Punjab

ਲੁਧਿਆਣਾ ‘ਚ ਸੇਵਾਮੁਕਤ ASI ਸਮੇਤ ਪਤਨੀ-ਪੁੱਤ ਦਾ ਅਣਪਛਾਤਿਆਂ ਨੇ ਕੀਤਾ ਇਹ ਹਾਲ, ਪੁਲਿਸ ਨੇ ਕੀਤੇ ਕਈ ਅਹਿਮ ਖੁਲਾਸੇ…

Brutally murdered wife and son including retired ASI in Ludhiana

ਲੁਧਿਆਣਾ : ਪੰਜਾਬ ਦੇ ਲੁਧਿਆਣਾ ਦੇ ਪਿੰਡ ਨੂਰਪੁਰ ਬੇਟ ਵਿੱਚ ਇੱਕ ਸੇਵਾਮੁਕਤ ਪੁਲਿਸ ਏਐਸਆਈ ਅਤੇ ਉਸਦੀ ਪਤਨੀ ਅਤੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਤਿੰਨਾਂ ਦੀਆਂ ਲਾਸ਼ਾਂ ਐਤਵਾਰ ਦੇਰ ਰਾਤ ਕੋਠੀ ਵਿੱਚੋਂ ਮਿਲੀਆਂ। ਮ੍ਰਿਤਕਾਂ ‘ਤੇ ਭਾਰੀ ਲੋਹੇ ਦੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਹਮਲਾਵਰਾਂ ਦੀ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ।

ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ (65), ਉਸ ਦੀ ਪਤਨੀ ਪਰਮਜੀਤ ਕੌਰ (61) ਅਤੇ ਪੁੱਤਰ ਗੁਰਵਿੰਦਰ ਸਿੰਘ ਉਰਫ਼ ਪਾਲੀ ਗਰੇਵਾਲ (32) ਵਜੋਂ ਹੋਈ ਹੈ। ਕੁਲਦੀਪ ਸਿੰਘ 2019 ਵਿੱਚ ਸੇਵਾਮੁਕਤ ਹੋਇਆ ਸੀ। ਕੁਲਦੀਪ ਸਿੰਘ ਮਹਿਲਾ ਸੈੱਲ ਵਿੱਚ ਤਾਇਨਾਤ ਸਨ। ਗੁਰਵਿੰਦਰ ਸਿੰਘ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਪਤਨੀ ਗਰਭਵਤੀ ਦੱਸੀ ਜਾ ਰਹੀ ਹੈ। ਪਾਲੀ ਦੋ ਦਿਨ ਪਹਿਲਾਂ ਹੀ ਆਪਣੀ ਪਤਨੀ ਨੂੰ ਪਿੰਡ ਪਾਇਲ ਨੇੜੇ ਸਹੁਰੇ ਘਰ ਛੱਡ ਗਿਆ ਸੀ।

ਇੰਝ ਵਾਪਰੀ ਸਾਰੀ ਘਟਨਾ

ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨ ਕਤਲ ਸ਼ਨੀਵਾਰ ਰਾਤ 7 ਵਜੇ ਤੋਂ ਬਾਅਦ ਹੋਏ ਹਨ। ਸ਼ਨੀਵਾਰ ਸ਼ਾਮ 7 ਵਜੇ ਤੱਕ ਉਨ੍ਹਾਂ ਦੀ ਬੇਟੀ ਸਮਨ ਨਾਲ ਫੋਨ ‘ਤੇ ਗੱਲਬਾਤ ਹੋਈ। ਅਗਲੇ ਦਿਨ ਬੇਟੀ ਨੇ ਮਾਤਾ-ਪਿਤਾ ਅਤੇ ਭਰਾ ਨੂੰ ਕਈ ਫੋਨ ਕੀਤੇ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਫ਼ੋਨ ਨਾ ਚੁੱਕਣ ‘ਤੇ ਸਮਨ ਨੇ ਰਿਸ਼ਤੇਦਾਰ ਨੂੰ ਫ਼ੋਨ ਕੀਤਾ। ਜਿਸ ਨੇ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ।

ਪਿੰਡ ਦਾ ਸਰਪੰਚ ਪੀਸੀਆਰ ਦਸਤੇ ਨਾਲ ਮੌਕੇ ’ਤੇ ਪੁੱਜ ਗਿਆ। ਜਦੋਂ ਪੀਸੀਆਰ ਦਸਤੇ ਨੇ ਕੋਠੀ ਦਾ ਤਾਲਾ ਤੋੜਿਆ ਤਾਂ ਤਿੰਨ ਵਿਅਕਤੀਆਂ ਦੀ ਮੌਤ ਦੇਖ ਕੇ ਉਹ ਦੰਗ ਰਹਿ ਗਏ। ਸੇਵਾਮੁਕਤ ਏਐਸਆਈ ਦੀ ਲਾਸ਼ ਘਰ ਦੀ ਲਾਬੀ ਵਿੱਚ ਫਰਸ਼ ’ਤੇ ਪਈ ਸੀ। ਜਦੋਂ ਕਿ ਬੇਟੇ ਅਤੇ ਮਾਂ ਦੀਆਂ ਲਾਸ਼ਾਂ ਕਮਰੇ ‘ਚ ਬੈੱਡ ‘ਤੇ ਪਈਆਂ ਸਨ। ਪੀਸੀਆਰ ਦਸਤੇ ਨੇ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਸਮੇਤ ਹੋਰ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਘਰ ਦੀ ਭੰਨਤੋੜ ਕੀਤੀ, ਸਾਮਾਨ ਖਿੱਲਰਿਆ ਮਿਲਿਆ

ਘਟਨਾ ਵਾਲੀ ਥਾਂ ਨੂੰ ਦੇਖ ਕੇ ਜਾਪਦਾ ਹੈ ਕਿ ਹਮਲਾਵਰਾਂ ਨੇ ਪਰਿਵਾਰ ਦਾ ਕਤਲ ਕਰਨ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘਰ ‘ਚ ਪਿਆ ਕਾਫੀ ਸਾਮਾਨ ਅਤੇ ਕੱਪੜੇ ਖਿਲਾਰ ਦਿੱਤੇ। ਪੁਲਿਸ ਨੂੰ ਤੀਹਰੇ ਕਤਲ ਪਿੱਛੇ ਪੁਰਾਣੀ ਦੁਸ਼ਮਣੀ ਦਾ ਸ਼ੱਕ ਹੈ।

ਹਮਲਾਵਰ ਖਿੜਕੀ ਰਾਹੀਂ ਦਾਖਲ ਹੋਏ

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੁਲਦੀਪ ਸਿੰਘ ਦੇ ਘਰ ਵਾਟਰ ਸਪਲਾਈ ਆਦਿ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਲੇਬਰ ਲੱਗੀ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਕਿਸੇ ਜਾਣ ਪਛਾਣ ਵਾਲੇ ਨੇ ਰੇਕੀ ਕੀਤੀ ਹੈ। ਇਸ ਤੋਂ ਬਾਅਦ ਹਮਲਾਵਰ ਖਿੜਕੀ ਰਾਹੀਂ ਘਰ ਅੰਦਰ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਲੇਬਰ ਕਿਸ ਸਮੇਂ ਘਰ ਆਈ ਅਤੇ ਕਦੋਂ ਘਰ ਤੋਂ ਗਈ ਸੀ । ਉੱਥੇ ਹੀ, ਘਰ ਦੇ ਕੋਲ ਇੱਕ ਪੌੜੀ ਵੀ ਮਿਲੀ ਹੈ। ਸ਼ੱਕ ਹੈ ਕਿ ਹਮਲਾਵਰ ਇਸ ਪੌੜੀ ਰਾਹੀਂ ਅੰਦਰ ਦਾਖ਼ਲ ਹੋਏ ਸਨ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੁੱਤੇ ਪਏ ਪਰਿਵਾਰ ‘ਤੇ ਹਮਲਾ ਹੋਇਆ ਹੈ। ਫਿਲਹਾਲ ਤਿੰਨੋਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰਾ ਮਾਮਲਾ ਸਪੱਸ਼ਟ ਹੋਵੇਗਾ।

ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸਨ ਪਰ ਪੁਲਿਸ ਨੂੰ ਮ੍ਰਿਤਕ ਦੇ ਮੋਬਾਈਲ ਮਿਲੇ ਹਨ। ਪੁਲਿਸ ਇਨ੍ਹਾਂ ਮੋਬਾਈਲਾਂ ’ਤੇ ਤਕਨੀਕੀ ਤੌਰ ’ਤੇ ਕੰਮ ਕਰ ਰਹੀ ਹੈ। ਪੁਲਿਸ ਕਮਿਸ਼ਨਰ ਅਨੁਸਾਰ ਕਈ ਥਿਊਰੀਆਂ ’ਤੇ ਕੰਮ ਚੱਲ ਰਿਹਾ ਹੈ। ਇਲਾਕੇ ਦੇ ਹੋਰ ਵੀ ਕਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੇਵਾਮੁਕਤ ਏਐਸਆਈ ਦੀ ਲਾਸ਼ ਘਰ ਦੀ ਲਾਬੀ ਵਿੱਚ ਫਰਸ਼ ’ਤੇ ਪਈ ਮਿਲੀ। ਪਰਮਜੀਤ ਕੌਰ ਅਤੇ ਗੁਰਵਿੰਦਰ ਸਿੰਘ ਮੰਜੇ ’ਤੇ ਮਰੇ ਪਏ ਸਨ। ਹਮਲਾਵਰਾਂ ਨੇ ਸਿਰ ਅਤੇ ਚਿਹਰੇ ‘ਤੇ ਸੱਟਾਂ ਮਾਰੀਆਂ ਹਨ। ਸਭ ਤੋਂ ਵੱਧ ਸੱਟਾਂ ਉਨ੍ਹਾਂ ਦੇ ਚਿਹਰਿਆਂ ‘ਤੇ ਲੱਗੀਆਂ ਹਨ। ਹਮਲਾਵਰਾਂ ਨੇ ਤਿੰਨਾਂ ਦਾ ਦਰਦਨਾਕ ਢੰਗ ਨਾਲ ਕਤਲ ਕਰ ਦਿੱਤਾ ਹੈ।
ਮਰਨ ਵਾਲੇ ਤਿੰਨਾਂ ਦੀਆਂ ਲਾਸ਼ਾਂ ਦਾ ਖੂਨ ਸੁੱਕ ਗਿਆ ਸੀ ਅਤੇ ਲਾਸ਼ਾਂ ਸੜਨ ਲੱਗ ਪਈਆਂ ਸਨ। ਪੁਲਿਸ ਨੂੰ ਸ਼ੱਕ ਹੈ ਕਿ 24 ਘੰਟੇ ਪਹਿਲਾਂ ਉਸ ਦਾ ਕਤਲ ਕੀਤਾ ਗਿਆ ਸੀ। ਪੁਲਿਸ ਨੂੰ ਘਰ ਵਿੱਚ ਕੰਮ ਕਰ ਰਹੀ ਲੇਬਰ ‘ਤੇ ਸ਼ੱਕ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਘਰ ਦੇ ਮੁੱਖ ਦਰਵਾਜ਼ੇ ਨੂੰ ਅੰਦਰੋਂ ਬੰਦ ਕਰ ਦਿੱਤਾ ਅਤੇ ਕਤਲ ਕਰਨ ਤੋਂ ਬਾਅਦ ਖਿੜਕੀ ਰਾਹੀਂ ਫਰਾਰ ਹੋ ਗਏ।

ਦੁੱਧ ਵਾਲਾ ਰੋਜ਼ਾਨਾ ਦੀ ਤਰ੍ਹਾਂ ਮ੍ਰਿਤਕ ਕੁਲਦੀਪ ਸਿੰਘ ਦੇ ਘਰ ਆਇਆ। ਦੁੱਧ ਵਾਲੇ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਰੋਜ਼ਾਨਾ ਵਾਂਗ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਉਹ ਚਲਾ ਗਿਆ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਲਦੀ ਹੀ ਮਾਮਲੇ ਦੀ ਗੁੱਥੀ ਸੁਲਝਾ ਲਈ ਜਾਵੇਗੀ।