Others

ਮੰਤਰੀ ਮੀਤ ਹੇਅਰ ਦਾ ਹੋਇਆ ਆਨੰਦ ਕਾਰਜ ! CM ਮਾਨ ਤੇ ਪ੍ਰਤਾਪ ਬਾਜਵਾ ਵੀ ਪਹੁੰਚੇ ! ਸਿਆਸੀ ਮਤਭੇਦ ਦਾ ਅਸਰ ਵਿਆਹ ‘ਤੇ ਇਸ ਤਰ੍ਹਾਂ ਨਜ਼ਰ ਆਇਆ

ਬਿਉਰੋ ਰਿਪੋਰਟ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਦਾ ਡਾਕਟਰ ਗੁਰਵੀਨ ਕੌਰ ਨਾਲ ਚੰਡੀਗੜ੍ਹ ਵਿੱਚ ਆਨੰਦ ਕਾਰਜ ਹੋ ਗਿਆ ਹੈ । ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਨਾਲ ਪਹੁੰਚੇ । ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਵੀ ਵਿਆਹ ਸਮਾਗਮ ਦਾ ਹਿੱਸਾ ਬਣੇ । ਹਾਲਾਂਕਿ ਸੀਐੱਮ ਮਾਨ ਅਤੇ ਬਾਜਵਾ ਇੱਕ ਫਰੇਮ ਵਿੱਚ ਨਜ਼ਰ ਨਹੀਂ ਆਏ,ਵਿਆਹ ਵਿੱਚ ਵੀ ਆਪਣੀ ਸਿਆਸੀ ਮਤਭੇਦ ਦਾ ਅਸਰ ਵਿਖਾਈ ਦਿੱਤਾ । ਪਰ ਦੱਸਿਆ ਜਾ ਰਿਹਾ ਹੈ ਕਿ ਬਾਜਵਾ ਕੁੜੀ ਵਾਲਿਆਂ ਵੱਲੋਂ ਸ਼ਾਮਲ ਹੋਏ । ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘x’ ‘ਤੇ ਤਸਵੀਰਾ ਸਾਂਝੀ ਕਰਦੇ ਹੋਏ ਲਿਖਿਆ ‘ਮੇਰੇ ਬੜੇ ਹੀ ਅਜ਼ੀਜ਼ ਸਰਦਾਰ ਭੁਪਿੰਦਰ ਸਿੰਘ ਬਾਜਵਾ ਜੀ ਦੀ ਸਪੁੱਤਰੀ ਦੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ’। ਪ੍ਰਤਾਪ ਸਿੰਘ ਬਾਜਵਾ ਦੇ ਵਧਾਈ ਦੇ ਸੁਨੇਹੇ ਵਿੱਚ ਕਿਧਰੇ ਵੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਜ਼ਿਕਰ ਨਹੀਂ ਸੀ । ਹਾਲਾਂਕਿ ਉਹ ਜੋੜੇ ਦੇ ਨਾਲ ਇੱਕ ਫਰੇਮ ਵਿੱਚ ਨਜ਼ਰ ਜ਼ਰੂਰ ਆਏ ।

 

ਨਵੇਂ ਜੋੜੇ ਨੂੰ ਵਧਾਈ ਦੇਣ ਦੇ ਲਈ ਕੈਬਨਿਟ ਦੇ ਤਕਰੀਬਨ ਸਾਰੇ ਹੀ ਮੰਤਰੀ ਪਹੁੰਚੇ ਸਨ । ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਲਾਲਜੀਤ ਸਿੰਘ ਭੁੱਲਰ,ਬ੍ਰਹਮ ਸ਼ੰਕਰ ਜਿੰਪਾ ਵੀ ਤਸਵੀਰਾਂ ਵਿੱਚ ਨਜ਼ਰ ਆਏ । ਵਿਆਹ ਤੋਂ ਬਾਅਦ 8 ਨਵੰਬਰ ਨੂੰ ਚੰਡੀਗੜ੍ਹ ਵਿੱਚ ਰੀਸੈਪਸ਼ਨ ਦਾ ਪ੍ਰੋਗਰਾਮ ਹੈ ਜਿਸ ਵਿੱਚ ਕਈ ਸਿਆਸਤਦਾਨਾਂ ਤੋਂ ਇਲਾਵਾ ਪ੍ਰੈਸ ਨੂੰ ਵੀ ਸੱਦਾ ਦਿੱਤਾ ਗਿਆ ਹੈ।

ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਪਤਨੀ ਗੁਰਵੀਨ ਕੌਰ ਮੇਰਠ ਦੇ ਗਾਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਧੀ ਹੈ । ਜਿੰਨਾਂ ਦੇ ਯੂਪੀ,ਉਤਰਾਖੰਡ,ਗੋਆ,ਮੁੰਬਈ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਰਿਜ਼ਾਰਟ ਅਤੇ 5 ਸਟਾਰ ਹੋਟਲ ਹਨ । ਗੁਰਵੀਨ ਕੌਰ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਬਤੌਰ ਰੇਡੀਓਲਾਜਿਸਟ ਦਾ ਕੰਮ ਕਰਦੀ ਹੈ । ਗੁਰਵੀਨ ਕੌਰ ਦੇ ਪਿਤਾ ਦਾ ਬੀਜੇਪੀ ਦੇ ਆਗੂਆਂ ਨਾਲ ਵੀ ਚੰਗੇ ਸਬੰਧ ਹਨ ।

ਵਿਆਹ ਵਿੱਚ ਕਈ VIP ਪਹੁੰਚੇ

ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾਕਟਰ ਗੁਰਵੀਨ ਦੇ ਵਿਆਹ ਵਿੱਚ ਕਈ VVIP ਪਹੁੰਚੇ । ਜਿਸ ਰਿਜ਼ਾਰਟ ਵਿੱਚ ਵਿਆਹ ਦਾ ਸਮਾਗਮ ਹੋਇਆ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੋਂ ਸਿਰਫ 2 ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਹੈ । ਇਸ ਤੋਂ ਪਹਿਲਾਂ ਮੇਰਠ ਵਿੱਚ ਜਦੋਂ ਮੀਤ ਹੇਅਰ ਦਾ ਸਗਾਈ ਸਮਾਗਮ ਹੋਇਆ ਸੀ ਤਾਂ 11 ਮੰਤਰੀ ਪਹੁੰਚੇ ਸਨ । ਇਸ ਦੌਰਾਨ ਦਿੱਲੀ,ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਵੱਖ-ਵੱਖ ਪਾਰਟੀਆਂ ਦੇ ਕਈ ਆਗੂ ਵੀ ਸਮਾਗਮ ਦਾ ਹਿੱਸਾ ਬਣੇ ਸਨ। ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਖਾਸ ਤੌਰ ‘ਤੇ ਸਗਾਈ ਦੌਰਾਨ ਦੋਵਾਂ ਨੂੰ ਵਧਾਈ ਦੇਣ ਲਈ ਪਹੁੰਚੇ ਸਨ ।