਅਤੇ 2 ਬ੍ਰਾਊਨ ਮੈਡਲ ਅਤੇ ਰਾਜ ਪੱਧਰ ‘ਤੇ 15 ਗੋਲਡ ਮੈਡਲ ਪ੍ਰਾਪਤ ਕੀਤੇ ਹਨ। ਉਸਨੇ ਜੂਨੀਅਰ ਇੰਡੀਆ ਟੀਮ, ਯੂਥ ਇੰਡੀਆ ਟੀਮ ਅਤੇ ਸੀਨੀਅਰ ਇੰਡੀਆ ਟੀਮ ਵਿੱਚ ਵੀ ਹਿੱਸਾ ਲਿਆ ਹੈ। 2017 ਵਿੱਚ, ਉਹ ਦੁਬਾਰਾ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ। ਪਰ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਜਿਸ ਕਾਰਨ ਉਹ ਟੀਮ ਵਿੱਚ ਸ਼ਾਮਲ ਨਹੀਂ ਹੋ ਸਕਿਆ। ਘਰ ਦੀ ਮਾੜੀ ਹਾਲਤ ਕਾਰਨ ਸਵੀਪਰ ਦੀ ਨੌਕਰੀ ਜੁਆਇਨ ਕਰ ਲਈ ਸੀ  ਪਰ ਹੁਣ ਉਹ ਦੁਬਾਰਾ ਖੇਡ ਨੂੰ ਸ਼ੁਰੂ ਕਰੇਗਾ।