Khetibadi Punjab

ਪੰਜਾਬ ਸਰਕਾਰ ਦਾ ਰਵੱਈਆ ਕਿਸਾਨਾਂ ਪ੍ਰਤੀ ਵਿਤਕਰੇ ਵਾਲਾ – BKU (ਏਕਤਾ) ਡਕੌਂਦਾ

BKU (Ekta) Dakaunda, Punjab news, Punjab government

ਚੰਡੀਗੜ੍ਹ -ਪੰਜਾਬ ਸਰਕਾਰ ਹਰੇਕ ਮੁਹਾਜ਼ ਉੱਤੇ ਕਿਸਾਨੀ ਨਾਲ ਵਿਤਕਰਾ ਕਰ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ – ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਆਖੀ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਕੈਬਿਨਟ ਦੀ ਅਹਿਮ ਮੀਟਿੰਗ ਵਿੱਚ ਦੀਵਾਲੀ ਦੇ ਤੋਹਫ਼ੇ ਵੱਜੋ ਵਪਾਰੀ ਵਰਗ ਨੂੰ ਯਕਮੁਸ਼ਤ ਟੈਕਸ ਨਬੇੜਾ ਸਕੀਮ ਲਾਗੂ ਕਰਨ ਦਾ ਫ਼ੈਸਲਾ ਤਾਂ ਕਰ ਲਿਆ ਪਰ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਮੰਗ ਕਰਦੇ ਆ ਰਹੇ ਹਨ ਕੀ ਪੰਜਾਬ ਸਰਕਾਰ ਅਧੀਨ ਆਉਂਦੇ ਸਹਿਕਾਰੀ ਤੇ ਲੈਂਡਮਾਰਕ ਬੈਂਕਾਂ ਵਿੱਚ ਯਕਮੁਸ਼ਤ ਕਰਜ਼ਾ ਸਕੀਮ ਲਾਗੂ ਕੀਤੀ ਜਾਵੇ ਪਰ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਦੇ ਵਿੱਚ ਹਾਮੀ ਭਰਨ ਬਾਵਜੂਦ ਹਾਲੇ ਤੱਕ ਇਸ ਮੰਗ ਤੇ ਸਰਕਾਰ ਨੇ ਕੋਈ ਫ਼ੈਸਲਾ ਨਹੀਂ ਕੀਤਾ।

ਕਿਸਾਨ ਆਗੂਆਂ ਨੇ ਅੱਗੇ ਕਿਹਾ ਕੀ ਅਸੀਂ ਵਪਾਰੀ ਵਰਗ ਨੂੰ ਦਿੱਤੇ ਇਸ ਤੋਹਫ਼ੇ ਦਾ ਵਿਰੋਧ ਨੀ ਕਰਦੇ ਪਰ ਪੰਜਾਬ ਸਰਕਾਰ ਕਿਸਾਨਾਂ ਨਾਲ ਵਿਤਕਰਾ ਕਿਉਂ ਕਰ ਰਹੀ ਹੈ। ਜੇਕਰ ਟੈਕਸ ਡਿਫਾਲਟਰ ਹੋਏ ਵਪਾਰੀ ਦੇ ਯਕਮੁਸ਼ਤ ਟੈਕਸ ਭਰਨ ਨਾਲ ਸਰਕਾਰ ਦਾ ਮਾਲੀਆ ਵੱਧ ਸਕਦਾ ਤਾਂ ਯਕਮੁਸ਼ਤ ਕਰਜ਼ਾ ਸਕੀਮ ਨਾਲ ਵੀ ਮਾਲੀਆ ਵਧੇਗਾ। ਉਹਨਾਂ ਕਿਹਾ ਕਿ ਸਰਕਾਰ ਨੂੰ 2011 ਤੋ ਬੰਦ ਪਈ ਇਸ ਸਕੀਮ ਨੂੰ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕੀ ਪੰਜਾਬ ਸਰਕਾਰ ਪਰਾਲੀ ਦੇ ਮੁੱਦੇ ਤੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ।

ਪਿਛਲੇ 50 ਸਾਲਾਂ ਤੋਂ ਪਰਾਲੀ ਨੂੰ ਲੱਗਦੀ ਆ ਰਹੀ ਅੱਗ ਨੂੰ ਇੱਕ ਦਮ ਬੰਦ ਨੀ ਕੀਤਾ ਜਾ ਸਕਦਾ ਪੰਜਾਬ ਦੇ ਕਿਸਾਨ ਪਹਿਲਾਂ ਨਾਲੋਂ 40 ਫ਼ੀਸਦੀ ਅੱਗ ਲਾਉਣੋਂ ਘਟੇ ਨੇ ਆਉਣ ਵਾਲੇ ਸਮੇਂ ਵਿੱਚ ਹੋਰ ਘਟਣ ਦੀ ਉਮੀਦ ਹੈ ਬਾਕੀ ਵਾਤਾਵਰਨ ਪੱਖੀ ਆਪਣੀ ਸੁਹਿਰਦਤਾ ਦਿਖਾਉਂਦੇ ਹੋਏ ਕਿਸਾਨਾਂ ਨੇ ਇਸ ਵਾਰ ਰਿਕਾਰਡ 157000 ਅਰਜ਼ੀਆਂ ਪਰਾਲੀ ਨਿਬੇੜਨ ਵਾਲੇ ਸਬਸਿਡੀ ਅਧੀਨ ਆਉਂਦੇ ਸੰਦ ਲੈਣ ਲਈ ਦਿੱਤੀਆਂ ਪਰ ਇਹ ਸਰਕਾਰ ਦੀ ਨਾਲਾਇਕੀ ਹੈ ਜੋ ਸਿਰਫ਼ 24500 ਕਿਸਾਨਾਂ ਨੂੰ ਸਬਸਿਡੀ ਵਾਲੇ ਸੰਦ ਦੇ ਸਕੀ। ਕਰਜ਼ੇ ਦੀ ਮਾਰ ਝੱਲ ਰਹੀ ਕਿਸਾਨੀ ਤੇ ਇੱਕ ਦਮ ਵਿੱਤੀ ਬੋਝ ਪਾਉਣਾ ਕਿਸਾਨੀ ਲਈ ਘਾਤਕ ਸਾਬਤ ਹੋਵੇਗਾ ਸਾਡੀ ਜਥੇਬੰਦੀ ਕਦੇ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ।