Khalas Tv Special Punjab

ਕੋਠਿਆਂ ‘ਤੇ ਫੋਟੋਆਂ ਲਾਉਣ ਵਾਲਾ ਕਰੇ ਪ੍ਰਚਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦਾ ਸੰਕਟ ਚਾਹੇ ਉੱਪਰੋਂ ਹੱਲ ਹੁੰਦਾ ਉਦੋਂ ਨਜ਼ਰ ਆਇਆ ਜਦੋਂ ਪਾਰਟੀ ਹਾਈਕਮਾਂਡ ਨੇ ਕਈ ਵੱਡੇ ਚਿਹਰਿਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਸਨ। ਪਰ ਕੱਲ੍ਹ ਕੈਂਪੇਨ ਕਮੇਟੀ ਦੀ ਹੋਈ ਮੀਟਿੰਗ ਵਿੱਚ ਏਕੇ ਦਾ ਭਾਂਡਾ ਫੁੱਟ ਗਿਆ। ਕੈਂਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਮੀਟਿੰਗ ਦੌਰਾਨ ਪੱਤਾ ਹੀ ਅਜਿਹਾ ਸੁੱਟਿਆ ਕਿ ਖਿਡਾਰੀ ਸੰਭਲ ਨਾ ਸਕੇ। ਇੰਝ ਲੱਗਦਾ ਸੀ ਕਿ ਜਿਵੇਂ ਸੁਨੀਲ ਜਾਖੜ ਖਿਲਾਰਾ ਸਮੇਟਣ ਦੀ ਥਾਂ ਘਰੋਂ ਮਿੱਥ ਕੇ ਆਏ ਹੋਣ। ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਦੇਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਜਾਖੜ ਦਾ ਪੱਤਾ ਥੱਲੇ ਨਾ ਡਿੱਗਣ ਦਿੱਤਾ।

ਸੂਤਰ ਦੱਸਦੇ ਹਨ ਕਿ ਮੀਟਿੰਗ ਦੇ ਸ਼ੁਰੂ ਵਿੱਚ ਹੀ ਸੁਨੀਲ ਜਾਖੜ ਨੇ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਵਿੱਚ ਚੋਣ ਰਣਨੀਤੀ ਦੀ ਗੱਲ ਛੇੜਦਿਆਂ ਹੀ ਇਹ ਪੁੱਛ ਲਿਆ ਕਿ ਚੋਣਾਂ ਚਿਹਰਿਆਂ ‘ਤੇ ਲੜੀਆਂ ਜਾਣਗੀਆਂ ਜਾਂ ਮੁੱਦਿਆਂ ‘ਤੇ। ਨਵਜੋਤ ਸਿੰਘ ਸਿੱਧੂ ਹਮੇਸ਼ਾ ਦੀ ਤਰ੍ਹਾਂ ਛੱਕਾ ਮਾਰ ਗਏ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਲਏ ਤੋਂ ਬਗੈਰ ਕਹਿ ਦਿੱਤਾ ਕਿ ਜਿਸ ਦੀਆਂ ਫੋਟੋਆਂ ਕੋਠਿਆਂ ‘ਤੇ ਲੱਗੀਆਂ ਹੋਈਆਂ ਹਨ, ਚੋਣ ਪ੍ਰਚਾਰ ਵੀ ਉਹੀ ਕਰੇਗਾ। ਉਸਨੇ ਇਹ ਵੀ ਕਹਿ ਦਿੱਤਾ ਕਿ ਜਿਸਨੇ ਪਿੰਡਾਂ ਦੇ ਕੋਠਿਆਂ ਦੀਆਂ ਛੱਤਾ ਨੂੰ ਹੈਲੀਪੈਡ ਬਣਾ ਕੇ ਰੱਖ ਦਿੱਤਾ, ਚਿਹਰਾ ਵੀ ਪ੍ਰਚਾਰ ਲ਼ਈ ਉਹ ਸਮਝਿਆ ਜਾਵੇ। ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਅਸਲ ਵਿੱਚ ਤਾਂ ਚੋਣ ਪ੍ਰਚਾਰ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਨੇ ਦੱਬਵੀਂ ਜ਼ੁਬਾਨ ਵਿੱਚ ਭਰੋਸਾ ਜਤਾਇਆ ਕਿ ਮੁੱਖ ਮੰਤਰੀ ਚੰਨੀ ਆਪਣੀ ਮਰਜ਼ੀ ਨਾਲ ਕੰਮ ਕਰ ਰਹੇ ਹਨ ਅਤੇ ਜਿੱਥੇ ਚਾਹੁੰਦੇ ਹਨ ਉਡਾਰੀ ਭਰ ਕੇ ਉੱਥੇ ਪਹੁੰਚ ਜਾਂਦੇ ਹਨ। ਜਿਹੜਾ ਬੰਦਾ ਆਪਣੀ ਮਰਜ਼ੀ ਦੇ ਐਲਾਨ ਕਰ ਰਿਹਾ ਹੈ, ਪ੍ਰਚਾਰ ਵੀ ਉਸੇ ਤੋਂ ਕਰਾ ਲਿਆ ਜਾਵੇ। ਦੱਸਣਯੋਗ ਹੈ ਕਿ ਇਨ੍ਹਾਂ ਵਿੱਚੋਂ ਅੱਧੀਆਂ ਗੱਲਾਂ ਉਦੋਂ ਹੋਈਆਂ ਜਦੋਂ ਚਰਨਜੀਤ ਸਿੰਘ ਚੰਨੀ ਮੀਟਿੰਗ ਵਿੱਚ ਮੌਜੂਦ ਸਨ ਅਤੇ ਬਾਕੀ ਦੀਆਂ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ।

ਕਾਂਗਰਸ ਦੇ ਸੂਤਰ ਦੱਸਦੇ ਹਨ ਕਿ ਕਰੀਬ ਤਿੰਨ ਘੰਟੇ ਚੱਲੀ ਮੀਟਿੰਗ ਵਿੱਚ ਚੋਣ ਪ੍ਰਚਾਰ ਨੂੰ ਲੈ ਕੇ ਕਿਸੇ ਸਿੱਟੇ ‘ਤੇ ਨਹੀਂ ਪੁੱਜਿਆ ਜਾ ਸਕਿਆ। ਜ਼ਿਆਦਾਤਾਰ ਆਗੂਆਂ ਦਾ ਕਹਿਣਾ ਸੀ ਕਿ ਰਾਹੁਲ ਗਾਂਧੀ ਦੇ ਰੋਡ ਮੈਪ ਅਨੁਸਾਰ ਕਾਂਗਰਸ ਦੇ ਸੰਯੁਕਤ ਚਿਹਰੇ ਨੂੰ ਸਾਹਮਣੇ ਰੱਖ ਕੇ ਚੋਣ ਰਣਨੀਤੀ ਤਿਆਰ ਕੀਤੀ ਜਾਵੇ। ਸੂਤਰ ਇਹ ਵੀ ਦੱਸਦੇ ਹਨ ਕਿ ਨਵਜੋਤ ਸਿੰਘ ਸਿੱਧੂ ਦੇ ਰੁਖ ਨੂੰ ਵੇਖਦੇ ਹੋਏ ਪਾਰਟੀ ਐੱਸਸੀ ਚਿਹਰੇ ‘ਤੇ ਖੇਡਣ ਤੋਂ ਡਰ ਰਹੀ ਹੈ। ਪਾਰਟੀ ਨੂੰ ਡਰ ਹੈ ਕਿ ਸਿੱਧੂ ਕਿਤੇ ਅੱਧ ਵਿਚਾਲੇ ਨਾ ਭੱਜ ਜਾਵੇ। ਪਾਰਟੀ ਹਾਈਕਮਾਂਡ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਪ੍ਰਚਾਰ ਕੇਂਦਰਿਤ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਦੂਜੇ ਪਾਸੇ ਚੰਨੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੇ ਖੱਪੇ ਨੂੰ ਪੂਰਨ ਲੱਗੇ ਹੋਏ ਹਨ। ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤ ਪੱਤਾ ਖੇਡਿਆ ਸੀ। ਪੰਜਾਬ ਤੋਂ ਬਿਨਾਂ ਦੂਜੇ ਰਾਜਾਂ ਵਿੱਚ ਵੀ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਪੱਛੜੇ ਵਰਗਾਂ ਨੂੰ ਅਹੁਦਿਆਂ ‘ਤੇ ਬਿਠਾ ਕੇ ਮਾਣ ਦੇ ਰਹੀ ਹੈ। ਪਰ ਪੰਜਾਬ ਵਿੱਚ ਪਏ ਖਿਲਾਰੇ ਤੋਂ ਬਾਅਦ ਪਾਰਟੀ ਦੁਚਿੱਤੀ ਵਿੱਚ ਪੈ ਗਈ ਹੈ ਅਤੇ ਸੰਯੁਕਤ ਚਿਹਰੇ ਦੀ ਗੱਲ ਕਰਨ ਲੱਗੀ ਹੈ।

ਕੈਂਪੇਨ ਕਮੇਟੀ ਦੀ ਮੀਟਿੰਗ ਵਿੱਚ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਹਰੇਕ ਫੈਸਲੇ ਨਾਲ ਸਹਿਮਤ ਹਨ। ਹਾਈਕਮਾਂਡ ਦੀਆਂ ਹਦਾਇਤਾਂ ਅਨੁਸਾਰ ਹੀ ਚੋਣ ਪ੍ਰਚਾਰ ਕੀਤਾ ਜਾਵੇਗਾ। ਨਵਜੋਤ ਸਿੰਘ ਸਿੱਧੂ ਇੱਥੇ ਵੀ ਨਾ ਟਲੇ ਅਤੇ ਉਨ੍ਹਾਂ ਨੇ ਕਹਿ ਦਿੱਤਾ ਕਿ ਸਰਕਾਰ ਨੇ ਜਿਹੜੇ ਰਿਸ਼ਤੇਦਾਰਾਂ ਨੂੰ ਚੇਅਰਮੈਨ ਜਾਂ ਹੋਰ ਅਹੁਦੇ ਦਿੱਤੇ ਹਨ, ਉਨ੍ਹਾਂ ਨੂੰ ਹਟਾਇਆ ਜਾਵੇ ਕਿਉਂਕਿ ਲੋਕ ਸਵਾਲ ਖੜੇ ਕਰ ਰਹੇ ਹਨ। ਉਨ੍ਹਾਂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਸਾਧਦਿਆਂ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਚਿੱਤ ਕਰ ਦਿੱਤਾ। ਇਸੇ ਦੌਰਾਨ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੈਨੀਫੈਸਟੋ ਕਮੇਟੀ ਦੀ ਮੀਟਿੰਗ ਸੱਦ ਲਈ ਹੈ। ਨਵਜੋਤ ਸਿੰਘ ਸਿੱਧੂ ਅੱਜ ਚੋਣ ਕਮੇਟੀ ਦੀ ਮੀਟਿੰਗ ਕਰਨਗੇ। ਇੱਕ ਪਾਸੇ ਚੋਣਾਂ ਨੂੰ ਲੈ ਕੇ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ, ਦੂਜੇ ਪਾਸੇ ਪੰਜਾਬ ਕਾਂਗਰਸ ਅੰਦਰੋਂ ਖਿੰਡਰਦੀ ਜਾ ਰਹੀ ਹੈ। ਪੰਜਾਬ ਲੋਕ ਕਾਂਗਰਸ ਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। ਸਮਝਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਨਰਾਜ਼ ਲੀਡਰ ਲੋਕ ਕਾਂਗਰਸ ਵੱਲ ਨੂੰ ਮੁਹਾਰਾਂ ਮੁੜਨ ਲੱਗੇ ਹਨ। ਕਾਂਗਰਸ ਵਿੱਚ ਵੱਡਾ ਖਿਲਾਰਾ ਇਸ ਕਰਕੇ ਪੈ ਰਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਕਿਸੇ ਹਲਕੇ ਵਿੱਚ ਇੱਕ ਉਮੀਦਵਾਰ ਨੂੰ ਥਾਪੜਾ ਦੇ ਕੇ ਆਉਂਦੇ ਹਨ ਤਾਂ ਨਵਜੋਤ ਸਿੰਘ ਸਿੱਧੂ ਉਸੇ ਹਲਕੇ ਵਿੱਚ ਦੂਜੇ ਉਮੀਦਵਾਰ ਨੂੰ ਭਰੋਸਾ ਦੇ ਕੇ ਆਉਂਦੇ ਹਨ। ਪੰਜਾਬ ਵਿੱਚ ਇੱਕ ਦਰਜਨ ਦੇ ਕਰੀਬ ਹਲਕਿਆਂ ਵਿੱਚ ਇਹੋ ਖਿਲਾਰਾ ਪਿਆ ਹੋਇਆ ਹੈ। ਬਾਹਰੋਂ ਇੱਕ ਨਜ਼ਰ ਆਉਂਦੀ ਪੰਜਾਬ ਕਾਂਗਰਸ ਅੰਦਰੋਂ ਤਿੜਕੀ ਪਈ ਹੈ। ਹੁਣ ਵੀ ਨਾ ਸੰਭਲੇ ਤਾਂ ਭਵਿੱਖ ਰੱਬ ਦੇ ਭਰੋਸੇ।